
ਜ਼ੀਕਰਪੁਰ ਅਤੇ ਢਕੌਲੀ ਖੇਤਰ ਵਿਚ ਚਲ ਰਹੇ ਕਈ ਡਿਸਕੋ ਘਰਾਂ ਵਿਚ ਦੇਰ ਰਾਤ ਤਕ ਵੱਜਦੇ ਮਿਊਜ਼ਿਕ ਨੇ ਲੋਕਾਂ ਦੀ ਨੀਂਦ ਹਰਾਮ ਕਰ ਦਿਤੀ ਹੈ..........
ਜ਼ੀਰਕਪੁਰ : ਜ਼ੀਕਰਪੁਰ ਅਤੇ ਢਕੌਲੀ ਖੇਤਰ ਵਿਚ ਚਲ ਰਹੇ ਕਈ ਡਿਸਕੋ ਘਰਾਂ ਵਿਚ ਦੇਰ ਰਾਤ ਤਕ ਵੱਜਦੇ ਮਿਊਜ਼ਿਕ ਨੇ ਲੋਕਾਂ ਦੀ ਨੀਂਦ ਹਰਾਮ ਕਰ ਦਿਤੀ ਹੈ, ਜਿਸ ਕਾਰਨ ਖੇਤਰ ਦੇ ਲੋਕ ਔਖੇ ਹੋ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਹਾਲਾਂਕਿ ਡਿਪਟੀ ਕਮਿਸ਼ਨਰ ਮੋਹਾਲੀ ਨੇ ਜ਼ੀਰਕਪੁਰ 'ਚ ਚੱਲਦੇ ਢਾਬਿਆਂ, ਰੇਸਤਰਾਂ ਤੇ ਨਾਚ ਘਰਾਂ ਨੂੰ ਰਾਤ 12 ਵਜੇ ਤੋਂ ਬਾਅਦ ਬੰਦ ਕਰਨ ਦੇ ਹੁਕਮ ਦਿਤੇ ਸੀ ਪਰ ਉਨ੍ਹਾਂ ਦੇ ਹੁਕਮਾਂ ਦੀ ਸਥਾਨਕ ਪ੍ਰਸ਼ਾਸਨ ਨੂੰ ਕੋਈ ਪ੍ਰਵਾਹ ਨਹੀਂ ਹੈ। ਇਥੋਂ ਦੀ ਅੰਬਾਲਾ ਸੜਕ, ਪੰਚਕੂਲਾ ਸੜਕ ਤੇ ਢਕੌਲੀ ਥਾਣੇ ਨੇੜੇ, ਵੀ.ਆਈ.ਪੀ. ਸੜਕ ਅਤੇ ਚੰਡੀਗੜ੍ਹ ਸੜਕ 'ਤੇ ਕਈ ਕਲੱਬ ਤੜਕੇ 4 ਵਜੇ ਤਕ ਖੁਲ੍ਹੇ ਰਹਿੰਦੇ ਹਨ,
ਜਿਨ੍ਹਾਂ 'ਚ ਨੌਜਵਾਨ ਮੁੰਡੇ-ਕੁੜੀਆਂ ਸ਼ਰਾਬ, ਸਿਗਰਟਾਂ ਆਦਿ ਦਾ ਖੁਲ੍ਹ ਕੇ ਸੇਵਨ ਕਰਦੇ ਹਨ। ਪੰਚਕੂਲਾ, ਚੰਡੀਗੜ੍ਹ, ਅੰਬਾਲਾ ਆਦਿ ਥਾਵਾਂ ਤੋਂ ਵੱਡੀ ਗਿਣਤੀ ਇਥੇ ਆਉਂਦੇ ਨੌਜਵਾਨ ਦੇਰ ਰਾਤ ਤਕ ਨਸ਼ੇ ਦੀ ਹਾਲਤ ਵਿਚ ਨਾਚ ਕਰਦੇ ਹਨ, ਪਰ ਇਨ੍ਹਾਂ ਨੂੰ ਰੋਕਣ ਵਾਲਾ ਕੋਈ ਨਹੀਂ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਰਾਤ 12 ਵਜੇ ਤੋਂ ਬਾਅਦ ਡਿਸਕੋ ਬਾਰਾਂ 'ਤੇ ਖੁਲ੍ਹਣ ਦੀ ਪਾਬੰਦੀ ਲਾਈ ਹੋਈ ਹੈ ਜਿਸ ਕਾਰਨ ਨੌਜਵਾਨ ਚੰਡੀਗੜ੍ਹ ਤੋਂ ਜ਼ੀਰਕਪੁਰ ਪਹੁੰਚ ਜਾਂਦੇ ਹਨ, ਜਿਥੇ ਡਿਸਕੋ ਘਰ ਰਾਤ 12 ਵਜੇ ਤੋਂ ਬਾਅਦ ਵੀ ਖੁਲ੍ਹੇ ਰਹਿੰਦੇ ਹਨ।
ਲੰਘੀ ਰਾਤ ਵੀ ਪੁਲਿਸ ਨੇ ਡੀ.ਸੀ. ਦੇ ਹੁਕਮਾਂ ਤਹਿਤ ਅੰਬਾਲਾ ਸੜਕ 'ਤੇ ਖੁਲ੍ਹੇ ਸਾਰੇ ਡਿਸਕੋ ਬੰਦ ਕਰਵਾਏ ਪਰ ਡਿਸਕੋ ਮਾਲਕਾਂ 'ਤੇ ਇਸ ਦਾ ਇਕ-ਦੋ ਦਿਨ ਹੀ ਅਸਰ ਰਹਿੰਦਾ ਹੈ। ਡਿਪਟੀ ਕਮਿਸ਼ਨਰ ਦੇ ਹੁਕਮਾਂ ਤਹਿਤ ਇਨ੍ਹਾਂ ਕਲੱਬਾਂ, ਢਾਬਿਆਂ, ਰੇਸਤਰਾਂ ਤੇ ਹੋਰ ਵਪਾਰਕ ਥਾਵਾਂ ਆਦਿ 'ਤੇ ਰਾਤ 12 ਵਜੇ ਤੋਂ ਬਾਅਦ ਖੁਲ੍ਹਣ ਤੇ ਦਫ਼ਾ 144 ਲੱਗੀ ਹੋਣ ਦੇ ਬਾਵਜੂਦ ਜ਼ੀਰਕਪੁਰ 'ਚ ਕੋਈ ਅਸਰ ਨਹੀਂ ਹੈ।