
ਅੱਜ ਜਾਂ ਭਲਕੇ ਕੈਪਟਨ ਅਮਰਿੰਦਰ ਸਿੰਘ ਮਿਲ ਸਕਦੇ ਹਨ ਸੋਨੀਆ ਗਾਂਧੀ ਨੂੰ
ਚੰਡੀਗੜ੍ਹ, 5 ਜੂਨ (ਭੁੱਲਰ): ਪੰਜਾਬ ਕਾਂਗਰਸ ਦੇ ਅੰਦਰੂਨੀ ਵਿਵਾਦ ਬਾਰੇ ਅਪਣੀ ਰਾਏ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਜਾਂ ਭਲਕ ਮੁਲਾਕਾਤ ਕਰ ਸਕਦੇ ਹਨ | ਮਿਲੀ ਜਾਣਕਾਰੀ ਮੁਤਾਬਕ ਉਹ 6 ਜੂਨ ਸਵੇਰੇ ਦਿੱਲੀ ਰਵਾਨਾ ਹੋ ਰਹੇ ਹਨ | ਸੂਤਰਾਂ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਲੀ ਤੋਂ ਹੀ ਕੋਈ ਸੁਨੇਹਾ ਆਇਆ ਹੈ, ਭਾਵੇਂ ਕਿ ਇਸ ਨੂੰ ਗੁਪਤ ਰਖਿਆ ਜਾ ਰਿਹਾ ਹੈ |
ਕਈ ਦਿਨ ਤੋਂ ਕੈਪਟਨ ਅਮਰਿੰਦਰ ਸਿੰਘ ਸੋਨੀਆ ਗਾਂਧੀ ਨੂੰ ਮਿਲਣ ਦੀ ਕੋਸ਼ਿਸ਼ ਵਿਚ ਹਨ ਅਤੇ ਹੁਣ ਮੁਲਾਕਾਤ ਹੋ ਸਕਦੀ ਹੈ | ਇਸ ਦੌਰਾਨ ਉਹ ਰਾਹੁਲ ਗਾਂਧੀ ਨੂੰ ਵੀ ਮਿਲ ਸਕਦੇ ਹਨ | ਜ਼ਿਕਰਯੋਗ ਹੈ ਕਿ ਹਾਲੇ ਤਕ ਕੈਪਟਨ ਦੀ ਪਾਰਟੀ ਵਿਵਾਦ ਨੂੰ ਲੈ ਕੇ ਸੋਨੀਆਂ ਜਾਂ ਰਾਹੁਲ ਗਾਂਧੀ ਨਾਲ ਮੁਲਾਕਾਤ ਨਹੀਂ ਹੋਈ ਅਤੇ ਉਹ ਪਿਛਲੇ ਦਿਨਾਂ ਵਿਚ ਖੜਗੇ ਕਮੇਟੀ ਨਾਲ ਲੰਬੀ ਮੀਟਿੰਗ ਕਰ ਕੇ ਦਿੱਲੀ ਤੋਂ ਵਾਪਸ ਆ ਗਏ ਸਨ | ਭਾਵੇਂ ਹਾਈ ਕਮਾਨ ਪੰਜਾਬ ਕਾਂਗਰਸ ਦਾ ਵਿਵਾਦ ਹੱਲ ਹੋਣ ਦੇ ਦਾਅਵੇ ਕਰ ਰਿਹਾ ਹੈ ਪਰ ਕੈਪਟਨ ਤੇ ਸਿੱਧੂ ਵਿਚ ਹਾਲੇ ਤਕ ਸੁਲਹ ਨਹੀਂ ਹੋਈ ਜਿਸ ਕਰ ਕੇ ਕਾਂਗਰਸ ਹਾਈ ਕਮਾਨ ਕੋਈ ਫ਼ੈਸਲਾ ਲੈਣ ਤੋਂ ਅਸਮਰਥ ਦਿਖ ਰਹੀ ਹੈ | ਨਵਜੋਤ ਸਿੱਧੂ ਨੇ ਟਵੀਟ ਕਰ ਕੇ ਮੁੜ ਮੁੱਖ ਮੰਤਰੀ 'ਤੇ ਨਿਸ਼ਾਨੇ ਸਾਧਨੇ ਸ਼ੁਰੂ ਕਰ ਦਿਤੇ ਹਨ | ਇਸ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਨਾਰਾਜ਼ਗੀ ਹੋਰ ਵੀ ਵਧ ਰਹੀ ਹੈ | ਸੋਨੀਆ ਤੇ ਰਾਹੁਲ ਨਾਲ ਕੈਪਟਨ ਦੀ ਮੁਲਾਕਾਤ ਬਾਅਦ ਹੀ ਪੰਜਾਬ ਕਾਂਗਰਸ ਦੇ ਵਿਵਾਦ ਦਾ ਕੋਈ ਹੱਲ ਸੰਭਵ ਹੋ ਸਕਦਾ ਹੈ |