
Punjab News: ਪੰਜਾਬ ਦੇ ਤਿੰਨੋਂ 'ਆਪ' ਸੰਸਦ ਮੈਂਬਰ ਚੰਗੇ ਬੁਲਾਰੇ ਹਨ, ਉਹ ਪੰਜਾਬ ਦੇ ਮੁੱਦਿਆਂ ਨੂੰ ਪਾਰਲੀਮੈਂਟ ਵਿੱਚ ਜ਼ੋਰਦਾਰ ਢੰਗ ਨਾਲ ਉਠਾਉਣਗੇ: ਮਾਨ
Punjab CM Bhagwant Mann holds meeting with the AAP MPs,: ਲੋਕ ਸਭਾ ਚੋਣਾਂ ਖ਼ਤਮ ਹੁੰਦੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁੜ ਐਕਸ਼ਨ ਮੋਡ ਵਿੱਚ ਵਾਪਸ ਆ ਗਏ ਹਨ। ਵੀਰਵਾਰ ਨੂੰ ਸੀਐਮ ਮਾਨ ਨੇ ਆਮ ਆਦਮੀ ਪਾਰਟੀ (ਆਪ) ਦੇ ਤਿੰਨ ਜੇਤੂ ਸੰਸਦ ਮੈਂਬਰਾਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ। ਮੁੱਖ ਮੰਤਰੀ ਭਗਵੰਤ ਮਾਨ ਨੇ ‘ਆਪ’ ਦੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਹੁਣ ਪਾਰਲੀਮੈਂਟ ਵਿੱਚ ਪੰਜਾਬ ਅਤੇ ਇੱਥੋਂ ਦੇ ਲੋਕਾਂ ਦੀ ਨੁਮਾਇੰਦਗੀ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੋਵੇਗੀ ਅਤੇ ਉਹ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ।
ਮੀਟਿੰਗ ਵਿੱਚ ਲੋਕ ਸਭਾ ਹਲਕਿਆਂ ਸੰਗਰੂਰ, ਹੁਸ਼ਿਆਰਪੁਰ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ‘ਆਪ’ ਵਿਧਾਇਕ ਅਤੇ ਚੇਅਰਮੈਨ ਵੀ ਸ਼ਾਮਲ ਹੋਏ। ਸੀਐਮ ਮਾਨ ਨੇ 'ਆਪ' ਦੇ ਸਾਰੇ ਆਗੂਆਂ ਨੂੰ ਲੋਕਾਂ ਲਈ ਕੰਮ ਕਰਨ ਦੀ ਹਦਾਇਤ ਦਿੱਤੀ। ਭਗਵੰਤ ਮਾਨ ਨੇ ਕਿਹਾ ਕਿ ਹੁਣ ਚੋਣਾਂ ਸਮਾਪਤ ਹੋ ਚੁੱਕੀਆਂ ਹਨ ਅਤੇ ‘ਆਪ’ ਆਗੂਆਂ ਨੂੰ ਜਨਤਾ ਦੇ ਸੇਵਕ ਵਜੋਂ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।
'ਆਪ' ਦੇ ਗੜ੍ਹ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਮੀਤ ਹੇਅਰ ਨੇ ਵੱਡੀ ਜਿੱਤ ਦਰਜ ਕੀਤੀ, ਜਦਕਿ ਡਾ.ਰਾਜ ਕੁਮਾਰ ਚੱਬੇਵਾਲ ਅਤੇ ਮਲਵਿੰਦਰ ਸਿੰਘ ਕੰਗ ਲੋਕ ਸਭਾ ਹਲਕਾ ਹੁਸ਼ਿਆਰਪੁਰ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ 'ਚ ਨੁਮਾਇੰਦਗੀ ਕਰਨਗੇ। ਮਾਨ ਨੇ ਕਿਹਾ ਕਿ ‘ਆਪ’ ਦੇ ਤਿੰਨੋਂ ਸੰਸਦ ਮੈਂਬਰ ਚੰਗੇ ਬੁਲਾਰੇ ਹਨ, ਉਹ ਪੰਜਾਬ ਦੇ ਮੁੱਦਿਆਂ ਨੂੰ ਪਾਰਲੀਮੈਂਟ ਵਿੱਚ ਜ਼ੋਰਦਾਰ ਢੰਗ ਨਾਲ ਉਠਾਉਣਗੇ।
ਮਾਨ ਨੇ ‘ਆਪ’ ਦੇ ਸੰਸਦ ਮੈਂਬਰਾਂ ਨੂੰ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣ ਦੀ ਹਦਾਇਤ ਦਿੰਦਿਆਂ ਕਿਹਾ ਕਿ ਉਹ ਪੰਜਾਬ ਦੀ ਨੁਮਾਇੰਦਗੀ ਕਰਨ ਜਾ ਰਹੇ ਹਨ, ਇਸ ਲਈ ਉਨ੍ਹਾਂ ਨੂੰ ਹਮੇਸ਼ਾ ਸੰਸਦ ਵਿੱਚ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਰਾਖੀ ਕਰਦੇ ਰਹਿਣ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਗਰੂਰ ਤੋਂ ਜੇਤੂ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਸੰਗਰੂਰ ‘ਆਪ’ ਦੀ ਰਾਜਧਾਨੀ ਹੈ ਅਤੇ ਹਮੇਸ਼ਾ ਰਹੇਗੀ। ਉਨ੍ਹਾਂ ਕਿਹਾ ਕਿ ਸੰਗਰੂਰ ਦੇ ਲੋਕਾਂ ਨੇ ਪੰਜਾਬ ਸਰਕਾਰ ਵਜੋਂ ਸਾਡੇ ਲੋਕ ਭਲਾਈ ਦੇ ਕੰਮਾਂ ਦਾ ਇਨਾਮ ਦੇਣ ਲਈ ਸਾਨੂੰ ਵੋਟਾਂ ਪਾਈਆਂ ਹਨ। ਅਸੀਂ ਲਗਾਤਾਰ ਲੋਕਾਂ ਦੀ ਸੇਵਾ ਕਰਦੇ ਰਹਾਂਗੇ।
ਮਲਵਿੰਦਰ ਸਿੰਘ ਕੰਗ ਨੇ ਆਪਣੀ ਜਿੱਤ ਦਾ ਸਿਹਰਾ ‘ਆਪ’ ਲੀਡਰਸ਼ਿਪ ਅਤੇ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਪਾਰਟੀ ਵਿੱਚ ਇੱਕ ਵਲੰਟੀਅਰ ਵਜੋਂ ਸ਼ਾਮਲ ਹੋਏ ਸਨ ਅਤੇ ਫਿਰ 2022 ਵਿੱਚ ਮਾਨ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਨੂੰ ਪੰਜਾਬ ਵਿੱਚ ਪਾਰਟੀ ਦੇ ਮੁੱਖ ਬੁਲਾਰੇ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਉਨ੍ਹਾਂ ਕਿਹਾ ਕਿ ‘ਆਪ’ ਵਿੱਚ ਹੀ ਇਹ ਸੰਭਵ ਹੈ ਕਿ ਕੋਈ ਵਲੰਟੀਅਰ ਵੀ ਐਮ.ਪੀ. ਬਣ ਸਕਦਾ ਹੈ।
ਡਾ.ਰਾਜ ਕੁਮਾਰ ਚੱਬੇਵਾਲ ਨੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਦੇ ਹਰ ਵਲੰਟੀਅਰ ਅਤੇ ਆਗੂ ਦੀ ਟੀਮ ਦੇ ਯਤਨਾਂ ਸਦਕਾ ਉਨ੍ਹਾਂ ਨੇ ਭਾਜਪਾ ਨੂੰ ਉਨ੍ਹਾਂ ਦੇ ਗੜ੍ਹ ਵਿੱਚ ਹਰਾਇਆ।