
ਇਸ ਤੋਂ ਬਾਅਦ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਅਪਣੀ ਪ੍ਰਤੀਕਿਰਿਆ ਦਿੱਤੀ ਹੈ।
ਚੰਡੀਗੜ੍ਹ: ਸਾਕਾ ਨੀਲਾ ਤਾਰਾ ਦੀ ਬਰਸੀ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਕੌਮ ਦੇ ਨਾਮ ਦਿੱਤੇ ਗਏ ਸੰਦੇਸ਼ ਵਿਚ ਉਹਨਾਂ ਕਿਹਾ ਕਿ, ''ਅਸੀਂ ਲੋਕਾਂ ਵਾਂਗ ਲੁਕ ਛਿਪ ਕੇ ਨਹੀਂ ਸਗੋਂ ਸ਼ਰ੍ਹੇਆਮ ਨੌਜਵਾਨਾਂ ਨੂੰ ਮਾਡਰਨ ਹਥਿਆਰਾਂ ਦੀ ਸਿਖਲਾਈ ਦੇਵਾਂਗੇ''। ਉਹਨਾਂ ਦੇ ਇਸ ਬਿਆਨ ’ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਪ੍ਰਤੀਕਿਰਿਆ ਦਿੱਤੀ ਹੈ। ਰਾਜਾ ਵੜਿੰਗ ਨੇ ਸਵਾਲ ਕਰਦਿਆਂ ਕਿਹਾ ਕਿਹਾ ਕਿ ਜਥੇਦਾਰ ਜੀ ਸ਼ਾਂਤੀ ਦਾ ਸੰਦੇਸ਼ ਫੈਲਾਓ ਜੋ ਸਾਡਾ ਧਰਮ ਸਿਖਾਉਂਦਾ ਹੈ।
ਰਾਜਾ ਵੜਿੰਗ ਵੜਿੰਗ ਨੇ ਟਵੀਟ ਕਰਦਿਆਂ ਲਿਖਿਆ, “ਜਥੇਦਾਰ ਸਾਬ੍ਹ ਕੀ ਤੁਸੀਂ ਸਾਰਿਆਂ ਲਈ ਹਥਿਆਰਾਂ ਦੀ ਸਿਖਲਾਈ ਦੀ ਵਕਾਲਤ ਕਰ ਰਹੇ ਹੋ ਜਾਂ ਸਿਰਫ਼ ਸਿੱਖਾਂ ਲਈ? ਕੀ ਇਹ ਬਾਕੀਆਂ ਵਿਚ ਅਸੁਰੱਖਿਆ ਅਤੇ ਅਵਿਸ਼ਵਾਸ ਪੈਦਾ ਨਹੀਂ ਕਰੇਗਾ?”।
ਸ਼ੇਰ ਨੂੰ ਕਿਸੇ ਟਰੇਨਿੰਗ ਦੀ ਲੋੜ ਨਹੀਂ- ਰੰਧਾਵਾ
ਇਸ ਤੋਂ ਬਾਅਦ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਅਪਣੀ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਜਥੇਦਾਰ ਨੂੰ ਪੁੱਛਿਆ, “ਜਦੋਂ ਤੋਂ ਤੁਸੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਣੇ ਹੋ, ਉਦੋਂ ਤੋਂ ਲੈ ਕੇ ਹੁਣ ਤੱਕ ਕਿੰਨੀਆਂ ਧਰਮ ਪ੍ਰਚਾਰ ਕਮੇਟੀਆਂ ਬਣਾਈਆਂ ਗਈਆਂ? ਜੋ ਕਿ ਸਾਡੇ ਧਰਮ ਦਾ ਪ੍ਰਚਾਰ ਕਰ ਸਕਣ ਅਤੇ ਉਹਨਾਂ ਨੇ ਕਿਹੜੇ ਇਲਾਕਿਆ ਚ ਧਰਮ ਪ੍ਰਚਾਰ ਕੀਤਾ? ਕਿੰਨਿਆਂ ਨੂੰ ਗੁਰੂ ਘਰ ਨਾਲ ਜੋੜਿਆ ਅਤੇ ਕਿੰਨਿਆ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅੰਮ੍ਰਿਤਪਾਨ ਕੀਤਾ?”
ਉਹਨਾਂ ਕਿਹਾ ਜਥੇਦਾਰ ਸਾਬ੍ਹ, ਤੁਹਾਡਾ ਕੰਮ ਹੈ ਗੁਰੂ ਦਾ ਸਿੱਖ ਬਣਾਉਣਾ। ਜੋ ਗੁਰੂ ਦਾ ਸਿੱਖ ਬਣ ਗਿਆ, ਉਹ ਆਪਣੀ ਰੱਖਿਆ ਆਪ ਕਰ ਸਕਦਾ ਹੈ। ਜੇ ਗੁਰੂ ਸਾਹਿਬ ਨੇ ਸਿੰਘ ਸ਼ਬਦ ਲਗਾਇਆ ਹੈ ਤਾਂ ਸਿੰਘ ਦਾ ਮਤਲਬ ਸ਼ੇਰ ਹੈ ਅਤੇ ਸ਼ੇਰ ਨੂੰ ਕਿਸੇ ਟਰੇਨਿੰਗ ਦੀ ਲੋੜ ਨਹੀਂ।