ਜਾਣੋ ਜਥੇਦਾਰ ਗੜਗਜ ਦੀ ਨਿਯੁਕਤੀ ਤੋਂ ਬਾਅਦ ਕਿਸ-ਕਿਸ ਨੇ ਕੀਤਾ ਵਿਰੋਧ

By : JUJHAR

Published : Jun 6, 2025, 2:15 pm IST
Updated : Jun 6, 2025, 5:59 pm IST
SHARE ARTICLE
Know who protested after the appointment of Jathedar Gargaj
Know who protested after the appointment of Jathedar Gargaj

ਤੈਅ ਕੀਤੇ ਸਮੇਂ ਤੋਂ ਪਹਿਲਾਂ ਸੰਭਾਲਿਆ ਸੀ ਜਥੇਦਾਰ ਦਾ ਅਹੁਦਾ

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਲਾਏ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ 10 ਮਾਰਚ ਨੂੰ ਤੈਅ ਕੀਤੇ ਸਮੇਂ ਤੋਂ ਪਹਿਲਾਂ ਹੀ ਆਪਣਾ ਅਹੁਦਾ ਸੰਭਾਲ ਲਿਆ ਸੀ। ਜਿਸ ਤੋਂ ਬਾਅਦ ਪੰਥਕ ਹਲਕਿਆਂ ਵਿਚ ਉਨ੍ਹਾਂ ਦਾ ਵਿਰੋਧ ਸ਼ੁਰੂ ਹੋ ਗਿਆ ਸੀ। ਦਸ ਦਈਏ ਕਿ ਇਸ ਤੋਂ ਪਹਿਲਾਂ ਗਿਆਨੀ ਰਘਬੀਰ ਸਿੰਘ ਤੋਂ ਬਾਅਦ ਗਿਆਨੀ ਕੁਲਦੀਪ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਗਿਆ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਦੋ ਜਥੇਦਾਰਾਂ ਨੂੰ ਹਟਾਉਣ ’ਤੇ ਚੱਲ ਰਹੇ ਵਿਵਾਦ ਦੇ ਵਿਚਕਾਰ ਉਨ੍ਹਾਂ ਦੀ ਨਿਯੁਕਤੀ ਹੋਈ ਹੈ।  ਵੱਖ-ਵੱਖ ਨਿਹੰਗ ਸਮੂਹਾਂ ਨੇ ਵਿਰੋਧ ਕੀਤਾ ਅਤੇ ਕਿਹਾ ਕਿ ਖਾਲਸਾ ਪੰਥ ਉਨ੍ਹਾਂ ਨੂੰ ਕਦੇ ਵੀ ਸਵੀਕਾਰ ਨਹੀਂ ਕਰੇਗਾ।

ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਤਖ਼ਤ ਕੇਸਰਗੜ੍ਹ ਸਾਹਿਬ ਦਾ ਜਥੇਦਾਰ ਅਤੇ ਕਾਰਜਕਾਰੀ ਜਥੇਦਾਰ ਅਕਾਲ ਤਖ਼ਤ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਬਹੁਤ ਸਾਦਗੀ ਨਾਲ ਹੋਈ। ਇਸ ਦੇ ਨਾਲ ਧਾਰਮਿਕ ਰਸਮਾਂ ਅਤੇ ਸਿੱਖ ਭਾਈਚਾਰੇ ਦੇ ਵੱਡੇ ਆਗੂਆਂ ਦੀ ਗੈਰਹਾਜ਼ਰੀ ਸੀ। ਸਮਾਗਮ ਵਿਚ ਸ਼੍ਰੋਮਣੀ ਕਮੇਟੀ ਜਾਂ ਅਕਾਲੀ ਦਲ ਦਾ ਕੋਈ ਵੀ ਸੀਨੀਅਰ ਅਧਿਕਾਰੀ ਸ਼ਾਮਲ ਨਹੀਂ ਹੋਇਆ। ਆਮ ਤੌਰ ’ਤੇ ਇਹ ਅਧਿਕਾਰੀ ਅਜਿਹੇ ਮੌਕਿਆਂ ’ਤੇ ਮੌਜੂਦ ਹੁੰਦੇ ਹਨ। ਇਹ ਰਸਮ ਤੜਕੇ 2:30 ਵਜੇ ਤਖ਼ਤ ਕੇਸਗੜ੍ਹ ਸਾਹਿਬ ਵਿਖੇ ਚੁੱਪ-ਚਾਪ ਹੋਈ। ਅਕਾਲ ਤਖ਼ਤ ਵਿਖੇ ਨਿਯੁਕਤੀ ਸਮਾਰੋਹ ਬਾਅਦ ਸ਼ਾਮ ਨੂੰ ਸਾਦੇ ਢੰਗ ਨਾਲ ਹੋਇਆ।

ਗੁਰੂ ਸਾਹਿਬ ਦੀ ਹਜ਼ੂਰੀ ’ਚ ਜਥੇਦਾਰ ਦਾ ਵਿਰੋਧ

ਪਿਛਲੇ ਦਿਨੀਂ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਅਕਾਲ ਚਲਾਣਾ ਕਰ ਗਏ ਬੱਬਰ ਖ਼ਾਲਸਾ ਇੰਟਰਨੈਸ਼ਨਲ ਜਥੇਬੰਦੀ ਦੇ ਜਨਰਲ ਸਕੱਤਰ ਭਾਈ ਮਹਿਲ ਸਿੰਘ ਬੱਬਰ ਦੀ ਆਤਮਿਕ ਸ਼ਾਂਤੀ ਨਮਿੱਤ ਅੱਜ ਸਿੱਖ ਜਥੇਬੰਦੀਆਂ ਵਲੋਂ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਜੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਰਾਗੀ ਜਥਿਆਂ ਜਥੇ ਵਲੋਂ ਗੁਰਬਾਣੀ ਕੀਰਤਨ ਗਾਇਨ ਕੀਤੇ ਜਾਣ ਉਪਰੰਤ ਅਰਦਾਸ ਕੀਤੀ ਗਈ।

ਇਸ ਸਮਾਗਮ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵ ਨਿਯੁਕਤ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਅਖੰਡ ਕੀਰਤਨੀ ਜਥੇ ਦੇ ਮੁਖੀ ਜਥੇਦਾਰ ਬਖ਼ਸ਼ੀਸ਼ ਸਿੰਘ, ਭਾਈ ਭੁਪਿੰਦਰ ਸਿੰਘ ਭਲਵਾਨ ਜਰਮਨੀ ਪ੍ਰੋਫ਼ੈਸਰ ਬਲਜਿੰਦਰ ਸਿੰਘ ਤੇ ਬਾਪੂ ਗੁਰਚਰਨ ਸਿੰਘ ਪਟਿਆਲਾ ਹਵਾਰਾ ਕਮੇਟੀ, ਕਵਰਪਾਲ ਸਿੰਘ ਬਿੱਟੂ ਦਲ ਖ਼ਾਲਸਾ, ਭਾਈ ਮਹਾਵੀਰ ਸਿੰਘ ਸੁਲਤਾਨਵਿੰਡ ਸੁਖਦੇਵ ਸਿੰਘ ਬਾਬਾ ਸਮੇਤ ਹੋਰ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂ ਅਤੇ ਸੰਗਤਾਂ ਹਾਜ਼ਰ ਸਨ।  

ਇਸ ਮੌਕੇ ਇਕ ਬੜੀ ਅਜੀਬ ਜਿਹੀ ਘਟਨਾ ਵਾਪਰੀ ਜਦੋਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਇਕ ਵਿਅਕਤੀ ਨੂੰ ਸਿਰੋਪਾਓ ਦੇ ਰਹੇ ਸਨ ਤਾਂ ਸੰਗਤ ਵਿਚੋਂ ਅਕਾਲੀ ਦਲ ਮਾਨ ਦੇ ਆਗੂ ਜਰਨੈਲ ਸਿੰਘ ਸਖ਼ੀਰਾ ਉੱਠੇ ਅਤੇ ਉਨ੍ਹਾਂ ਜਥੇਦਾਰ ਨੂੰ ਸਿਰੋਪਾਓ ਦੇਣ ਤੋਂ ਰੋਕ ਦਿੱਤਾ ਤੇ ਕਿਹਾ ਕਿ ਸੰਗਤ ਉਨ੍ਹਾਂ ਨੂੰ ਜਥੇਦਾਰ ਹੀ ਨਹੀਂ ਮੰਨਦੀ। ਇਸ ਤੋਂ ਬਾਅਦ ਜਥੇਦਾਰ ਗੜਗੱਜ ਹੱਥ ਜੋੜ ਕੇ ਸੰਗਤ ਵਿਚ ਬੈਠ ਗਏ। 

ਜਾਣੋ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਜੱਥੇਦਾਰ ਨਿਯੁਕਤ ਕਰਨ ਤੋਂ ਬਾਅਦ ਕਿਸ-ਕਿਸ ਨੇ ਕੀਤਾ ਵਿਰੋਧ

ਦੱਸ ਦੇਈਏ ਕਿ ਪਿਛਲੇ ਸਮੇਂ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਵੀ ਲਾਇਆ ਹੈ। ਇਹ ਫ਼ੈਸਲਾ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ (ਸਾਬਕਾ) ਗਿਆਨੀ ਰਘਬੀਰ ਸਿੰਘ ਅਤੇ ਕੇਸਗੜ੍ਹ ਸਾਹਿਬ ਦੇ ਜਥੇਦਾਰ (ਸਾਬਕਾ) ਗਿਆਨੀ ਸੁਲਤਾਨ ਸਿੰਘ ਨੂੰ ਹਟਾਏ ਜਾਣ ਤੋਂ ਬਾਅਦ ਲਿਆ ਗਿਆ ਸੀ। ਦਸ ਦਈਏ ਕਿ ਐਸਜੀਪੀਸੀ ਦੀ ਅੰਤ੍ਰਿੰਗ ਕਮੇਟੀ ਵਲੋਂ 7 ਮਾਰਚ ਨੂੰ ਗਿਆਨੀ ਰਘਬੀਰ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਨੂੰ ਸੇਵਾ ਮੁਕਤ ਕਰ ਦਿਤਾ ਗਿਆ ਸੀ। ਤੈਅ ਸਮੇਂ ਤੋਂ ਪਹਿਲਾਂ ਹੀ ਗਿਆਨੀ ਕੁਲਦੀਪ ਸਿੰਘ ਨੂੰ ਸੇਵਾਵਾਂ ਦਿਤੇ ਜਾਣ ਦੇ ਫ਼ੈਸਲੇ ’ਤੇ ਹੁਣ ਸਵਾਲ ਵੀ ਚੁੱਕੇ ਗਏ ਤੇ ਚੁੱਕੇ ਜਾ ਰਹੇ ਹਨ।

ਰਾਤ ਦੇ ਹਨੇਰੇ ’ਚ ਅੱਜ ਤਕ ਨਹੀਂ ਹੋਈ ਅਜਿਹੀ ਤਾਜਪੋਸ਼ੀ : ਚੰਦੂਮਾਜਰਾ

ਬਾਗ਼ੀ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਦਾ ਕਹਿਣਾ ਹੈ ਕਿ ਰਾਤ ਦੇ ਹਨੇਰੇ ਵਿਚ ਇਸ ਤਰ੍ਹਾਂ ਦੀ ਤਾਜਪੋਸ਼ੀ ਤਾਂ ਅੱਜ ਤਕ ਹੋਈ ਨਹੀਂ ਤੇ ਨਾ ਹੀ ਹੋਣੀ ਚਾਹੀਦੀ ਹੈ ਬਲਕਿ ਅੱਜ ਤਕ ਜਿੰਨੀ ਵਾਰ ਵੀ ਜਥੇਦਾਰ ਸਾਹਿਬਾਨਾਂ ਦੀ ਤਾਜਪੋਸ਼ੀਆਂ ਹੋਈਆਂ ਹਨ ਉਨ੍ਹਾਂ ’ਚ ਪਹਿਲੀ ਦਸਤਾਰਬੰਦੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਵਲੋਂ ਹੁੰਦੀ ਹੈ। ਉਨ੍ਹਾਂ ਕਿਹਾ ਕਿ ਫਿਰ ਤਖ਼ਤ ਸਾਹਿਬਾਨ ਦੇ ਜਥੇਦਾਰ ਸਾਹਿਬਾਨਾਂ ਵਲੋਂ ਹੁੰਦੀ ਹੈ, ਫਿਰ ਸ਼੍ਰੋਮਣੀ ਕਮੇਟੀ ਵਲੋਂ ਹੁੰਦੀ ਹੈ, ਉਸ ਤੋਂ ਹੋਰ ਸਿੱਖ ਸੰਸਥਾਵਾਂ ਤੇ ਟਕਸਾਲਾਂ ਵਲੋਂ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਤਾਂ ਇੰਝ ਜਾਪਿਆ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀਆਂ ਹੀ ਰਵਾਇਤਾਂ ਨੂੰ ਮੰਨਿਆ ਨਹੀਂ।
ਉਨ੍ਹਾਂ ਕਿਹਾ ਕਿ ਜੇ ਉਹ ਟਕਰਾਅ ਟਾਲਣਾ ਚਾਹੁੰਦੇ ਸੀ ਤਾਂ ਉਹ ਇਸ ਪਾਸੇ ਵਲ ਤੁਰਦੇ ਹੀ ਨਾ। ਪਹਿਲਾਂ ਆਮ ਸਹਿਮਤੀ ਬਣਾਉਂਦੇ, ਜਿਹੜੀਆਂ ਸੰਸਥਾਵਾਂ ਨੂੰ ਨਰਾਜ਼ਗੀ ਸੀ ਉਨ੍ਹਾਂ ਨਰਾਜ਼ਗੀ ਦੂਰ ਕਰਦੇ, ਉਨ੍ਹਾਂ ਦੀ ਸਹਿਮਤੀ ਬਣਾਉਂਦੇ। ਟਕਰਾਅ ਤਾਂ ਹੀ ਟਲਦੇ ਜੇ ਆਮ ਸਹਿਮਤੀ ਬਣਾਉਂਦੇ ਪਰ ਹੁਣ ਤਾਂ ਟਕਰਾਅ ਹੋਰ ਵਧਾ ਲਿਆ।

ਕੁਲਦੀਪ ਸਿੰਘ ਗੜਗੱਜ ਦੀ ਚੋਣ ਮਰਿਆਦਾ ਦੇ ਉਲਟ ਹੋਈ ਹੈ : ਬੀਬੀ ਜਗੀਰ ਕੌਰ

ਉਧਰ ਐਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਚੋਣ ਮਰਿਆਦਾ ਦੇ ਉਲਟ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਉਨ੍ਹਾਂ ਨੂੰ ਇਕੱਲੇ ਹੀ ਭੇਜਣਾ ਸੀ, ਕੌਮ ਦੀ ਪ੍ਰਵਾਨਗੀ ਨਹੀਂ ਲੈਣੀ ਸੀ, ਜਥੇਬੰਦੀਆਂ ਨੂੰ ਨਹੀਂ ਬੁਲਾਉਣਾ ਸੀ ਤਾਂ ਤੁਹਾਨੂੰ ਉੱਥੇ ਬੋਰਡ ਲਗਾਉਣ ਤੇ ਚਿੱਠੀਆਂ ਕੱਢਣ ਦੀ ਕੀ ਲੋੜ ਸੀ ਕਿ ਸਾਰੀਆਂ ਜਥੇਬੰਦੀਆਂ ਪਹੁੰਚੋ। ਉੱਥੇ ਤਾਜਪੋਸ਼ੀ ਸ਼ਬਦ ਕਿਉਂ ਲਿਖਿਆ, ਇਹ ਸੇਵਾ-ਸੰਭਾਲ ਹੁੰਦੀ ਹੈ, ਜਿੱਥੇ ਕਿਸੇ ਤਖ਼ਤ ਦੇ ਜਥੇਦਾਰ ਨੇ ਸੇਵਾ ਸੰਭਾਲਣੀ ਹੁੰਦੀ ਹੈ। ਤਾਜਪੋਸ਼ੀ ਤਾਂ ਰਾਜਿਆਂ-ਮਹਾਰਾਜਿਆਂ ਦੀ ਹੁੰਦੀ ਹੈ। ਪਹਿਲਾਂ ਤਾਂ ਉਨ੍ਹਾਂ ਨੇ ਗ਼ਲਤੀ ਕੀਤੀ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਨੂੰ ਕੀ ਲੋੜ ਸੀ ਤੜਕੇ ਪੌਣੇ ਤਿੰਨ ਵਜੇ ਉੱਥੇ ਪਹੁੰਚ ਕੇ, ਜਿੱਥੇ ਅਖੰਡ ਪਾਠ ਸਾਹਿਬ ਹੋ ਰਿਹਾ ਹੋਵੇ, ਉੱਥੇ ਮੱਥਾ ਟੇਕ ਕੇ ਤੇ ਉਥੋਂ ਹੁਕਮਨਾਮਾ ਚੱਲਦਾ ਲੈ ਕੇ ਤੇ ਫਿਰ ਉਸ ਉਤੇ ਦਸਤਾਰ ਦੇ ਦੇਣੀ।

ਐਸਜੀਪੀਸੀ ਵਲੋਂ ਕੁਲਦੀਪ ਸਿੰਘ ਗੜਗੱਜ ਨੂੰ ਜਥੇਦਾਰ ਲਾਉਣਾ ਸਾਨੂੰ  ਪ੍ਰਵਾਨ ਨਹੀਂ : ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ

ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਐੱਸਜੀਪੀਸੀ ਦਾ ਇਹ ਫ਼ੈਸਲਾ ਪ੍ਰਵਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਐਸਜੀਪੀਸੀ ਨੇ ਬਿਨਾਂ ਪੰਥ ਦੇ ਸੱਦੇ ਤੋਂ ਆਪ ਹੀ ਜਥੇਦਾਰ ਦੀ ਨਿਯੁਕਤੀ ਕੀਤੀ ਹੈ। 

ਜਥੇਦਾਰ ਦੀ ਦਸਤਾਰਬੰਦੀ ’ਚ ਮਰਿਆਦਾ ਦੀ ਪਾਲਣਾ ਨਹੀਂ ਹੋਈ : ਗਿਆਨੀ ਹਰਪ੍ਰੀਤ ਸਿੰਘ

ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਸ ਬਾਰੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਗਿਆਨੀ ਕੁਲਦੀਪ ਸਿੰਘ ਦੀ ਦਸਤਾਰਬੰਦੀ ਵਿਚ ਮਰਿਆਦਾ ਦੀ ਪਾਲਣਾ ਨਹੀਂ ਹੋਈ।

ਐਸਜੀਪੀਸੀ ਵਲੋਂ ਲਿਆ ਇਹ ਫ਼ੈਸਲਾ ਪੰਥ ਦੀ ਚੜ੍ਹਦੀ ਕਲਾ ਲਈ ਦੂਰ ਅੰਦੇਸ਼ੀ ਵਾਲਾ ਫੈਸਲਾ ਹੈ : ਪਰਮਜੀਤ ਸਿੰਘ ਸਰਨਾ

ਦੂਜੇ ਪਾਸੇ, ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਇਸ ਮਾਮਲੇ ਵਿਚ ਮੀਡੀਆ ਨੂੰ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਐਸਜੀਪੀਸੀ ਦਾ ਇਹ ਫ਼ੈਸਲਾ ਪੰਥ ਦੀ ਚੜ੍ਹਦੀ ਕਲਾ ਲਈ ਦੂਰ ਅੰਦੇਸ਼ੀ ਵਾਲਾ ਫ਼ੈਸਲਾ ਹੈ। 

ਜਾਣੋਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕੀ ਕਿਹਾ

ਉੱਧਰ ਅਕਾਲ ਤਖ਼ਤ ਨਤਮਸਤਕ ਹੋਣ ਪਹੁੰਚੇ ਕੇਸਗੜ੍ਹ ਦੇ ਨਵੇਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ, ਜਿਸ ਨੂੰ ਤੁਸੀਂ ਹਨੇਰਾ ਕਹਿੰਦੇ ਹੋ, ਉਸ ਨੂੰ ਬਾਣੀ ਕਹਿੰਦੀ ਹੈ ‘ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ’ ਉਸ ਵੇਲੇ ਪੰਜ ਸਿੰਘ ਵੀ ਸਨ ਅਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਵੀ ਸੀ। ਉੱਥੇ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਦੀ ਹਾਜ਼ਰੀ ਵਿਚ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਸ ਨਿਮਾਣੇ ਸੇਵਕ ਨੂੰ ਸੇਵਾ ਦਾ ਬਲ ਬਖ਼ਸ਼ਿਆ।

ਵੱਖ-ਵੱਖ ਆਗੂਆਂ ਅਤੇ ਜਥੇਬੰਦੀਆਂ ਵਲੋਂ ਐਸਜੀਪੀਸੀ ਦਾ ਵਿਰੋਧ

ਜਿਸ ਤਰ੍ਹਾਂ ਨਾਲ ਗਿਆਨੀ ਰਘਬੀਰ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਨੂੰ ਜਥੇਦਾਰ ਦੀਆਂ ਸੇਵਾਵਾਂ ਤੋਂ ਮੁਕਤ ਕੀਤਾ ਗਿਆ ਹੈ, ਇਸ ਬਾਰੇ ਵੱਖ-ਵੱਖ ਅਕਾਲੀ ਆਗੂ ਅਤੇ ਜਥੇਬੰਦੀਆਂ ਵਲੋਂ ਐਸਜੀਪੀਸੀ ਦਾ ਵਿਰੋਧ ਕੀਤਾ ਗਿਆ। ਇਸੇ ਸਿਲਸਿਲੇ ਵਿਚ ਨਿਹੰਗ ਜਥੇਬੰਦੀਆਂ ਵਲੋਂ ਵੀ 10 ਮਾਰਚ ਨੂੰ ਸਵੇਰੇ 10 ਵਜੇ ਕੁਲਦੀਪ ਸਿੰਘ ਗੜਗੱਜ ਨੂੰ ਸੇਵਾ ਦਿਤੇ ਜਾਣ ਦਾ ਵਿਰੋਧ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਸੀ।

ਬਿਕਰਮ ਸਿੰਘ ਮਜੀਠੀਆ ਨੇ ਵੀ ਐਸਜੀਪੀਸੀ ਦੀ ਅੰਤ੍ਰਿੰਗ ਕਮੇਟੀ ਦੇ ਫ਼ੈਸਲੇ ’ਤੇ ਜਤਾਈ ਅਸਹਿਮਤੀ

ਹਾਲ ਹੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਸਣੇ ਕੁਝ ਹੋਰ ਆਗੂਆਂ ਨੇ ਵੀ ਐਸਜੀਪੀਸੀ ਦੀ ਦੀ ਅੰਤ੍ਰਿੰਗ ਕਮੇਟੀ ਦੇ ਇਸ ਫ਼ੈਸਲੇ ਦਾ ਵਿਰੋਧ ਕੀਤਾ ਹੈ। ਇਨ੍ਹਾਂ ਆਗੂਆਂ ਨੇ ਪ੍ਰੈੱਸ ਨੋਟ ਜਾਰੀ ਕਰ ਕੇ ਐਸਜੀਪੀਸੀ ਦੀ ਅੰਤ੍ਰਿੰਗ ਕਮੇਟੀ ਦੇ ਫ਼ੈਸਲੇ ਨਾਲ ਅਸਹਿਮਤੀ ਪ੍ਰਗਟ ਕਰਦੇ ਹੋਏ ਇਸ ਨੂੰ ਗਲਤ ਕਰਾਰ ਦਿਤਾ ਹੈ।

photophoto

ਦਸਤਾਰਬੰਦੀ ਮਗਰੋਂ ਕੀ ਬੋਲੇ ਜਥੇਦਾਰ ਗਿਆਨੀ ਕੁਲਦੀਪ ਸਿੰਘ
ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਜਥੇਦਾਰ ਦੀਆਂ ਸੇਵਾਵਾਂ ਸੰਭਾਲਣ ਦੌਰਾਨ ਗਿਆਨੀ ਕੁਲਦੀਪ ਸਿੰਘ ਨੇ ਮੌਜੂਦਾ ਪੰਥਕ ਹਾਲਾਤਾਂ ਦੇ ਮੱਦੇਨਜ਼ਰ ਸਮੂਹ ਸਿੱਖ ਜਗਤ ਨੂੰ ਇਕ ਨਿਸ਼ਾਨ ਹੇਠ ਇੱਕਜੁੱਟ ਹੋਣ ਦੀ ਅਪੀਲ ਕੀਤੀ। ਉਨ੍ਹਾਂ ਸ਼ੁਕਰਾਨਾ ਕੀਤਾ ਕਿ ਇਹ ਉਨ੍ਹਾਂ ਦੇ ਵੱਡੇ ਭਾਗ ਹਨ ਕਿ ਇਕ ਸਧਾਰਨ ਸਿੱਖ ਪਰਵਾਰ ਵਿਚ ਪੈਦਾ ਹੋ ਕੇ ਉਨ੍ਹਾਂ ਨੂੰ ਇੰਨੀ ਵੱਡੀ ਸੇਵਾ ਮਿਲੀ ਹੈ।

ਉਨ੍ਹਾਂ ਕਿਹਾ, ‘ਧਾਰਮਿਕ ਤੇ ਸਿਆਸੀ ਤੌਰ ’ਤੇ ਯੋਗ ਅਗਵਾਈ ਦੀ ਘਾਟ ਕਾਰਨ ਮਿਲ ਬੈਠ ਕੇ ਮਸਲਿਆਂ ਨੂੰ ਸੁਲਝਾਉਣ ਦੀ ਥਾਂ ਤੇ ਇਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਹੋੜ ਚੱਲ ਰਹੀ ਹੈ । ਅਜਿਹੇ ਸਮੇਂ ਵਿਚ ਗੁਰੂ ’ਤੇ ਵਿਸ਼ਵਾਸ ਰੱਖ ਕੇ ਮਿਲ ਬੈਠਣ ਦੇ ਵਸੀਲੇ ਬਣਾਉਣ ਦੀ ਲੋੜ ਹੈ।’ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣਾ ਜੀਵਨ ਪਾਠੀ ਸਿੰਘ ਵਜੋਂ ਸ਼ੁਰੂ ਕਰ ਕੇ ਫਿਰ ਧਰਮ ਪ੍ਰਚਾਰ ਦੀ ਸੇਵਾ ਨੂੰ ਚੁਣਿਆ ਸੀ ਤੇ ਗੁਰੂ ਪੰਥ ਦੀ ਸੇਵਾ ਦੇ ਵਿਚ ਇਕ ਪ੍ਰਚਾਰਕ ਵਜੋਂ ਹੀ ਵਿਚਰਦੇ ਰਹਿਣਗੇ।

ਪੰਥ ਨੂੰ ਦਰਪੇਸ਼ ਧਾਰਮਿਕ, ਸਮਾਜਿਕ ਅਤੇ ਸਿਆਸੀ ਮਸਲਿਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ‘ਸਾਡੇ ਬਹੁਤੇ ਮਸਲੇ ਗੁਰੂ ਦਰ ਨਾਲੋਂ ਟੁੱਟਣ ਕਾਰਨ ਪੈਦਾ ਹੋਏ ਹਨ। ਇਹ ਫਿਕਰਮੰਦੀ ਦੀ ਗੱਲ ਹੈ ਕਿ ਅੱਜ ਧਾਰਮਿਕ ਤੌਰ ’ਤੇ ਸਿੱਖਾਂ ਵਿਚ ਬੇਇਤਫ਼ਾਕੀ ਵਾਲਾ ਮਾਹੌਲ ਹੈ।’ ਉਨ੍ਹਾਂ ਕਿਹਾ ਕਿ ਧਾਰਮਿਕ ਤੇ ਸਿਆਸੀ ਤੌਰ ’ਤੇ ਯੋਗ ਅਗਵਾਈ ਦੀ ਘਾਟ ਕਾਰਨ ਮਿਲ ਬੈਠ ਕੇ ਮਸਲਿਆਂ ਨੂੰ ਸੁਲਝਾਉਣ ਦੀ ਥਾਂ ਤੇ ਇਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਹੋੜ ਚੱਲ ਰਹੀ ਹੈ ।

ਅਜਿਹੇ ਬਿਖਮ ਸਮੇਂ ਵਿਚ ਗੁਰੂ ’ਤੇ ਵਿਸ਼ਵਾਸ ਰੱਖ ਕੇ ਮਿਲ ਬੈਠਣ ਦੇ ਵਸੀਲੇ ਬਣਾਉਣ ਦੀ ਲੋੜ ਹੈ।’ ਉਨ੍ਹਾਂ ਕਿਹਾ ਪੰਜਾਬ ਦੇ ਸਿਆਸਤਦਾਨਾਂ ਨੂੰ ਕਿਸੇ ਡੇਰੇ ਦੀਆਂ ਜਾਂ ਪਰਵਾਸੀਆਂ ਦੀਆਂ ਕੁਝ ਹਜ਼ਾਰ ਵੋਟਾਂ ਦੀ ਤਾਂ ਫਿਕਰ ਹੈ ਪਰ ਇੱਥੇ ਵੱਸਦੇ ਲੱਖਾਂ ਸਿੱਖਾਂ ਦੀਆਂ ਵੋਟ ਨੂੰ ਉਹ ਕਿਸੇ ਖਾਤੇ ਨਹੀਂ ਗਿਣਦੇ। ਇਸ ਦਾ ਵੱਡਾ ਕਾਰਨ ਇਹ ਹੈ ਕਿ ਅਸੀਂ ਬਹੁਤ ਹੀ ਬੁਰੀ ਤਰ੍ਹਾਂ ਵੰਡੇ ਹੋਏ ਹਾਂ।’

ਜਥੇਦਾਰ ਨੇ ਕਿਹਾ ਕਿ ਅਸੀਂ ਮੌਜੂਦਾ ਸਿੱਖ ਸਿਆਸਤਦਾਨਾਂ ਤੋਂ ਵੀ 20ਵੀਂ ਸਦੀ ਦੇ ਅਕਾਲੀ ਲਹਿਰ ਦੇ ਆਗੂਆਂ ਵਾਲੇ ਜੀਵਨ ਅਤੇ ਕਿਰਦਾਰ ਦੀ ਤਵੱਕੋ ਕਰਦੇ ਹਾਂ। ਪਿਛਲੇ ਸਮੇਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਸਬੰਧ ਵਿਚ 2 ਦਸੰਬਰ ਨੂੰ ਸਿੰਘ ਸਾਹਿਬਾਨ ਵਲੋਂ ਲਏ ਫੈਸਲੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ‘ਅਕਾਲ ਤਖ਼ਤ ਸਾਹਿਬ ਤੋਂ ਗੁਰਮਤਿ ਦੀ ਰੋਸ਼ਨੀ ਵਿਚ ਨਿਕਲੇ ਹੁਕਮਨਾਮਿਆਂ ਨਾਲ ਕੋਈ ਛੇੜਛਾੜ ਨਹੀਂ ਹੋ ਸਕਦੀ ਅਤੇ ਇਹੀ ਗੱਲ 2 ਦਸੰਬਰ ਨੂੰ ਜਾਰੀ ਹੋਏ ਹੁਕਮਨਾਮਿਆਂ ’ਤੇ ਇੰਨ ਬਿੰਨ ਲਾਗੂ ਹੁੰਦੀ ਹੈ। ਇਸ ਲਈ ਸਬੰਧਤ ਧਿਰਾਂ, ਇਸ ਬਾਰੇ ਇਕ-ਦੂਜੇ ਪ੍ਰਤੀ ਕੁੜੱਤਣ ਭਰੀ ਬਿਆਨਬਾਜ਼ੀ ਤੋਂ ਗ਼ੁਰੇਜ਼ ਕਰਨ।’

ਜਾਣੋ ਕੌਣ ਹਨ ਗਿਆਨੀ ਕੁਲਦੀਪ ਸਿੰਘ

ਗਿਆਨੀ ਰਘਬੀਰ ਸਿੰਘ ਤੋਂ ਬਾਅਦ ਗਿਆਨੀ ਕੁਲਦੀਪ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਗਿਆ ਹੈ। 40 ਸਾਲਾ ਗਿਆਨੀ ਕੁਲਦੀਪ ਸਿੰਘ ਦਾ ਪੂਰਾ ਨਾਮ ਗਿਆਨੀ ਕੁਲਦੀਪ ਸਿੰਘ ਗੜਗੱਜ ਹੈ। ਗੁਰਮਤਿ ਦਾ ਤਜ਼ਰਬਾ ਰੱਖਣ ਵਾਲੇ ਗਿਆਨੀ ਕੁਲਦੀਪ ਸਿੰਘ ਦੇ ਪਿਤਾ ਦਾ ਨਾਮ ਸਰਦਾਰ ਨਰਿੰਦਰ ਸਿੰਘ ਹੈ, ਜੋ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਜੱਬੋਵਾਲ ਦੇ ਰਹਿਣ ਵਾਲੇ ਹਨ। ਗਿਆਨੀ ਕੁਲਦੀਪ ਸਿੰਘ ਲੰਬੇ ਸਮੇਂ ਤੋਂ ਸਿੱਖ ਕਥਾਵਾਚਕ ਵਜੋਂ ਸੇਵਾ ਨਿਭਾ ਰਹੇ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਆਖਿਆ ਕਰਦੇ ਰਹੇ ਹਨ।

ਉਹ ਸਿੱਖ ਇਤਿਹਾਸ ਦੇ ਸਰੋਤ ਗ੍ਰੰਥ – ਸ੍ਰੀ ਗੁਰ ਸੂਰਜ ਪ੍ਰਤਾਪ ਗ੍ਰੰਥ, ਪ੍ਰਾਚੀਨ ਪੰਥ ਪ੍ਰਕਾਸ਼ ਆਦਿ ਅਤੇ ਸਿੱਖ ਰਹਿਤ ਮਰਿਆਦਾ ਦੀ ਵੀ ਪੂਰੀ ਵਿਆਖਿਆ ਕਰਦੇ ਹਨ। ਉਹ ਪਿਛਲੇ 3 ਸਾਲ ਤੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਦੀਵਾਨ ਹਾਲ ’ਚ ਵੀ ਕਥਾਵਾਚਕ ਵਜੋਂ ਸੇਵਾ ਨਿਭਾਉਂਦੇ ਰਹੇ ਹਨ। ਉਨ੍ਹਾਂ ਨੇ ਇਤਿਹਾਸ ਵਿੱਚ ਐਮ.ਏ. ਦੀ ਡਿਗਰੀ ਪ੍ਰਾਪਤ ਕੀਤੀ ਹੋਈ ਹੈ। ਉਹ ਪਿਛਲੇ 12 ਸਾਲਾਂ ਤੋਂ ਗਰੀਬ ਤੇ ਯਤੀਮ ਬੱਚਿਆਂ ਦੀ ਪੜ੍ਹਾਈ ਅਤੇ ਰਹਿਣ ਬਸੇਰੇ ਦੇ ਉਪਰਾਲੇ ਕਰਦੇ ਰਹੇ ਹਨ।

ਮੈਂ ਆਪਣੀ ਕੌਮ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਅੱਜ ਕਾਲੀ ਦਸਤਾਰ ਸਜਾਈ: ਕੁਲਦੀਪ ਸਿੰਘ ਗੜਗੱਜ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਅਰਦਾਸ ਉਪਰੰਤ ਪ੍ਰੈਸ ਵਾਰਤਾ ਕੀਤੀ। ਇਸ ਮੌਕੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਾਕਾ ਨੀਲਾ ਤਾਰਾ ਦੇ ਦਰਦ ਨੂੰ ਯਾਦ ਕੀਤਾ। ਜਥੇਦਾਰ ਨੇ ਕਿਹਾ ਹੈ ਕਿ ਅਰਦਾਸ ਜ਼ਰੀਏ ਹੀ ਕੌਮ ਨੂੰ ਸੰਦੇਸ਼ ਦੇ ਦਿਤਾ ਹੈ। ਜਥੇਦਾਰ ਨੇ ਕਿਹਾ ਹੈ ਕਿ ਉਸੇ ਸਾਲ ਨਵੰਬਰ ਮਹੀਨੇ ’ਚ ਵੀ ਸਿੱਖਾਂ ਦਾ ਕਤਲੇਆਮ ਹੋਇਆ ਪਰ ਇਨਸਾਫ਼ ਹਾਲੇ ਤਕ ਨਹੀਂ ਮਿਲਿਆ। ਜਥੇਦਾਰ ਨੇ ਕਿਹਾ, ਕਤਲੇਆਮ  ਵਿਚ ਅਣਗਿਣਤ ਪਰਿਵਾਰ ਸ਼ਹੀਦ ਕਰ ਦਿਤੇ। ਉਨ੍ਹਾਂ ਨੇ ਕਿਹਾ ਹੈ ਕਿ ਘੱਲੂਘਾਰੇ ਦੇ ਸ਼ਹੀਦਾਂ ਨੂੰ ਮੈਂ ਪ੍ਰਣਾਮ ਕਰਦਾ ਹਾਂ।

ਜਥੇਦਾਰ ਗੜਗੱਜ ਨੇ ਕਿਹਾ ਹੈ ਕਿ ਅੱਜ ਕੌਮ ਦੇ ਸਾਹਮਣੇ ਵੱਡੀਆਂ ਚੁਣੌਤੀਆਂ ਤੇ ਕੌਮ ਨੂੰ ਇਕੱਠੇ ਹੋਣ ਦੀ ਲੋੜ ਹੈ ਅਤੇ ਸਾਨੂੰ ਖ਼ਾਲਸਾਈ ਝੰਡੇ ਹੇਠਾਂ ਇਕਜੁੱਟ ਹੋਣਾ ਪੈਣਾ ਹੈ। ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਅਸੀਂ ਕਿੰਨੇ ਸਮੇਂ ਤੋਂ ਕੋਸ਼ਿਸ਼ਾਂ ਕਰ ਰਹੇ ਹਾਂ। ਕੁਲਦੀਪ ਸਿੰਘ ਗੜਗੱਜ ਨੇ ਅੱਗੇ ਕਿਹਾ ਹੈ ਕਿ ਅੱਜ ਅਕਾਲ ਤਖ਼ਤ ਸਾਹਿਬ ਤੋਂ ਸੰਦੇਸ਼ ਗਿਆ ਕਿ ਸਿੱਖ ਇਕੱਠੇ ਹਨ ਤੇ ਇਕੱਠੇ ਬਹਿ ਸਕਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਆਪਣੀ ਕੌਮ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਅੱਜ ਕਾਲੀ ਦਸਤਾਰ ਸਜਾਈ ਹੈ। ਜਥੇਦਾਰ ਨੇ ਸਵਾਲ ਦਾ ਜਵਾਬ ਦਿੰਦੇ ਇੱਕ ਦਿਨ ਆਵੇਗਾ ਜਦੋਂ ਮੇਰੀਆਂ ਸਾਰੀਆਂ ਪੰਥਕ ਜਥੇਬੰਦੀਆਂ ਮੈਨੂੰ ਸਿਰੋਪਾਓ ਸਾਹਿਬ ਪਾਉਣਗੀਆਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement