
ਪੁਛਿਆ, ਸੰਗਤਾਂ ਨੂੰ ਦੱਸੋ ਕਿ ਅਕਾਲ ਤਖ਼ਤ ਦਾ ਜਥੇਦਾਰ ਵੱਡਾ ਕਿ ਪੰਜ ਪਿਆਰੇ?
ਕੋਟਕਪੂਰਾ, 5 ਅਗੱਸਤ (ਗੁਰਿੰਦਰ ਸਿੰਘ) : ਸਾਬਕਾ ਅਕਾਲੀ ਮੰਤਰੀ ਅਤੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ 'ਤੇ ਲੰਮਾ ਸਮਾਂ ਬਿਰਾਜਮਾਨ ਰਹੇ 'ਸੁੱਚਾ ਸਿੰਘ ਲੰਗਾਹ' ਵਲੋਂ ਸਿੱਖ ਰਹਿਤ ਮਰਿਆਦਾ ਅਤੇ ਸਿੱਖੀ ਸਿਧਾਂਤਾਂ ਨੂੰ ਦਰਕਿਨਾਰ ਕਰਦਿਆਂ ਅਕਾਲ ਤਖ਼ਤ ਨੂੰ ਦਿਤੀ ਚੁਨੌਤੀ ਦਾ ਪੰਥਕ ਹਲਕਿਆਂ 'ਚ ਵੱਖੋ ਵਖਰਾ ਪ੍ਰਤੀਕਰਮ ਪੜ੍ਹਨ-ਸੁਣਨ ਨੂੰ ਮਿਲ ਰਿਹਾ ਹੈ।
ਸੁੱਚਾ ਸਿੰਘ ਲੰਗਾਹ ਨੂੰ ਅੰਮ੍ਰਿਤ ਛਕਾਉਣ, ਸਿੱਖੀ 'ਚ ਸ਼ਾਮਲ ਕਰਨ, ਸ਼੍ਰੋਮਣੀ ਕਮੇਟੀ ਦੇ ਦੋ ਮੈਂਬਰਾਂ ਰਤਨ ਸਿੰਘ ਜ਼ਫ਼ਰਵਾਲ ਅਤੇ ਗੁਰਿੰਦਰਪਾਲ ਸਿੰਘ ਗੋਰਾ ਨੂੰ ਲੰਗਾਹ ਦੀ ਮਦਦ ਕਰਨ ਕਾਰਨ ਤਨਖ਼ਾਹੀਆ ਕਰਾਰ ਦੇਣ, ਅਕਾਲ ਤਖ਼ਤ ਦੇ ਜਥੇਦਾਰ ਵਲੋਂ ਸ਼੍ਰੋਮਣੀ ਕਮੇਟੀ ਨੂੰ ਲੰਗਾਹ ਨਾਲ ਮਿਲਵਰਤਨ ਰੱਖਣ ਵਾਲੇ ਹੋਰ ਲੀਡਰਾਂ ਦੀ ਜਾਂਚ ਕਰ ਕੇ ਉਨ੍ਹਾਂ ਵਿਰੁਧ ਕਾਰਵਾਈ ਕਰਨ ਦੇ ਦਿਤੇ ਆਦੇਸ਼ਾਂ ਤੋਂ ਬਾਅਦ ਪੰਥਕ ਹਲਕਿਆਂ 'ਚ ਹਲ-ਚਲ ਛਿੜਨੀ ਸੁਭਾਵਕ ਹੈ। ਸਿੱਖ ਚਿੰਤਕ ਤੇ ਚਰਚਿਤ ਲੇਖਕ ਪ੍ਰੋ. ਇੰਦਰ ਸਿੰਘ ਘੱਗਾ ਨੇ ਯਾਦ ਕਰਵਾਇਆ ਕਿ 13 ਅਪ੍ਰੈਲ 1978 ਨੂੰ ਅੰਮ੍ਰਿਤਸਰ ਵਿਖੇ ਵਾਪਰੇ ਗੋਲੀ ਕਾਂਡ ਤੋਂ ਬਾਅਦ ਨਿਰੰਕਾਰੀਆਂ ਵਿਰੁਧ ਜਾਰੀ ਹੋਏ ਹੁਕਮਨਾਮੇ ਦੇ ਵਿਰੋਧ 'ਚ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਨੂੰ ਨਿਰੰਕਾਰੀਆਂ ਤੋਂ ਵੋਟਾਂ ਲੈਣ ਦੇ ਦੋਸ਼ 'ਚ ਅਕਾਲ ਤਖ਼ਤ 'ਤੇ ਤਲਬ ਕੀਤਾ ਗਿਆ ਤਾਂ ਸ. ਭੂੰਦੜ ਨੇ ਅੰਮ੍ਰਿਤ ਛਕ ਕੇ ਆਖਿਆ ਕਿ ਉਹ ਪਹਿਲਾਂ ਬੇਅੰਮ੍ਰਿਤੀਆ ਸੀ,
Prof. Inder Singh Ghagga
ਇਸ ਲਈ ਉਸ ਉਪਰ ਹੁਕਮਨਾਮਾ ਲਾਗੂ ਨਹੀਂ ਸੀ ਹੁੰਦਾ, ਹੁਣ ਉਸ ਨੇ ਅੰਮ੍ਰਿਤ ਛਕ ਲਿਆ ਹੈ। ਪ੍ਰੋ. ਘੱਗਾ ਮੁਤਾਬਕ ਅਕਾਲ ਤਖ਼ਤ ਦੇ ਜਥੇਦਾਰ ਨੇ ਦਾਅਵਾ ਕੀਤਾ ਕਿ ਪਹਿਲਾਂ ਭੂੰਦੜ ਨੂੰ ਸਜ਼ਾ ਭੁਗਤਣੀ ਪਵੇਗੀ ਤੇ ਫਿਰ ਹੀ ਉਸ ਦਾ ਅੰਮ੍ਰਿਤ ਪ੍ਰਵਾਨ ਕੀਤਾ ਜਾਵੇਗਾ। ਪਰ ਹੁਣ ਰਹਿਤ ਮਰਿਆਦਾ ਅਤੇ ਸਿੱਖੀ ਸਿਧਾਂਤਾਂ ਨੂੰ ਦਿਤੀ ਜਾ ਰਹੀ ਚੁਨੌਤੀ ਨੂੰ ਵੀ ਬਹੁਤੀ ਗੰਭੀਰਤਾ ਨਹੀਂ ਲਿਆ ਜਾ ਰਿਹਾ। ਪ੍ਰੋ. ਘੱਗਾ ਨੇ ਸਵਾਲ ਕੀਤਾ ਕਿ ਕੀ ਅਕਾਲ ਤਖ਼ਤ ਵੱਡਾ ਹੈ ਜਾਂ ਅਕਾਲ ਤਖ਼ਤ ਦਾ ਜਥੇਦਾਰ? ਕੀ ਤਖ਼ਤਾਂ ਦੇ ਜਥੇਦਾਰ ਵੱਡੇ ਹਨ, ਕੀ ਪੰਜ ਪਿਆਰੇ ਵੱਡੇ ਹਨ? ਕੀ ਗੁਰਬਾਣੀ ਵੱਡੀ ਹੈ, ਕੀ ਅੰਮ੍ਰਿਤ ਵੱਡਾ ਹੈ? ਪ੍ਰੋ. ਘੱਗਾ ਨੇ ਪੁਛਿਆ ਕਿ ਕਿਹੜੀ ਜਥੇਬੰਦੀ ਜਾਂ ਸੰਪਰਦਾ ਦੇ ਪੰਜ ਪਿਆਰੇ ਜਾਂ ਅੰਮ੍ਰਿਤ ਵੱਡਾ ਹੈ?