ਸੂਬੇ ਦੇ ਸਾਬਕਾ ਮੁੱਖ ਪ੍ਰਕਾਸ਼ ਸਿੰਘ ਬਾਦਲ ਨੇ ਕੈਪਟਨ ਸਰਕਾਰ ਨੂੰ ਮੁਲਾਜ਼ਮਾਂ ਦੇ ਨਾਲ-ਨਾਲ ਅਪਣੀ ਸਰਕਾਰ ਦੇ ਮੰਤਰੀਆਂ, ਵਿਧਾਇਕਾਂ ਤੇ ਐਮ.ਪੀਜ਼.........
ਬਠਿੰਡਾ : ਸੂਬੇ ਦੇ ਸਾਬਕਾ ਮੁੱਖ ਪ੍ਰਕਾਸ਼ ਸਿੰਘ ਬਾਦਲ ਨੇ ਕੈਪਟਨ ਸਰਕਾਰ ਨੂੰ ਮੁਲਾਜ਼ਮਾਂ ਦੇ ਨਾਲ-ਨਾਲ ਅਪਣੀ ਸਰਕਾਰ ਦੇ ਮੰਤਰੀਆਂ, ਵਿਧਾਇਕਾਂ ਤੇ ਐਮ.ਪੀਜ਼ ਦਾ ਵੀ ਡੋਪ ਟੈਸਟ ਕਰਵਾਉਣ ਦਾ ਸੁਝਾਅ ਦਿਤਾ ਹੈ। ਅੱਜ ਸਥਾਨਕ ਸ਼ਹਿਰ 'ਚ ਅਪਣੀ ਸਿਹਤ ਦਾ ਜਨਰਲ ਚੈਕਅੱਪ ਕਰਵਾਉਣ ਪੁੱਜੇ ਸ: ਬਾਦਲ ਨੇ ਦਾਅਵਾ ਕੀਤਾ ਕਿ ਸਰਕਾਰ ਅਜਿਹੇ ਕਦਮ ਚੁੱਕ ਕੇ ਇਹ ਸਾਬਤ ਕਰਨਾ ਚਾਹੁੰਦੀ ਹੈ ਕਿ ਉਹ ਨਸ਼ਿਆਂ ਦੇ ਖ਼ਾਤਮੇ ਲਈ ਗੰਭੀਰ ਹੈ ਪ੍ਰੰਤੂ ਸਖ਼ਤੀ ਦੇ ਨਾਲ-ਨਾਲ ਨਸ਼ਈਆਂ ਦਾ ਨਸ਼ਾ ਛੁਡਾਉਣ ਲਈ ਨਸ਼ਾ ਛੁਡਾਊ ਕੇਂਦਰਾਂ ਤੋਂ ਇਲਾਵਾ ਉਨ੍ਹਾਂ ਨੂੰ ਮੁੜ ਵਸਾਊਣ ਦੀ ਨੀਤੀ ਤਹਿਤ ਕੇਂਦਰ ਖੋਲਣਾ ਵੀ ਜ਼ਰੂਰੀ ਹੈ।
ਨਸ਼ਿਆਂ ਦੇ ਸੌਦਾਗਰਾਂ ਨੂੰ ਫ਼ਾਂਸੀ ਦੀ ਸਜ਼ਾ ਦੀ ਸਿਫ਼ਾਰਸ ਕਰਨ ਦੇ ਮੁੱਦੇ 'ਤੇ ਉਨ੍ਹਾਂ ਕਿਹਾ ਕਿ ਇਹ ਵੱਡੇ ਨਸ਼ਾ ਤਸਕਰਾਂ ਲਈ ਠੀਕ ਹੈ। ਇਸ ਤੋਂ ਇਲਾਵਾ ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਵਲੋਂ ਫ਼ਸਲਾਂ ਦੇ ਭਾਅ 'ਚ ਕੀਤੇ ਵੱਡੇ ਵਾਧੇ ਦਾ ਸਵਾਗਤ ਕਰਦਿਆਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਕਿਸਾਨਾਂ ਦੁਆਰਾ ਸਵਾਮੀਨਾਥਨ ਦੀ ਰੀਪੋਰਟ ਨੂੰ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤੇ ਇਹ ਇਸ ਨੂੰ ਲਾਗੂ ਕਰਨ ਵਲ ਹੀ ਵੱਡਾ ਕਦਮ ਹੈ।