
10ਵੀਂ 'ਚੋਂ ਹਾਸਲ ਕੀਤੇ 98.75 ਫ਼ੀ ਸਦੀ ਅੰਕ
ਭਿੰਡ, 5 ਜੁਲਾਈ: ਮੱਧ ਪ੍ਰਦੇਸ਼ ਇਕ ਪਿੰਡ ਦੀ 15 ਸਾਲਾ ਵਿਦਿਆਰਥਣ ਨੇ 10ਵੀਂ ਦੀ ਬੋਰਡ ਪ੍ਰੀਖਿਆ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 98.75 ਫ਼ੀ ਸਦੀ ਅੰਕ ਹਾਸਲ ਕੀਤੇ ਹਨ। ਇਹ ਕੁੜੀ ਅਪਣੀ ਪੜ੍ਹਾਈ ਜਾਰੀ ਰੱਖਣ ਲਈ ਸਾਈਕਲ ਚਲਾ ਕੇ 24 ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਸਕੂਲ ਆਉਂਦੀ-ਜਾਂਦੀ ਸੀ। ਅਪਣੇ ਸ਼ਾਨਦਾਰ ਪ੍ਰਦਰਸ਼ਨ ਤੋਂ ਖ਼ੁਸ਼ ਰੋਸ਼ਨੀ ਭਦੌਰੀਆ ਪ੍ਰਸ਼ਾਸਨਿਕ ਸੇਵਾ 'ਚ ਅਪਣਾ ਕਰੀਅਰ ਬਣਾਉਣਾ ਚਾਹੁੰਦੀ ਹੈ।
File Photo
ਇਸ ਕੁੜੀ ਦੇ ਪਿਤਾ ਨੇ ਕਿਹਾ ਕਿ ਉਸ ਨੂੰ ਅਪਣੀ ਬੇਟੀ ਦੀ ਇਸ ਉਪਲਬਧੀ 'ਤੇ ਮਾਣ ਹੈ ਅਤੇ ਹੁਣ ਸਕੂਲ ਆਉਣ-ਜਾਣ ਲਈ ਉਸ ਲਈ ਸਾਈਕਲ ਦੀ ਬਜਾਏ ਕੋਈ ਹੋਰ ਸਹੂਲਤ ਉਪਲਬਧ ਕਰਾਵਾਂਗਾ। ਰੋਸ਼ਨੀ ਚੰਬਲ ਖੇਤਰ ਦੇ ਭਿੰਡ ਜ਼ਿਲ੍ਹੇ ਦੇ ਅਜਨੋਲ ਪਿੰਡ ਦੀ ਰਹਿਣ ਵਾਲੀ ਹੈ ਅਤੇ ਉਸ ਨੇ ਮੱਧ ਪ੍ਰਦੇਸ਼ ਸੈਕੰਡਰੀ ਸਿਖਿਆ ਬੋਰਡ ਦੇ 10ਵੀਂ ਬੋਰਡ ਦੀ ਪ੍ਰੀਖਿਆ 'ਚ 98.75 ਫੀਸਦੀ ਅੰਕ ਹਾਸਲ ਕਰ ਕੇ 8ਵਾਂ ਰੈਂਕ ਹਾਸਲ ਕੀਤਾ ਹੈ। ਮੇਹਗਾਂਵ ਸਰਕਾਰੀ ਕੰਨਿਆ ਹਾਈ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਹਰੀਸ਼ਚੰਦਰ ਸ਼ਰਮਾ ਨੇ ਰੋਸ਼ਨੀ ਦੀ ਉਪਲਬਧੀ ਅਤੇ ਦ੍ਰਿੜ ਹੌਂਸਲੇ ਲਈ ਉਸ ਦੀ ਸ਼ਲਾਘਾ ਕੀਤੀ। (ਏਜੰਸੀ)