
ਮਹਾਰਾਸ਼ਟਰ ਵਿਚ 2015 ਤੋਂ 2018 ਤੱਕ 12,021 ਕਿਸਾਨਾਂ ਨੇ ਆਤਮ ਹੱਤਿਆ ਕਰ ਲਈ ਹੈ।
ਮੁੰਬਈ: ਮਹਾਰਾਸ਼ਟਰ ਵਿਚ 2015 ਤੋਂ 2018 ਤੱਕ 12,021 ਕਿਸਾਨਾਂ ਨੇ ਆਤਮ ਹੱਤਿਆ ਕਰ ਲਈ ਹੈ, ਜਿਸ ਦੇ ਕਾਰਨਾਂ ਵਿਚ ਬੈਂਕ ਕਰਜ਼ਾ ਅਤੇ ਫ਼ਸਲ ਖ਼ਰਾਬ ਹੋਣਾ ਆਦਿ ਕਾਰਨ ਸ਼ਾਮਲ ਹਨ। ਇਹ ਗਿਣਤੀ ਜਨਵਰੀ 2011 ਤੋਂ ਦਸੰਬਰ 2014 ਤੱਕ ਦੀ ਚਾਰ ਸਾਲ ਦੀ ਮਿਆਦ ਨਾਲੋਂ ਦੁੱਗਣੀ ਹੈ ਜਦੋਂ 6,268 ਕਿਸਾਨਾਂ ਨੇ ਆਤਮ ਹੱਤਿਆ ਕੀਤੀ ਸੀ। ਕਿਸਾਨ ਖੁਦਕੁਸ਼ੀ ਦਾ ਮੁੱਦਾ ਅਜਿਹੇ ਸਮੇਂ ਮਹੱਤਵਪੂਰਨ ਹੈ ਜਦੋਂ ਭਾਜਪਾ ਸਰਕਾਰ ਇਸ ਸਾਲ ਦੇ ਅਖੀਰ ਵਿਚ ਸੂਬੇ ਦੀ ਸੱਤਾ ਵਿਚ ਵਾਪਸ ਆਉਣ ਦੀ ਉਮੀਦ ਕਰ ਰਹੀ ਹੈ।
Farmer
ਕਿਸਾਨਾਂ ਨੇ ਅਪਣੇ ਹਾਲਾਤ ਉਜਾਗਰ ਕਰਨ ਦੇ ਯਤਨਾਂ ਤਹਿਤ ਪਿਛਲੇ ਚਾਰ ਸਾਲਾਂ ਵਿਚ ਕਈ ਵਾਰ ਮੁੰਬਈ ਵਿਚ ਰੋਸ ਮਾਰਚ ਕੱਢਿਆ ਹੈ। ਸਰਕਾਰ ਦੇ ਵਾਅਦਿਆਂ ਦੇ ਬਾਵਜੂਦ ਵੀ ਮਹਾਰਾਸ਼ਟਰ ਵਿਚ ਕਿਸਾਨ ਖੁਦਕੁਸ਼ੀਆਂ ਦੇ ਮਾਮਲਿਆਂ ਵਿਚ ਕਮੀ ਦੇ ਕੋਈ ਸੰਕੇਤ ਨਹੀਂ ਦਿੱਖ ਰਹੇ। ਮਹਾਰਾਸ਼ਟਰ ਦੇ ਰਾਹਤ ਅਤੇ ਪੁਨਰਵਾਸ ਮੰਤਰੀ ਸੁਭਾਸ਼ ਦੇਸ਼ਮੁੱਖ ਵੱਲੋਂ ਦੱਸੇ ਗਏ ਅੰਕੜਿਆਂ ਮੁਤਾਬਕ ਇਸ ਸਾਲ ਜਨਵਰੀ ਤੋਂ ਮਾਰਚ ਤੱਕ ਤਿੰਨ ਮਹੀਨਿਆਂ ਦੌਰਾਨ 610 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ।
Subhash Deshmukh
ਮਾਹਿਰਾਂ ਨੇ ਸੂਬੇ ਵਿਚ ਵਧ ਰਹੇ ਖੇਤੀਬਾੜੀ ਸੰਕਟ ਲਈ ਸਰਕਾਰੀ ਯੋਜਨਾਵਾਂ ਦੀ ਅਸਫਲਤਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਹਾਲਾਂਕਿ ਸੂਬਾ ਪ੍ਰਸ਼ਾਸਨ ਨੇ ਜਲ ਸੰਭਾਲ ਸਕੀਮ ‘ਤੇ 8,946 ਕਰੋੜ ਰੁਪਏ ਖਰਚ ਕਰਨ ਦਾ ਦਾਅਵਾ ਕੀਤਾ ਹੈ। ਸੂਬੇ ਵਿਚ ਜਲ ਪੱਧਰ 6.11 ਫੀਸਦੀ ਤੱਕ ਖਤਰਨਾਕ ਹੋ ਗਿਆ ਹੈ। 2019 ਤੱਕ ‘ਟੈਂਕਰ ਮੁਕਤ ਮਹਾਰਾਸ਼ਟਰ’ ਲਿਆਉਣ ਦਾ ਸਰਕਾਰ ਦਾ ਵਾਅਦਾ ਵੀ ਪੂਰਾ ਹੁੰਦਾ ਨਹੀਂ ਦਿਖ ਰਿਹਾ ਹੈ। ਸੂਬੇ ਵਿਚ ਇਸ ਸਾਲ 15 ਜੂਨ ਤੱਕ ਸੋਕੇ ਨਾਲ ਪ੍ਰਭਾਵਿਤ ਖੇਤਰਾਂ ਨੂੰ ਪਾਣੀ ਉਪਲਬਧ ਕਰਾਉਣ ਲਈ 6,905 ਟੈਂਕਰਾਂ ਦੀ ਵਰਤੋਂ ਕੀਤੀ ਗਈ ਸੀ। ਪਿਛਲੇ ਸਾਲ ਇਹ ਅੰਕੜਾ 1,801 ਸੀ।
Farmers Suicide
ਮਾਹਿਰਾਂ ਅਨੁਸਾਰ ਸਰਕਾਰ ਦੀ ਕਰਜ਼ਾ ਮੁਆਫੀ ਯੋਜਨਾ ਕਿਸਾਨ ਖੁਦਕੁਸ਼ੀਆਂ ਦੀ ਗਿਣਤੀ ਨੂੰ ਘੱਟ ਕਰਨ ਵਿਚ ਸਫ਼ਲ ਨਹੀਂ ਹੋਈ ਹੈ। ਜੂਨ 2017 ਵਿਚ ਇਸ ਯੋਜਨਾ ਦੇ ਸ਼ੁਰੂ ਹੋਣ ਤੋਂ ਬਾਅਦ 4500 ਖੁਦਕੁਸ਼ੀ ਦੇ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਇਕ 52 ਸਾਲਾ ਕਿਸਾਨ ਨੂੰ ਮੁੰਬਈ ਪੁਲਿਸ ਨੇ ਸ਼ੁੱਕਰਵਾਰ ਨੂੰ ਹਿਰਾਸਤ ਵਿਚ ਲੈ ਲਿਆ ਕਿਉਂਕਿ ਉਸ ਨੇ ਸ਼ਿਕਾਇਤ ਕੀਤੀ ਸੀ ਕਿ ਬੈਂਕ ਅਧਿਕਾਰੀਆਂ ਵੱਲੋਂ ਕਰਜ਼ਾ ਮਾਫੀ ਪ੍ਰਮਾਣ ਪੱਤਰ ਨਹੀਂ ਦਿੱਤੇ ਗਏ।
BJP-Shiv Sena
ਭਾਜਪਾ ਉਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵਸੈਨਾ ਨਾਲ ਗਠਜੋੜ ਵਿਚ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲੜਨ ਲਈ ਤਿਆਰ ਹੈ। ਉਹਨਾਂ ਨੇ ਕਿਸਾਨਾਂ ਵਿਚ ਕਥਿਤ ਨਰਾਜ਼ਗੀ ਦੇ ਬਾਵਜੂਦ ਵੀ ਹਾਲ ਹੀ ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਸ਼ਾਨਦਾਰ ਜਿੱਤ ਦਰਜ ਕੀਤੀ ਹੈ, ਜਿਸ ਵਿਚ ਉਹਨਾਂ ਨੂੰ ਸੂਬੇ ਦੀਆਂ 48 ਸੀਟਾਂ ਵਿਚੋਂ 41 ਸੀਟਾਂ ‘ਤੇ ਜਿੱਤ ਮਿਲੀ ਸੀ।