
ਗਲਤ ਸੰਗਤ ਕਰਕੇ ਪਰਿਵਾਰ ਨੇ ਕੀਤਾ ਸੀ ਬੇਦਖ਼ਲ
ਮਾਨਸਾ - ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਦੋਸ਼ੀਆਂ ਦੇ ਚਿਹਰੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਪੁਲਿਸ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਕਤਲ ਦੀਆਂ ਤਾਰਾਂ ਤਰਨਤਾਰਨ ਨਾਲ ਵੀ ਜੁੜੀਆਂ ਦੱਸੀਆਂ ਜਾ ਰਹੀਆਂ ਹਨ। 8 ਸ਼ਾਰਪ ਸ਼ੂਟਰਾਂ ਵਿਚੋਂ ਇੱਕ ਚਿਹਰਾ ਤਰਨਤਾਰਨ ਦੇ ਪੱਟੀ ਇਲਾਕੇ ਦਾ ਹੈ। ਪੰਜਾਬ ਪੁਲਿਸ ਦੀ ਵਿਸ਼ੇਸ਼ ਟੀਮ ਨੇ ਸੋਮਵਾਰ ਨੂੰ ਉਸ ਦੇ ਘਰ ਛਾਪਾ ਮਾਰਿਆ। ਫਿਲਹਾਲ ਦੋਸ਼ੀ ਫਰਾਰ ਦੱਸਿਆ ਜਾ ਰਿਹਾ ਹੈ।
ਤਰਨਤਾਰਨ ਦੇ ਪੱਟੀ ਇਲਾਕੇ ਦੇ ਪਿੰਡ ਜੌੜਾ ਵਿਚ ਅੱਜ ਦੁਪਹਿਰ ਵੇਲੇ ਪੰਜਾਬ ਪੁਲਿਸ ਦੀ ਵਿਸ਼ੇਸ਼ ਟੀਮ ਨੇ ਛਾਪਾ ਮਾਰਿਆ। ਗੱਡੀਆਂ ਦਾ ਕਾਫ਼ਲਾ ਸ਼ੂਟਰ ਜਗਰੂਪ ਸਿੰਘ ਉਰਫ਼ ਰੂਪਾ ਦੇ ਘਰ ਦੇ ਬਾਹਰ ਰੁਕ ਗਿਆ। ਪੁਲਿਸ ਨੇ ਘਰ ਦੀ ਤਲਾਸ਼ੀ ਲਈ ਅਤੇ ਪਰਿਵਾਰ ਤੋਂ ਪੁੱਛਗਿੱਛ ਕੀਤੀ। ਪਰਿਵਾਰ ਦਾ ਕਹਿਣਾ ਹੈ ਕਿ ਰੂਪਾ ਕਾਫੀ ਸਮੇਂ ਤੋਂ ਘਰੋਂ ਫਰਾਰ ਹੈ ਅਤੇ ਪਰਿਵਾਰ ਨਾਲ ਉਸ ਦਾ ਕੋਈ ਸੰਪਰਕ ਨਹੀਂ ਹੈ।
ਜਗਰੂਪ ਸਿੰਘ ਰੂਪਾ ਦਾ ਨਾਂ ਪੰਜਾਬ ਦੇ ਹਾਈ ਪ੍ਰੋਫਾਈਲ ਕਤਲ ਕਾਂਡ ਵਿਚ ਸਾਹਮਣੇ ਆਉਣ ਤੋਂ ਬਾਅਦ ਸਾਰਾ ਇਲਾਕਾ ਹੈਰਾਨ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਰੂਪਾ ਦਾ ਪਿਤਾ ਬਲਵਿੰਦਰ ਸਿੰਘ ਖੇਤੀਬਾੜੀ ਦਾ ਕੰਮ ਕਰਦਾ ਹੈ। ਹਾਲਾਂਕਿ ਪਹਿਲਾਂ ਉਹ ਟਰੱਕ ਡਰਾਈਵਰ ਸੀ ਪਰ ਉਸ ਦੇ ਦੂਸਰੇ ਲੜਕੇ ਰਣਜੋਤ ਸਿੰਘ ਜੋ ਫੌਜ 'ਚ ਹੈ ਉਸ ਦੇ ਕਹਿਣ ’ਤੇ ਬਲਵਿੰਦਰ ਸਿੰਘ ਨੇ ਡਰਾਈਵਰੀ ਦਾ ਪੇਸ਼ਾ ਛੱਡ ਦਿੱਤਾ। ਦੋ ਏਕੜ ਜ਼ਮੀਨ ਦੀ ਮਾਲਕੀ ਵਾਲੇ ਇਸ ਪਰਿਵਾਰ ਨਾਲ ਆਂਢੀਆਂ-ਗੁਆਂਢੀਆਂ ਦੀ ਵੀ ਬਹੁਤੀ ਬੋਲਚਾਲ ਨਹੀਂ ਹੈ।
ਪਿੰਡ ਤੋਂ ਪਤਾ ਲੱਗਾ ਕਿ ਜਗਰੂਪ ਸਿੰਘ ਰੂਪਾ 8-10 ਸਾਲ ਤੋਂ ਗੈਰ ਸਮਾਜਿਕ ਕੰਮਾਂ ਵਿਚ ਅਜਿਹਾ ਜੁੜਿਆ ਕਿ ਫਿਰ ਘਰ ਵਾਪਸੀ ਨਹੀਂ ਹੋਈ। ਪਰਿਵਾਰ ਨੇ ਦੱਸਿਆ ਕਿ ਜਗਰੂਪ ਕੁਝ ਸਮੇ ਤੋਂ ਕਾਫ਼ੀ ਨਸ਼ਿਆਂ ਦਾ ਆਦੀ ਹੋ ਗਿਆ ਸੀ ਤੇ ਉਹਨਾਂ ਨੇ ਪਰਿਵਾਰ ਤੋਂ ਬੇਦਖਲ ਕਰ ਦਿੱਤਾ ਸੀ। ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦਾ ਜਗਰੂਪ ਨਾਲ ਕੋਈ ਨਾਤਾ ਨਹੀ ਹੈ। ਪਰਿਵਾਰ ਨੇ ਕਿਹਾ ਅਗਰ ਉਹ ਇਸ ਕਤਲ ਕਾਂਡ ਵਿਚ ਹੈ ਤਾਂ ਉਸ ਉਪਰ ਕਾਰਵਾਈ ਕੀਤੀ ਜਾਵੇ।