
ਕੁੱਲ 319086 ਵਿਦਿਆਰਥੀਆਂ ਵਿਚੋਂ 317728 ਵਿਦਿਆਰਥੀ ਹੋਏ ਪਾਸ
ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਪੰਜਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਪੰਜਵੀਂ ਜਮਾਤ ਵਿਚੋਂ ਸਿਲਵਰ ਵਾਟਿਕਾ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਜ਼ਿਲ੍ਹਾ ਮਾਨਸਾ ਦੀ ਵਿਦਿਆਰਥਣ ਸੁਖਮਨ ਕੌਰ ਸੌ ਫ਼ੀਸਦੀ ਅੰਕ ਲੈ ਕੇ ਪੰਜਾਬ ਭਰ ਵਿਚੋਂ ਪਹਿਲੇ ਸਥਾਨ 'ਤੇ ਰਹੀ ਹੈ। ਇਸ ਸਬੰਧੀ ਕੀਤੀ ਗਈ ਆਨਲਾਈਨ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਸ਼ਰਮਾ ਨੇ ਦੱਸਿਆ ਕਿ ਇਸ ਵਾਰ ਕੁੱਲ 319086 ਪ੍ਰੀਖਿਆਰਥੀ ਪ੍ਰੀਖਿਆ ਵਿਚ ਬੈਠੇ ਸਨ ਜਿਨ੍ਹਾਂ ’ਚੋਂ 317728 ਪ੍ਰੀਖਿਆਰਥੀ ਪਾਸ ਹੋਏ।
results
ਸਰਕਾਰੀ ਪ੍ਰਾਇਮਰੀ ਸਕੂਲ ਡੱਲਾ ਜ਼ਿਲ੍ਹਾ ਕਪੂਰਥਲਾ ਦੇ ਰਾਜਬੀਰ ਸਿੰਘ ਮੋਮੀ ਪੁੱਤਰ ਲਖਬੀਰ ਕੁਮਾਰ ਨੇ ਪੰਜਾਬ ਭਰ ਵਿਚੋਂ ਦੂਜਾ ਅਤੇ ਸਹਿਜਪ੍ਰੀਤ ਕੌਰ ਪੁੱਤਰੀ ਮੱਘਰ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਡੱਲਾ ਜ਼ਿਲ੍ਹਾ ਕਪੂਰਥਲਾ ਨੂੰ ਪੰਜਾਬ ਭਰ ਵਿਚੋਂ ਤੀਜਾ ਸਥਾਨ ਪ੍ਰਾਪਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਹਾਲਾਂਕਿ ਇਨ੍ਹਾਂ ਤਿੰਨਾਂ ਪ੍ਰੀਖਿਆਰਥੀਆਂ ਨੇ ਸੌ ਫੀਸਦੀ ਅੰਕ ਹਾਸਲ ਕੀਤੇ ਹਨ ਪ੍ਰੰਤੂ ਉਮਰ ਦੇ ਹਿਸਾਬ ਨਾਲ ਘੱਟ ਉਮਰ ਵਾਲੇ ਪ੍ਰੀਖਿਆਰਥੀ ਨੂੰ ਪਹਿਲਾ ਸਥਾਨ ਦਿੱਤਾ ਜਾਂਦਾ ਹੈ ਜਦਕਿ ਉਸ ਤੋਂ ਵਡੇਰੀ ਉਮਰ ਵਾਲੇ ਨੂੰ ਉਸ ਤੋਂ ਅਗਲੇ ਸਥਾਨ ਦਿੱਤੇ ਜਾਂਦੇ ਹਨ।
PSEB 12th Result
ਸ਼ਰਮਾ ਨੇ ਦੱਸਿਆ ਕਿ ਇਸ ਵਾਰ ਕੁੱਲ ਪਾਸ ਫੀਸਦੀ 99.57 ਰਹੀ ਹੈ ਜਦੋਂ ਕਿ ਪਿਛਲੇ ਸਾਲ ਇਹ 99.76 ਫੀਸਦੀ ਸਨ। ਉਨ੍ਹਾਂ ਦੱਸਿਆ ਕਿ ਇਸ ਸਾਲ 169126 ਲੜਕੇ ਇਸ ਪ੍ਰੀਖਿਆ ਵਿਚ ਬੈਠੇ ਸਨ ਜਿਨ੍ਹਾਂ ਵਿਚੋਂ 168321 ਪਾਸ ਹੋਏ ਅਤੇ ਇਨ੍ਹਾਂ ਦੀ ਪਾਸ ਫੀਸਦੀ 99.52 ਰਹੀ ਹੈ। ਦੂਜੇ ਪਾਸੇ ਇਸ ਵਾਰ ਕੁੱਲ 149942 ਲੜਕੀਆਂ ਇਸ ਪ੍ਰੀਖਿਆ ਵਿਚ ਬੈਠੀਆਂ ਸਨ ਜਿਨ੍ਹਾਂ ਵਿਚੋਂ 149389 ਪਾਸ ਹੋਣ ਵਿਚ ਕਾਮਯਾਬ ਰਹੀਆਂ। ਲੜਕੀਆਂ ਦੀ ਪਾਸ ਪ੍ਰਤੀਸ਼ਤ 99.63 ਫ਼ੀਸਦੀ ਰਹੀ। ਚੇਅਰਮੈਨ ਨੇ ਦੱਸਿਆ ਕਿ ਇਸ ਵਾਰ ਪਹਿਲੀ ਵਾਰ 18 ਟਰਾਂਸਜੈਂਡਰ ਇਸ ਪ੍ਰੀਖਿਆ ਵਿਚ ਬੈਠੇ ਅਤੇ ਸਾਰੇ ਹੀ ਪਾਸ ਹੋਏ। ਇਸ ਲਈ ਉਨ੍ਹਾਂ ਦੀ ਪਾਸ ਪ੍ਰਤੀਸ਼ਤ 100 ਫ਼ੀਸਦੀ ਰਹੀ ਹੈ।
5th class Result
ਉਨ੍ਹਾਂ ਦੱਸਿਆ ਕਿ ਐਫੀਲੀਏਟਿਡ ਸਕੂਲਾਂ ਦੇ ਪ੍ਰੀਖਿਆਰਥੀਆਂ ਦੀ ਗਿਣਤੀ 70631 ਸੀ ਜਿਨ੍ਹਾਂ ਵਿਚੋਂ 99.73 ਫ਼ੀਸਦੀ ਦੀ ਦਰ ਨਾਲ 70442 ਪਾਸ ਹੋਏ। ਐਸੋਸੀਏਟਿਡ ਸਕੂਲਾਂ ਦੇ 23232 ਵਿਚੋਂ 23123 ਪਾਸ ਹੋਣ ਵਿਚ ਕਾਮਯਾਬ ਰਹੇ ਅਤੇ ਇਨ੍ਹਾਂ ਦੀ ਪਾਸ ਫ਼ੀਸਦੀ 99.53 ਰਹੀ। ਸਰਕਾਰੀ ਸਕੂਲਾਂ ਦੇ ਪ੍ਰੀਖਿਆਰਥੀਆਂ ਦੀ ਕੁੱਲ ਗਿਣਤੀ 213432 ਸੀ ਜਿਸ ਵਿਚੋਂ 99.55 ਫ਼ੀਸਦੀ ਦੀ ਦਰ ਨਾਲ 212481 ਪ੍ਰੀਖਿਆਰਥੀ ਪਾਸ ਹੋਏ। ਏਡਿਡ ਸਕੂਲਾਂ ਦੇ ਕੁੱਲ 11791 ਪ੍ਰੀਖਿਆਰਥੀ ਇਸ ਪ੍ਰੀਖਿਆ ਵਿਚ ਬੈਠੇ ਜਿਨ੍ਹਾਂ ਵਿਚੋਂ 99.08 ਫੀਸਦ ਦੀ ਦਰ ਨਾਲ 11682 ਪ੍ਰੀਖਿਆਰਥੀ ਪਾਸ ਹੋਏ। ਚੇਅਰਮੈਨ ਨੇ ਦੱਸਿਆ ਕਿ ਇਸ ਪ੍ਰੀਖਿਆ ਦਾ ਨਤੀਜਾ ਭਲਕੇ 7 ਮਈ ਨੂੰ ਸਵੇਰੇ 10 ਵਜੇ ਸਿੱਖਿਆ ਬੋਰਡ ਦੀ ਵੈੱਬਸਾਈਟ ਉੱਤੇ ਪਾ ਦਿੱਤਾ ਜਾਵੇਗਾ ਜਿੱਥੋਂ ਆਮ ਜਨਤਾ ਇਹ ਨਤੀਜਾ ਵੇਖ ਸਕੇਗੀ।