
ਇਕ ਆਰ ਟੀ ਆਈ ਕਾਰਕੁਨ ਵਲੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪੰਜਾਬ ਭਰ 'ਚ ਚਲਾਈਆਂ ਜਾ ਰਹੀਆਂ 12 ਜ਼ਿਲ੍ਹਾ ਸਿਖਿਆ ਤੇ ਸਿਖਲਾਈ ਸੰਸਥਾਵਾਂ ਜਿਥੋਂ ...
ਕੋਟਕਪੂਰਾ: ਇਕ ਆਰ ਟੀ ਆਈ ਕਾਰਕੁਨ ਵਲੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪੰਜਾਬ ਭਰ 'ਚ ਚਲਾਈਆਂ ਜਾ ਰਹੀਆਂ 12 ਜ਼ਿਲ੍ਹਾ ਸਿਖਿਆ ਤੇ ਸਿਖਲਾਈ ਸੰਸਥਾਵਾਂ ਜਿਥੋਂ ਵਿਦਿਆਰਥੀ ਈ.ਟੀ.ਟੀ. ਕਰ ਕੇ ਅਧਿਆਪਕ ਬਣਦੇ ਹਨ ਤੇ ਅੱਗੋ ਇਨ੍ਹਾਂ ਅਧਿਆਪਕਾਂ ਨੇ ਹੀ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਜਾ ਕੇ ਬੱਚਿਆਂ ਨੂੰ ਵਿਦਿਆ ਦੇਣੀ ਹੁੰਦੀ ਹੈ, ਵਿਖੇ ਅਸਾਮੀਆਂ ਦੀ ਵੱਡੀ ਘਾਟ ਰੜਕ ਰਹੀ ਹੈ ਜਿਸ ਕਰ ਕੇ ਸਿਖਿਆਰਥੀਆਂ ਦੀ ਪੜ੍ਹਾਈ 'ਤੇ ਮਾੜਾ ਅਸਰ ਪੈ ਰਿਹਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਪੁਰਾਣੇ 12 ਜ਼ਿਲ੍ਹਿਆਂ ਜਿਨ੍ਹਾਂ 'ਚ ਫ਼ਰੀਦਕੋਟ, ਫ਼ਿਰੋਜ਼ਪੁਰ, ਬਠਿੰਡਾ, ਲੁਧਿਆਣਾ, ਪਟਿਆਲਾ, ਜਲੰਧਰ, ਅੰਮ੍ਰਿਤਸਰ, ਕਪੂਰਥਲਾ, ਗੁਰਦਾਸਪੁਰ, ਹੁਸ਼ਿਆਰਪੁਰ, ਸੰਗਰੂਰ ਅਤੇ ਰੋਪੜ ਸ਼ਾਮਲ ਹਨ, ਦੀਆਂ ਡਾਇਟਾਂ ਵਿਚ ਪ੍ਰਿੰਸੀਪਲਾਂ ਦੀਆਂ 12 ਅਸਾਮੀਆਂ 'ਚੋਂ 11 ਅਸਾਮੀਆਂ ਭਰੀਆਂ ਹਨ, ਜਦਕਿ ਇਕ ਖ਼ਾਲੀ ਹੈ ਪਰ ਸੀਨੀਅਰ ਲੈਕਚਰਾਂ ਦੀਆਂ 72 ਅਸਾਮੀਆਂ 'ਚੋਂ 8 ਅਪਣੀਆਂ ਸੇਵਾਵਾਂ ਦੇ ਰਹੇ ਹਨ। ਜਦਕਿ 64 ਸੀਨੀਅਰ ਲੈਕਚਰਾਂ ਦੀਆਂ ਅਸਾਮੀਆਂ ਖ਼ਾਲੀ ਪਈਆਂ ਹਨ, ਲੈਕਚਰਾਰਾਂ ਦੀਆਂ 128 ਅਸਾਮੀਆਂ 'ਚੋਂ 122 ਭਰੀਆਂ ਹਨ ਤੇ 46 ਖ਼ਾਲੀ ਪਈਆਂ ਹਨ।
ਸੁਪਰਡੈਂਟਾਂ ਦੀਆਂ 12 ਅਸਾਮੀਆਂ 'ਚੋਂ 6 ਭਰੀਆਂ ਹਨ ਜਦਕਿ 6 ਖ਼ਾਲੀ ਪਈਆਂ ਹਨ। ਸੀਨੀਅਰ ਸਹਾਇਕਾਂ ਦੀਆਂ 12 ਵਿਚੋਂ 9 ਅਸਾਮੀਆਂ ਭਰੀਆਂ ਹਨ ਤੇ ਤਿੰਨ ਖ਼ਾਲੀ ਹਨ ਜਦਕਿ ਕਲਰਕਾਂ ਦੀਆਂ 96 ਅਸਾਮੀਆਂ 'ਚੋਂ 43 ਹੀ ਭਰੀਆਂ ਹਨ ਅਤੇ 53 ਖ਼ਾਲੀ ਪਈਆਂ ਹਨ, ਵਰਕ ਐਕਸ ਟੀਚਰਾਂ ਦੀਆਂ 12 ਵਿਚੋਂ 3 ਅਸਾਮੀਆਂ ਹੀ ਭਰੀਆਂ ਹਨ ਜਦਕਿ 9 ਖ਼ਾਲੀ ਪਈਆਂ ਹਨ, ਲਾਇਬ੍ਰੇਰੀਅਨ ਸਿਰਫ਼ 5 ਥਾਵਾਂ 'ਤੇ ਹਨ ਅਤੇ 7 ਅਸਾਮੀਆਂ ਖ਼ਾਲੀ ਪਈਆਂ ਹਨ, ਟੈਕਨੀਸ਼ੀਅਨਾਂ ਦੀਆਂ 12 ਅਸਾਮੀਆਂ ਵਿਚੋਂ ਇਕ ਵੀ ਭਰੀ ਨਹੀਂ ਤੇ ਸਾਰੀਆਂ ਹੀ ਖ਼ਾਲੀ ਪਈਆਂ ਹਨ।
ਇਸੇ ਤਰ੍ਹਾਂ ਸਟੇਟਸ਼ੀਅਨ ਦੀਆਂ 12 ਦੀਆਂ ਅਸਾਮੀਆਂ ਵੀ ਖ਼ਾਲੀ ਹਨ, ਸਟੈਨੋ ਦੀਆਂ 12 'ਚੋਂ 8 ਡਾਇਟਾਂ 'ਚ ਸਟੈਨੋ ਕੰਮ ਕਰ ਰਹੇ ਹਨ, ਜਦਕਿ ਚਾਰ ਖ਼ਾਲੀ ਹਨ। ਐਸ. ਐੱਲ. ਏ. ਦੀਆਂ 24 ਅਸਾਮੀਆਂ ਵਿਚੋਂ 15 ਭਰੀਆਂ ਹਨ ਤੇ 9 ਖ਼ਾਲੀ ਪਈਆਂ ਹਨ। ਦਰਜਾ ਚਾਰ ਮੁਲਾਜ਼ਮਾਂ ਦੀਆਂ ਇਨ੍ਹਾਂ 12 ਡਾਇਟਾਂ 'ਚ 60 ਅਸਾਮੀਆਂ ਹਨ ਜਿਨ੍ਹਾਂ 'ਚੋਂ 23 ਭਰੀਆਂ ਹਨ ਅਤੇ 37 ਖ਼ਾਲੀ ਪਈਆਂ ਹਨ।
ਵਿੱਤ ਵਿਭਾਗ ਵਲੋਂ ਵੀ 516 ਅਸਾਮੀਆਂ ਵਿਚੋਂ 253 ਨੂੰ ਹੀ ਪ੍ਰਵਾਨਗੀ ਦਿਤੀ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ 12 ਡਾਇਟਾਂ ਤੋਂ ਇਲਾਵਾ ਨਵੇਂ ਬਣਾਏ ਗਏ ਪੰਜ ਜ਼ਿਲ੍ਹਿਆਂ ਸ੍ਰੀ ਮੁਕਤਸਰ ਸਾਹਿਬ, ਮਾਨਸਾ, ਫ਼ਤਹਿਗੜ੍ਹ• ਸਾਹਿਬ, ਮੋਗਾ ਅਤੇ ਨਵਾਂ ਸ਼ਹਿਰ ਵਿਖੇ ਵੀ ਜ਼ਿਲ੍ਹਾ ਤੇ ਸਿਖਿਆ ਸਿਖਲਾਈ ਸੰਸਥਾਵਾਂ ਬਣਾਈਆਂ ਸਨ।
ਹੈਰਾਨੀ ਵਾਲੀ ਗੱਲ ਹੈ ਕਿ ਮੋਗਾ ਅਤੇ ਨਵਾਂ ਸ਼ਹਿਰ ਦੀਆਂ ਡਾਇਟਾਂ ਅਜੇ ਤਕ ਚਾਲੂ ਹੀ ਨਹੀਂ ਹੋਈਆਂ, ਜਦਕਿ ਇੱਥੋਂ ਦੀਆਂ ਇਮਾਰਤਾਂ ਕਈ ਸਾਲਾਂ ਤੋਂ ਬਣੀਆਂ ਪਈਆਂ ਹਨ ਅਤੇ ਇਨ੍ਹਾਂ 'ਚ ਕਈ ਅਧਿਆਪਕ ਵੀ ਹਨ। ਜਦ ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨਾਲ ਜ਼ਿਲ੍ਹਾ ਸਿਖਿਆ 'ਤੇ ਸਿਖਲਾਈ ਸੰਸਥਾ 'ਚ ਸਟਾਫ਼ ਦੀ ਘਾਟ ਸਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਡਾਇਟ ਵਿਚ ਮੁਲਾਜ਼ਮਾਂ ਦੀ ਘਾਟ ਦਾ ਮਸਲਾ ਵਿਧਾਨ ਸਭਾ 'ਚ ਉਠਾਉਣਗੇ ਤੇ ਜੋ ਵੀ ਘਾਟਾਂ ਹਨ, ਉਹ ਪੂਰੀਆਂ ਕਰਵਾਈਆਂ ਜਾਣਗੀਆਂ।