
ਪੁਲਿਸ ਨੇ ਇਕ ਵਿਅਕਤੀ ਵਿਰੁਧ ਦਰਜ ਕੀਤਾ ਮਾਮਲਾ
ਗੁਰਦਾਸਪੁਰ : ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਭਾਵੇਂ ਪੰਜਾਬ ਸਰਕਾਰ ਨੇ ਪੂਰੀ ਤਰ੍ਹਾਂ ਸ਼ਿਕੰਜਾ ਕਸਿਆ ਹੋਇਆ, ਪਰ ਫਿਰ ਵੀ ਲੋਕ ਨਾਜਾਇਜ਼ ਮਾਈਨਿੰਗ ਕਰਨ ਤੋਂ ਬਾਜ਼ ਨਹੀਂ ਆਉਂਦੇ। ਅਜਿਹਾ ਹੀ ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਭੈਣੀ ਮੀਆਂ ਖਾਂ ਤੋਂ ਸਾਹਮਣੇ ਆਇਆ ਹੈ, ਜਿਥੇ ਕਿ ਬਿਆਸ ਦਰਿਆ ਦੇ ਕੰਢੇ 'ਤੇ ਨਾਜਾਇਜ਼ ਮਾਈਨਿੰਗ ਦਾ ਕੰਮ ਚੱਲ ਰਿਹਾ ਸੀ।
ਜਦੋਂ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਰੇਡ ਕੀਤਾ ਤਾਂ ਉਥੋਂ ਇਕ ਜੇ.ਸੀ.ਬੀ., ਇਕ ਟ੍ਰੈਕਟਰ ਟਰਾਲੀ ਅਤੇ ਇਕ ਮੋਟਰਸਾਈਕਲ ਨੂੰ ਕਬਜ਼ੇ 'ਚ ਲਿਆ। ਨਾਜਾਇਜ਼ ਮਾਈਨਿੰਗ ਕਰਨ ਵਾਲਾ ਵਿਅਕਤੀ ਪੁਲਿਸ ਨੂੰ ਦੇਖ ਕੇ ਮੌਕੇ ਤੋਂ ਫ਼ਰਾਰ ਹੋ ਗਏ। ਇਹ ਸਾਰੀ ਜਾਣਕਾਰੀ ਜਾਂਚ ਕਰ ਰਹੇ ਅਧਿਕਾਰੀ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਮੀਡੀਆ ਨਾਲ ਸਾਂਝੀ ਕੀਤੀ।
ਇਹ ਵੀ ਪੜ੍ਹੋ: ਡਾ.ਐਸ.ਪੀ. ਸਿੰਘ ਉਬਰਾਏ ਦੇ ਯਤਨਾਂ ਸਦਕਾ ਬਜ਼ੁਰਗ ਮਾਪਿਆਂ ਦੇ ਲਾਡਲੇ ਪੁੱਤ ਦੀ ਦੇਹ ਪਹੁੰਚੀ ਭਾਰਤ
ਉਨ੍ਹਾਂ ਦਸਿਆ ਕਿ ਬਿਆਸ ਦਰਿਆ ਦੇ ਕੰਡੇ 'ਤੇ ਹੋ ਰਹੀ ਨਾਜਾਇਜ਼ ਮਾਈਨਿੰਗ ਬਾਰੇ ਜਾਣਕਾਰੀ ਮਿਲੀ ਸੀ ਜਿਸ 'ਤੇ ਪੁਲਿਸ ਪਾਰਟੀ ਨੇ ਰੇਡ ਕੀਤੀ ਅਤੇ ਜਾਣਕਾਰੀ ਦਰੁਸਤ ਪਾਈ ਗਈ। ਪੁਲਿਸ ਨੂੰ ਦੇਖਿਆ ਹੀ ਮਾਈਨਿੰਗ ਕਰ ਰਹੇ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਏ। ਉਥੋਂ ਅਸੀ ਜੇ.ਸੀ.ਬੀ. ਟ੍ਰੈਕਟਰ ਟਰਾਲੀ ਨੂੰ ਕਬਜ਼ੇ 'ਚ ਲਿਆ।
ਜਾਂਚ ਅਧਿਕਾਰੀ ਨੇ ਦਸਿਆ ਕਿ ਇਕ ਮੋਟਰਸਾਈਕਲ ਵੀ ਸ਼ੱਕ ਦੇ ਆਧਾਰ 'ਤੇ ਲਿਆਂਦਾ ਸੀ ਜੋ ਕਿਸੇ ਦੇ ਖੇਤਾਂ 'ਚ ਲੱਗਾ ਸੀ। ਉਨ੍ਹਾਂ ਦਸਿਆ ਕਿ ਮਾਈਨਿੰਗ ਵਿਭਾਗ ਦੀ ਟੀਮ ਵੀ ਪਹੁੰਚੀ ਸੀ ਉਨ੍ਹਾਂ ਵਲੋਂ ਵੀ ਲਿਖ਼ਤੀ ਦਰਖ਼ਾਸਤ ਦਿਤੀ ਗਈ ਸੀ।ਜਿਸ ਦੇ ਆਧਾਰ 'ਤੇ ਇਕ ਵਿਅਕਤੀ ਨੂੰ ਨਾਮਜ਼ਦ ਕਰ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ ਦੀ ਤਫ਼ਤੀਸ਼ ਜਾਰੀ ਹੈ ਜੇ ਕੁਝ ਹੋਰ ਸਾਹਮਣੇ ਆਇਆ ਤਾਂ ਬਣਦੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।