
ਗਲੋਰੀ ਬਾਵਾ ਨੇ ਕਿਹਾ ‘ਨਾ ਕਦੇ ਮੁਲਾਕਾਤ ਹੋਈ, ਨਾ ਹੀ ਕਦੇ ਗੱਲ ਹੋਈ, ਪਰ ਭਰਾ ਨੂੰ ਮਿਲ ਕੇ ਕਰਾਂਗੀ ਧੰਨਵਾਦ’
Glory Bawa Gets help from Akshay Kumar : ਪੰਜਾਬੀ ਲੋਕ ਗਾਇਕਾ ਅਤੇ ਸਭ ਤੋਂ ਲੰਬੀ ਹੇਕ ਦੀ ਮਾਲਕ ਮਰਹੂਮ ਗੁਰਮੀਤ ਬਾਵਾ ਦੇ ਪਰਿਵਾਰ ਲਈ ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਨੇ ਮਦਦ ਦਾ ਹੱਥ ਵਧਾਇਆ ਹੈ। ਅਕਸ਼ੈ ਕੁਮਾਰ ਨੇ ਗੁਰਮੀਤ ਬਾਵਾ ਦੀ ਬੇਟੀ ਗਲੋਰੀ ਬਾਵਾ ਦੇ ਸਿੱਧੇ ਬੈਂਕ ਅਕਾਊਂਟ 'ਚ 25 ਲੱਖ ਰੁਪਏ ਟਰਾਂਸਫਰ ਕੀਤੇ ਹਨ। ਇਹ ਮਦਦ ਗਲੋਰੀ ਬਾਵਾ ਦੇ ਪਰਿਵਾਰ ਤੱਕ ਉਨ੍ਹਾਂ ਦੇ ਹਾਲਾਤਾਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਹੁੰਚੀ ਹੈ।
ਗਲੋਰੀ ਬਾਵਾ ਨੇ ਅਕਸ਼ੈ ਕੁਮਾਰ ਦਾ ਧੰਨਵਾਦ ਕੀਤਾ ਹੈ। ਗਲੋਰੀ ਬਾਵਾ ਨੇ ਦੱਸਿਆ ਕਿ ਉਸ ਨੂੰ ਬੈਂਕ ਮੈਨੇਜਰ ਦਾ ਫੋਨ ਆਇਆ, ਜਿਸ ਤੋਂ ਬਾਅਦ ਉਸ ਨੂੰ ਇਸ ਬਾਰੇ ਪਤਾ ਲੱਗਾ। ਬੈਂਕ ਮੈਨੇਜਰ ਨੇ ਦੱਸਿਆ ਕਿ ਅਕਸ਼ੈ ਕੁਮਾਰ ਭਾਟੀਆ ਨੇ ਉਨ੍ਹਾਂ ਦੇ ਬੈਂਕ ਖਾਤੇ ਵਿੱਚ 25 ਲੱਖ ਰੁਪਏ ਟਰਾਂਸਫਰ ਕੀਤੇ ਹਨ। ਉਹ ਵੀ ਹੈਰਾਨ ਹੈ ਕਿ ਉਹ ਅੱਜ ਤੱਕ ਅਕਸ਼ੈ ਕੁਮਾਰ ਨੂੰ ਮਿਲੀ ਨਹੀਂ ਅਤੇ ਨਾ ਹੀ ਉਸ ਨਾਲ ਕਦੇ ਗੱਲ ਹੋਈ ਹੈ ਪਰ ਭਰਾ ਨੂੰ ਮਿਲ ਕੇ ਉਨ੍ਹਾਂ ਦਾ ਧੰਨਵਾਦ ਕਰਨ ਦੀ ਕੋਸ਼ਿਸ਼ ਕਰਾਂਗੀ। ਇਸ ਦੇ ਨਾਲ ਹੀ ਲੋਕ ਗਾਇਕਾ ਨੇ ਕਿਹਾ ਕਿ ਉਸ ਦੀ ਤਮੰਨਾ ਅਕਸ਼ੇ ਕੁਮਾਰ ਨੂੰ ਰੱਖੜੀ ਬੰਨਣ ਦੀ ਹੈ।
ਦਰਅਸਲ 'ਚ ਮਰਹੂਮ ਗੁਰਮੀਤ ਬਾਵਾ ਅਤੇ ਲਾਚੀ ਬਾਵਾ ਦਾ ਸਾਥ ਛੱਡ ਜਾਣ ਬਾਅਦ ਉਨ੍ਹਾਂ ਦੀ ਬੇਟੀ ਗਲੋਰੀ ਬਾਵਾ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਗਲੋਰੀ ਆਪਣੇ ਪਰਿਵਾਰ ਦੀ ਦੇਖ-ਭਾਲ ਕਰਨ ਦੇ ਨਾਲ-ਨਾਲ ਆਪਣੀ ਭੈਣ ਲਾਚੀ ਬਾਵਾ ਦੇ ਬੱਚਿਆਂ ਦੀ ਦੇਖਭਾਲ ਵੀ ਕਰ ਰਹੀ ਸੀ ਪਰ ਉਸਦੀ ਭੈਣ ਦੇ ਚਲੇ ਜਾਣ ਤੋਂ ਬਾਅਦ ਉਸਨੂੰ ਸ਼ੋਅ ਨਹੀਂ ਮਿਲ ਰਹੇ ਸੀ ਅਤੇ ਪਰਿਵਾਰ ਦੀ ਆਰਥਿਕ ਹਾਲਤ ਵਿਗੜ ਗਈ ਸੀ।
ਜਿਸ ਤੋਂ ਬਾਅਦ ਗਲੋਰੀ ਬਾਵਾ ਨੇ ਭਾਰਤ ਛੱਡ ਕੇ ਵਿਦੇਸ਼ ਜਾਣ ਦਾ ਐਲਾਨ ਕੀਤਾ ਸੀ ਪਰ ਇਸ ਦੌਰਾਨ ਪਹਿਲਾਂ ਡੀਸੀ ਅੰਮ੍ਰਿਤਸਰ ਅਤੇ ਮੰਤਰੀ ਕੁਲਦੀਪ ਧਾਲੀਵਾਲ ਨੇ ਗਲੋਰੀ ਬਾਵਾ ਨੂੰ 1-1 ਲੱਖ ਰੁਪਏ ਦੇ ਚੈੱਕ ਦਿੱਤੇ। ਇਸ ਤੋਂ ਬਾਅਦ ਹੁਣ ਅਕਸ਼ੇ ਕੁਮਾਰ ਨੇ ਉਨ੍ਹਾਂ ਨੂੰ ਮਦਦ ਲਈ 25 ਲੱਖ ਰੁਪਏ ਭੇਜੇ ਹਨ।