
ਟੂਟੀ 'ਤੇ ਪਾਣੀ ਭਰਨ ਗਈ ਮਹਿਲਾ ਬੇਹੋਸ਼ ਹੋ ਕੇ ਹੇਠਾਂ ਡਿੱਗ ਗਈ ,ਹੋਈ ਮੌਤ
Abohar News : ਅਬੋਹਰ 'ਚ ਭਿਆਨਕ ਗਰਮੀ ਨੇ ਇੱਕ ਔਰਤ ਦੀ ਜਾਨ ਲੈ ਲਈ ਹੈ ਪਰ ਮੌਤ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਦਰਅਸਲ 'ਚ ਸਥਾਨਕ ਢਾਣੀ ਮਸੀਤ 'ਚ ਪਾਣੀ ਭਰਨ ਲਈ ਟੂਟੀ 'ਤੇ ਗਈ ਇੱਕ ਔਰਤ ਬੇਹੋਸ਼ ਹੋ ਕੇ ਹੇਠਾਂ ਡਿੱਗ ਗਈ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਜਾਣਕਾਰੀ ਅਨੁਸਾਰ 48 ਸਾਲਾ ਸੁਰਜੀਤ ਕੌਰ ਦੇ ਪਤੀ ਨਛੱਤਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਉਹ ਸੁਰਜੀਤ ਕੌਰ ਨੂੰ ਘਰ ਬਿਲਕੁੱਲ ਠੀਕ ਠਾਕ ਛੱਡ ਕੇ ਕੰਮ ’ਤੇ ਗਿਆ ਸੀ। ਕੁਝ ਸਮੇਂ ਬਾਅਦ ਸੁਰਜੀਤ ਕੌਰ ਘਰ ਦੇ ਨੇੜੇ ਪਾਣੀ ਦੀ ਟੂਟੀ ਤੋਂ ਪਾਣੀ ਭਰ ਰਹੀ ਸੀ ਕਿ ਅਚਾਨਕ ਉਸ ਨੂੰ ਚੱਕਰ ਆ ਗਿਆ ਅਤੇ ਉਹ ਹੇਠਾਂ ਡਿੱਗ ਪਈ।
ਆਸ-ਪਾਸ ਦੇ ਲੋਕਾਂ ਨੇ ਇਸ ਬਾਰੇ ਉਸਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਉਹ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲੈ ਕੇ ਗਿਆ , ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਬਾਰੇ ਫਾਰਮਾਸਿਸਟ ਇੰਸਾਫ ਸ਼ਰਮਾ ਨੇ ਦੱਸਿਆ ਕਿ ਗਰਮੀ ਦੇ ਕਾਰਨ ਚੱਕਰ ਆਉਣ ਜਾਂ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋਈ ਹੋ ਸਕਦੀ ਹੈ। ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ ਪਰ ਪਰਿਵਾਰ ਵਾਲਿਆਂ ਨੇ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ, ਜਿਸ ਕਰਕੇ ਲਾਸ਼ ਪੋਸਟਮਾਰਟਮ ਤੋਂ ਬਿਨਾਂ ਹੀ ਵਾਰਸਾਂ ਨੂੰ ਸੌਂਪ ਦਿੱਤੀ ਗਈ।