
ਦੋ ਦਿਨ ਪਹਿਲਾਂ ਹੀ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਕੀਤਾ ਸੀ ਫ਼ਰੀਦਕੋਟ ਦੀ ਮਾਡਰਨ ਜੇਲ੍ਹ ਦਾ ਦੌਰਾ
ਫ਼ਰੀਦਕੋਟ - ਜੇਲ੍ਹਾਂ ਵਿਚੋਂ ਮੋਬਾਈਲ ਮਿਲਣ ਦਾ ਸਿਲਸਿਲਾ ਜਾਰੀ ਹੈ। ਅੱਜ ਫ਼ਰੀਦਕੋਟ ਦੀ ਮਾਡਰਨ ਜੇਲ੍ਹ ਦੀਆਂ ਵੱਖ-ਵੱਖ ਬੈਰਕਾਂ 'ਚ ਬੰਦ ਕੈਦੀਆਂ ਤੋਂ ਅੱਠ ਮੋਬਾਈਲ ਬਰਾਮਦ ਕੀਤੇ ਗਏ ਹਨ ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਤੇ ਪੰਜ ਹਵਾਲਾਤੀਆ ਤੇ ਤਿੰਨ ਕੈਦੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਹੀ ਜੇਲ੍ਹ ਮੰਤਰੀ ਹਰਜੋਤ ਬੈਂਸ ਵੱਲੋਂ ਫ਼ਰੀਦਕੋਟ ਦੀ ਮਾਡਰਨ ਜੇਲ੍ਹ ਦਾ ਦੌਰਾ ਕੀਤਾ ਗਿਆ ਸੀ ਤੇ ਇਹ ਬਿਆਨ ਦਿੱਤਾ ਗਿਆ ਸੀ ਕਿ ਜਲਦ ਪੰਜਾਬ ਦੀਆਂ ਜੇਲ੍ਹਾਂ ਨੂੰ ਮੋਬਾਈਲ ਮੁਕਤ ਕੀਤਾ ਜਾਵੇਗਾ, ਜਿਸ ਦੇ ਚੱਲਦੇ ਜੇਲ੍ਹ ਪ੍ਰਸ਼ਾਸ਼ਨ ਨੂੰ ਸਖ਼ਤੀ ਕਰਨ ਦੇ ਆਦੇਸ਼ ਦਿੱਤੇ ਸਨ ਪਰ ਇਸ ਦੇ ਬਾਵਜੂਦ ਵੀ ਜੇਲ੍ਹ ਵਿਚੋਂ ਮੋਬਾਈਲ ਮਿਲ ਰਹੇ ਹਨ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਲਖਵੀਰ ਸਿੰਘ ਨੇ ਕਿਹਾ ਕਿ ਜੇਲ੍ਹ ਅੰਦਰ ਚੱਲ ਰਹੇ ਸਰਚ ਅਭਿਆਨ ਦੌਰਾਨ ਤਿੰਨ ਕੈਦੀਆਂ ਅਤੇ ਪੰਜ ਹਵਾਲਾਤੀਆਂ ਤੋਂ ਇੱਕ-ਇੱਕ ਮੋਬਾਈਲ ਫ਼ੋਨ ਬਰਾਮਦ ਕੀਤਾ ਗਿਆ ਹੈ ਜਿਸ ਸਬੰਧੀ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਤੇ ਅੱਠ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿੰਨਾ ਨੂੰ ਜਲਦ ਪ੍ਰੋਡਕਸ਼ਨ ਵਰੰਟ 'ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ਕਿ ਇੰਨਾ ਕੈਦੀਆਂ ਤੱਕ ਜੇਲ੍ਹ ਅੰਦਰ ਮੋਬਾਈਲ ਫ਼ੋਨ ਕਿਵੇਂ ਪਹੁੰਚ ਰਹੇ ਹਨ।