
ਕਿਹਾ, ਅਸੀਂ ਤਾਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਜੰਗ ਨਾ ਲੱਗੇ
22 ਅਪ੍ਰੈਲ 2025 ਨੂੰ ਪਹਿਲਗਾਮ ਵਿਚ ਅੱਤਵਾਦੀਆਂ ਨੇ ਬੇਕਸੂਰ ਲੋਕਾਂ ’ਤੇ ਹਮਲਾ ਕਰ ਦਿਤਾ ਸੀ। ਜਿਸ ਵਿਚ 26 ਲੋਕਾਂ ਦੀ ਮੌਤ ਹੋ ਗਈ ਸੀ ਤੇ ਕਈ ਲੋਕ ਜ਼ਖ਼ਮੀ ਵੀ ਹੋਏ ਸਨ। ਜਿਸ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚ ਜੰਗ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਦੋਵੇਂ ਮੁਲਕਾਂ ’ਚ ਜੰਗ ਹੋਣ ਦੇ ਮਾਹੌਲ ਵਿਚ ਰੋਜ਼ਾਨਾ ਸਪੋਕਸਮੈਨ ਦੀ ਟੀਮ ਨੇ ਸਰਹੱਦ ਨੇੜੇ ਦੇ ਪਿੰਡ ਵਿਚ ਜਾ ਕੇ ਉਥੋਂ ਦਾ ਹਾਲ ਜਾਨਣ ਦੀ ਕੋਸ਼ਿਸ਼ ਕੀਤੀ।
ਸਰਹੱਦੀ ਪਿੰਡ ਜਲਾਲਾਬਾਦ ਦੇ ਮੌਜੂਦਾ ਸਰਪੰਚ ਅਮਰੀਕ ਸਿੰਘ ਨੇ ਕਿਹਾ ਕਿ ਹਾਲੇ ਤਾਂ ਇਥੇ ਸਥਿਤੀ ਠੀਕ ਹੈ। ਬਸ ਪ੍ਰਸ਼ਾਸਨ ਵਲੋਂ ਸਾਨੂੰ ਕਿਹਾ ਗਿਆ ਹੈ ਕਿ ਨਾੜ ਨੂੰ ਅੱਗ ਨਾ ਲਗਾਈ ਜਾਵੇ ਤੇ ਜ਼ਮੀਨਾਂ ਵਿਚ ਪਾਣੀ ਨਾ ਛਡਿਆ ਜਾਵੇ। ਜੇ ਅਸੀਂ ਕੰਡਾ ਤਾਰ ਦੀ ਗੱਲ ਕਰੀਏ ਤਾਂ ਬਾਰਡਰ ਸੀਲ ਕੀਤੇ ਗਏ ਹਨ। ਅੱਗੇ ਦੀ ਫ਼ਸਲ ਦੀ ਬੀਜਾਈ ਲਈ ਵੀ ਰੋਕਿਆ ਗਿਆ ਹੈ। ਸਾਡੇ ਇਲਾਕੇ ਵਿਚ ਜੰਗ ਤੋਂ ਕੋਈ ਨਹੀਂ ਡਰਿਆ ਹੋਇਆ ਸਾਰੇ ਪਾਕਿਸਤਾਨ ਨਾਲ ਲੜਨ ਲਈ ਤਿਆਰ ਹਨ।
ਜੇ ਜੰਗ ਲਗਦੀ ਹੈ ਤਾਂ ਅਸੀਂ ਵੀ ਲੜਾਂਗੇ। ਪਿੰਡ ਦੇ ਇਕ ਹੋਰ ਵਿਅਕਤੀ ਨੇ ਕਿਹਾ ਕਿ ਬਾਰਡਰ ਪਾਰ ਤੋਂ ਸਾਡੀ ਸਾਰੀ ਫ਼ਸਲ ਕੱਟੀ ਗਈ ਹੈ ਤੇ ਅਸੀਂ ਹੁਣ ਵੇਹਲੇ ਹਨ। ਬਾਰਡਰ ਦੇ 300 ਮੀਟਰ ਦੇ ਏਰੀਏ ਅੰਦਰ ਜਾਣ ਤੋਂ ਮਨਾਈ ਕੀਤੀ ਗਈ ਹੈ। ਜੇ ਲੜਾਈ ਲਗਦੀ ਹੈ ਤਾਂ ਜੋ ਪ੍ਰਸ਼ਾਸਨ ਦਾ ਹੁਕਮ ਹੋਵੇਗਾ ਅਸੀਂ ਉਦਾਂ ਹੀ ਕਰਾਂਗੇ। ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਲੜਾਈ ਨਹੀਂ ਹੋਣੀ ਚਾਹੀਦੀ।
ਲੜਾਈ ਨਾਲ ਦੇਸ਼ ਦਾ ਨੁਕਸਾਨ ਤਾਂ ਹੋਵੇਗਾ ਹੀ ਨਾਲ ਜਾਨੀ ਮਾਲੀ ਨੁਕਸਾਨ ਵੀ ਹੋਵੇਗਾ। ਬਾਰਡਰ ਨੇੜੇ ਦੇ ਪਿੰਡ ਤਾਂ ਪਹਿਲਾਂ ਹੀ ਮਾੜੇ ਹਾਲਾਤਾਂ ’ਚ ਹੈ ਪਹਿਲਾਂ ਪਾਣੀ ਨੇ ਮਾਰ ਮਾਰੀ, ਜੇ ਹੁਣ ਲੜਾਈ ਲਗਦੀ ਹੈ ਤਾਂ ਇਥੋਂ ਦੇ ਕਿਸਾਨਾਂ ਦੇ ਹਾਲਾਤ ਹੋਰ ਵੀ ਮਾੜੇ ਹੋ ਜਾਣਗੇ। ਪਿੰਡ ਦੇ ਇਕ ਹੋਰ ਵਿਅਕਤੀ ਨੇ ਕਿਹਾ ਕਿ ਪਹਿਲਾਂ ਤਾਂ ਅਸੀਂ ਜੰਗ ਚਾਹੁੰਦੇ ਨਹੀਂ, ਪਰ ਜੇ ਜੰਗ ਲਗਦੀ ਹੈ ਤਾਂ ਅਸੀਂ ਦੇਸ਼, ਪ੍ਰਸ਼ਾਸਨ ਤੇ ਫੌਜੀਆਂ ਨਾਲ ਖੜ੍ਹੇ ਹਨ। ਅਸੀਂ ਉਨ੍ਹਾਂ ਦੀ ਖਾਣ-ਪੀਣ ਜਾਂ ਕਿਸੇ ਵੀ ਤਰ੍ਹਾਂ ਦੀ ਮਦਦ ਕਰਾਂਗੇ।