
ਕਿਸਾਨ ਕੋਲ ਕਰੀਬ 5 ਏਕੜ ਜ਼ਮੀਨ ਸੀ ਤੇ ਉਸ ਸਿਰ ਆੜ੍ਹਤੀਆਂ ਅਤੇ ਬੈਂਕ ਦਾ ਕਰੀਬ 10-12 ਲੱਖ ਰੁਪਏ ਸੀ ਕਰਜ਼ਾ
ਗਿੱਦੜਬਾਹਾ: ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਮ੍ਰਿਤਕ ਜਸਵਿੰਦਰ ਸਿੰਘ ਜੱਸੀ ਉਮਰ ਕਰੀਬ 30 ਸਾਲ ਦੇ ਰਿਸ਼ੇਤਦਾਰ ਜਸਮੇਲ ਸਿੰਘ ਨੇ ਦਸਿਆ ਕਿ ਜਸਵਿੰਦਰ ਸਿੰਘ ਜੱਸੀ ਬਹੁਤ ਹੀ ਮਿਹਨਤੀ ਅਤੇ ਨਿੱਘੇ ਸੁਭਾਅ ਦਾ ਮਾਲਕ ਸੀ ਅਤੇ ਪਿੰਡ ਵਿਚ ਸਮਾਜ ਭਲਾਈ ਦੇ ਕੰਮਾਂ ਵਿਚ ਮੋਹਰੀ ਰਹਿੰਦਾ ਸੀ ਅਤੇ ਪਿੰਡ ਦੇ ਬਹੁ-ਗਿਣਤੀ ਲੋਕਾਂ ਦੇ ਕੰਮ ਸੰਵਾਰਨ ਵਾਲਾ ਜੱਸੀ ਕਰਜ਼ੇ ਰੂਪੀ ਦੈਂਤ ਦੇ ਅੱਗੇ ਹਾਰ ਗਿਆ।
Suicide
ਉਨ੍ਹਾਂ ਦਸਿਆ ਕਿ ਜੱਸੀ ਕੋਲ ਕਰੀਬ 5 ਏਕੜ ਜ਼ਮੀਨ ਹੈ ਅਤੇ ਉਸ ਸਿਰ ਆੜ੍ਹਤੀਆਂ ਅਤੇ ਬੈਂਕ ਦਾ ਕਰੀਬ 10-12 ਲੱਖ ਰੁਪਏ ਦਾ ਕਰਜ਼ਾ ਸੀ, ਮਾਤਾ ਪਿਤਾ ਬਜ਼ੁਰਗ ਹੋਣ ਕਾਰਨ ਇਕੱਲਾ ਹੀ ਘਰ ਵਿਚ ਕਮਾਉਣ ਵਾਲਾ ਸੀ, ਜਿਸ ਕਰ ਕੇ ਉਹ ਪਿਛਲੇ ਕੁਝ ਦਿਨਾਂ ਤੋਂ ਪ੍ਰੇਸ਼ਾਨ ਰਹਿਣ ਲੱਗਾ ਸੀ ਅਤੇ ਬੀਤੇ ਦਿਨ ਉਸ ਨੇ ਖੇਤਾਂ ਵਿਚ ਕੋਈ ਜ਼ਹਿਰਲੀ ਵਸਤੂ ਨਿਗਲ ਲਈ, ਜਿਸ ਦੇ ਚਲਦਿਆਂ ਉਸ ਦੀ ਮੌਤ ਹੋ ਗਈ।
Suicide
ਜੱਸੀ ਅਪਣੇ ਪਿੱਛੇ ਬਜ਼ੁਰਗ ਮਾਤਾ-ਪਿਤਾ, ਪਤਨੀ ਅਤੇ ਅਤੇ ਇਕ 9 ਸਾਲ ਦਾ ਬੇਟਾ ਛੱਡ ਗਿਆ ਹੈ। ਪਿੰਡ ਫ਼ਕਰਸਰ ਦੇ ਵਸਨੀਕ ਅਤੇ ਐਸ.ਜੀ.ਪੀ.ਸੀ. ਮੈਂਬਰ ਜਥੇਦਾਰ ਗੁਰਪਾਲ ਸਿੰਘ ਗੋਰਾ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਸਵਿੰਦਰ ਸਿੰਘ ਜੱਸੀ ਦਾ ਕਿਸਾਨੀ ਕਰਜ਼ਾ ਮਾਫ਼ ਕੀਤਾ ਜਾਵੇ ਅਤੇ ਉਸ ਦੇ ਪਰਵਾਰ ਨੂੰ ਆਰਥਕ ਮਦਦ ਦਿਤੀ ਜਾਵੇ। ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਏ.ਐਸ.ਆਈ. ਚਮਕੌਰ ਸਿੰਘ ਨੇ ਦਸਿਆ ਕਿ ਮ੍ਰਿਤਕ ਦੀ ਪਤਨੀ ਮਨਜੀਤ ਕੌਰ ਦੇ ਬਿਆਨਾਂ 'ਤੇ 174 ਦੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।