
ਜ਼ਿਲ੍ਹਾ ਪੁਲਿਸ ਦੋਰਾਂਗਲਾ ਨੇ ਇਕ ਮਹਿਲਾ ਪੁਲਿਸ ਕਰਮਚਾਰੀ ਦੇ ਬੇਟੇ ਨੂੰ ਨਸ਼ੀਲੇ ਪਦਾਰਥ ਸਹਿਤ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ........
ਗੁਰਦਾਸਪੁਰ/ ਦੋਰਾਂਗਲਾ : ਜ਼ਿਲ੍ਹਾ ਪੁਲਿਸ ਦੋਰਾਂਗਲਾ ਨੇ ਇਕ ਮਹਿਲਾ ਪੁਲਿਸ ਕਰਮਚਾਰੀ ਦੇ ਬੇਟੇ ਨੂੰ ਨਸ਼ੀਲੇ ਪਦਾਰਥ ਸਹਿਤ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਦੋਸ਼ੀ ਦੀ ਮਾਂ ਮਹਿਲਾ ਪੁਲਿਸ ਕਰਮਚਾਰੀ ਨੂੰ ਵੀ ਪੁਲਿਸ ਲਾਈਨ ਵਿਚ ਭੇਜ ਦਿਤਾ ਗਿਆ ਹੈ । ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ. ਹਰਚਰਨ ਸਿੰਘ ਭੁੱਲਰ ਨੇ ਦਸਿਆ ਕਿ ਦੋਰਾਂਗਲਾ ਪੁਲਿਸ ਸਟੇਸ਼ਨ ਵਿਚ ਤੈਨਾਤ ਸਹਾਇਕ ਸਬ ਇੰਸਪੈਕਟਰ ਭੂਪਿੰਦਰ ਸਿੰਘ ਪੁਲਿਸ ਪਾਰਟੀ ਨਾਲ ਗਸ਼ਤ ਕਰਦੇ ਹੋਏ ਜੰਡੇਏ ਪਿੰਡ ਤੋਂ ਗਾਹਲਡੀ ਵਲ ਜਾ ਰਹੇ ਸਨ ਕਿ ਰਸਤੇ ਵਿਚ ਇਕ ਸਕੂਟੀ ਸਵਾਰ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਪੁਛਗਿਛ ਕੀਤੀ।
ਉਸ ਨੇ ਕਿਹਾ ਕਿ ਉਹ ਮਹਿਲਾ ਪੁਲਿਸ ਕਰਮਚਾਰੀ ਭੁਪਿੰਦਰ ਕੌਰ ਦਾ ਪੁੱਤਰ ਹੈ ਪਰ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਇਕ ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ । ਪੁਲਿਸ ਨੇ ਦੋਸ਼ੀ ਵਿਰੁਧ ਮਾਮਲਾ ਕਰ ਲਿਆ ਹੈ । ਪੁੱਛਗਿਛ 'ਚ ਦੋਸ਼ੀ ਗੁਰਜਿੰਦਰ ਸਿੰਘ ਨੇ ਮੰਨਿਆ ਕਿ ਉਹ ਨਸ਼ੇ ਦਾ ਆਦੀ ਹੈ ਅਤੇ ਨਸ਼ਾ ਵੀ ਵੇਚਦਾ ਹੈ । ਉਹ ਅਪਣੀ ਮਾਂ ਦੇ ਨਾਂਅ ਦੀ ਵਰਤੋਂ ਕਰ ਕੇ ਪੁਲਿਸ ਤੋਂ ਬਚਦਾ ਆ ਰਿਹਾ ਹੈ । ਦੋਸ਼ੀ ਦੀ ਸਕੂਟੀ ਵੀ ਜ਼ਬਤ ਕਰ ਲਈ ਗਈ ਹੈ।