
ਅਤੀਤ ਦੀਆਂ ਨਮੋਸ਼ੀਆਂ ਤੋਂ ਨਿਕਲ ਕੇ ਭਾਰਤੀ ਮੁੰਡਿਆਂ ਦੀ ਹਾਕੀ ਟੀਮ ਨੇ 41 ਸਾਲ ਬਾਅਦ ਜਿਤਿਆ ਕਾਂਸੀ ਦਾ ਤਮਗ਼ਾ
ਭਾਰਤੀ ਮੁੰਡਿਆਂ ਦੀ ਹਾਕੀ ਟੀਮ ਨੇ ਜਰਮਨੀ ਨੂੰ 5-4 ਨਾਲ ਹਰਾ ਕੇ ਕਾਂਸੀ ਦਾ ਤਮਗ਼ਾ ਜਿਤਿਆ
ਟੋਕੀਉ, 5 ਅਗੱਸਤ : ਆਖਰ ਮਾਸਕੋ ਤੋਂ ਸ਼ੁਰੂ ਹੋਇਆ 41 ਸਾਲ ਦਾ ਇੰਤਜ਼ਾਰ ਟੋਕੀਉ 'ਚ ਖ਼ਤਮ ਹੋਇਆ | ਅਤੀਤ ਦੀਆਂ ਨਮੋਸ਼ੀਆਂ ਤੋਂ ਨਿਕਲ ਕੇ ਭਾਰਤੀ ਮੁੰਡਿਆਂ ਦੀ ਹਾਕੀ ਟੀਮ ਨੇ ਪਛੜਨ ਤੋਂ ਬਾਅਦ ਜ਼ਬਰਦਸਤ ਵਾਪਸੀ ਕਰਦੇ ਹੋਏ ਰੋਮਾਂਚ ਦੇ ਸਿਖਰ 'ਤੇ ਪਹੁੰਚੇ ਮੈਚ ਵਿਚ ਜਰਮਨੀ ਨੂੰ 5-4 ਨਾਲ ਹਰਾ ਕੇ ਉਲੰਪਿਕ ਵਿਚ ਕਾਂਸੀ ਦਾ ਤਮਗ਼ਾ ਜਿੱਤ ਲਿਆ | ਆਖ਼ਰੀ ਪਲਾਂ ਵਿਚ ਜਿਉਂ ਹੀ ਗੋਲਕੀਪਰ ਪੀ.ਆਰ. ਸ਼੍ਰੀਜੇਸ਼ ਨੇ ਤਿੰਨ ਵਾਰ ਦੀ ਚੈਂਪੀਅਨ ਜਰਮਨੀ ਨੂੰ ਮਿਲੇ ਪੈਨਲਟੀ ਕਾਰਨਰ ਨੂੰ ਰੋਕਿਆ, ਭਾਰਤੀ ਖਿਡਾਰੀਆਂ ਨਾਲ ਟੀ.ਵੀ. 'ਤੇ ਇਸ ਇਤਿਹਾਸਕ ਮੁਕਾਬਲੇ ਨੂੰ ਦੇਖ ਰਹੇ ਕਰੋੜਾਂ ਭਾਰਤੀਆਂ ਦੀਆਂ ਅੱਖਾਂ ਸੇਜਲ ਹੋ ਗਈਆਂ | ਹਾਕੀ ਦੇ ਮਾਣਮੱਤੇ ਇਤਿਹਾਸ ਨੂੰ ਨਵੇਂ ਸਿਰੇ ਤੋਂ ਦੁਹਰਾਉਣ ਲਈ ਮੀਲ ਦਾ ਪੱਥਰ ਸਾਬਤ ਹੋਣ ਵਾਲੀ ਇਸ ਜਿੱਤ ਨੇ ਪੂਰੇ ਦੇਸ਼ ਨੂੰ ਭਾਵੁਕ ਕਰ ਦਿਤਾ |
ਇਸ ਰੋਮਾਂਚਕ ਜਿੱਤ ਦੇ ਕਈ ਸੂਤਰਧਾਰ ਰਹੇ ਜਿਨ੍ਹਾਂ ਵਿਚ ਦੋ ਗੋਲ ਕਰਨ ਵਾਲੇ ਸਿਮਰਨਜੀਤ ਸਿੰਘ (17ਵੇਂ ਮਿੰਟ ਤੇ 34ਵੇਂ ਮਿੰਟ), ਹਾਰਦਿਕ ਸਿੰਘ (27ਵੇਂ ਮਿੰਟ), ਹਰਮਨਪ੍ਰੀਤ ਸਿੰਘ (29ਵੇਂ ਮਿੰਟ) ਅਤੇ ਰੁਪਿੰਦਰ ਪਾਲ ਸਿੰਘ (31ਵੇਂ ਮਿੰਟ) ਤਾਂ ਸੀ ਹੀ ਪਰ ਆਖ਼ਰੀ ਪਲਾਂ ਵਿਚ ਪੈਨਲਟੀ ਬਚਾਉਣ ਵਾਲੇ ਗੋਲਕੀਪਰ ਸ਼੍ਰੀਜੇਸ਼ ਵੀ ਸ਼ਾਮਲ ਹਨ | ਭਾਰਤੀ ਟੀਮ 1980 ਮਾਸਕੋ ਉਲੰਪਿਕ ਵਿਚ ਅਪਣੇ ਅੱਠ ਸੋਨ ਤਮਿਗ਼ਆਂ ਵਿਚੋਂ ਆਖ਼ਰੀ ਤਮਗ਼ਾ ਜਿੱਤਣ ਤੋਂ 41 ਸਾਲ ਬਾਅਦ ਉਲੰਪਿਕ ਤਮਗ਼ਾ ਜਿੱਤੀ ਹੈ | ਮਾਸਕੋ ਤੋਂ ਟੋਕੀਉ ਤਕ ਦੇ ਸਫ਼ਰ ਵਿਚ ਬੀਜਿੰਗ ਉਲੰਪਿਕ 2008 ਲਈ ਕੁਆਲੀਫ਼ਾਈ ਨਹੀਂ ਕਰ ਸਕਣ ਅਤੇ ਹਰ ਉਲੰਪਿਕ ਖੇਡਾਂ ਤੋਂ ਖ਼ਾਲੀ ਹੱਥ ਪਰਤਣ ਦੀਆਂ ਕਈ ਨਮੋਸ਼ੀਆਂ ਸ਼ਾਮਲ ਰਹੀਆਂ | ਟੋਕੀਉ ਖੇਡਾਂ ਵਿਚ ਭਾਰਤ ਦਾ ਇਹ ਪੰਜਵਾਂ ਤਮਗ਼ਾ ਹੋਵੇਗਾ | ਇਸ ਤੋਂ ਪਹਿਲਾਂ ਭਾਰ ਚੁੱਕਣ ਵਿਚ ਮੀਰਾਬਾਈ ਚਾਨੂ ਨੇ ਚਾਂਦੀ ਜਦੋਂਕਿ ਬੈਡਮਿੰਟਨ ਵਿਚ ਪੀ.ਵੀ ਸਿੰਧੂ ਅਤੇ ਮੁੱਕੇਬਾਜ਼ੀ ਵਿਚ ਲਵਲੀਨਾ ਬੋਰਗੋਹੇਨ ਨੇ ਕਾਂਸੀ ਤਮਗ਼ਾ ਜਿਤਿਆ ਅਤੇ ਕੁਸ਼ਤੀ ਵਿਚ ਰਵੀ ਦਾਹੀਆ ਨੇ ਫ਼ਾਈਨਲ ਵਿਚ ਪਹੁੰਚ ਕੇ ਤਮਗ਼ਾ ਪੱਕਾ ਕੀਤਾ | ਅੱਠ ਵਾਰ ਦੀ ਉਲੰਪਿਕ ਚੈਂਪੀਅਨ ਅਤੇ ਦੁਨੀਆਂ ਦੀ ਤੀਜੇ ਨੰਬਰ ਦੀ ਭਾਰਤੀ ਟੀਮ ਇਕ ਸਮੇਂ 1-3 ਨਾਲ ਪਿੱਛੇ ਸੀ ਪਰ ਕਬਾਅ ਨੂੰ ਕਾਬੂ ਕਰਦਿਆਂ ਅੱਠ ਮਿੰਟਾਂ ਵਿਚ ਚਾਰ ਗੋਲ ਦਾਗ਼ ਕੇ ਜਿੱਤ ਦਰਜ ਕਰਨ ਵਿਚ ਸਫ਼ਲ ਰਹੀ |
ਦੁਨੀਆਂ ਦੀ ਚੌਥੇ ਨੰਬਰ ਦੀ ਟੀਮ ਜਰਮਨੀ ਵਲੋਂ ਤਿਮੂਰ ਊਰੋਜ਼ (ਦੂਜੇ ਮਿੰਟ), ਨਿਕਲਾਸ ਵੇਲੇਨ (24ਵੇਂ ਮਿੰਟ), ਬੇਨੇਡਿਕਟ ਫ਼ੁਰਕ (25ਵੇਂ ਮਿੰਟ) ਅਤੇ ਲੁਕਾਸ ਵਿੰਡਰਫ਼ੇਡਰ (48ਵੇਂ ਮਿੰਟ) ਨੇ ਗੋਲ ਦਾਗ਼ੇ | ਮੈਚ ਦੇ ਅੱਧ ਤਕ ਦੋਵੇਂ ਟੀਮਾਂ 3-3 ਨਾਲ ਬਰਾਬਰੀ 'ਤੇ ਸਨ | ਜਰਮਨੀ ਦੀ ਟੀਮ ਬਰਾਬਰੀ ਦੀ ਤਲਾਸ਼ ਵਿਚ ਆਖ਼ਰੀ ਪੰਜ ਮਿੰਟਾਂ ਵਿਚ ਬਿਨਾਂ ਗੋਲਕੀਪਰ ਦੇ ਖੇਡੀ | ਟੀਮ ਨੂੰ 58ਵੇਂ ਮਿੰਟ ਅਤੇ 60ਵੇਂ ਮਿੰਟ ਵਿਚ ਪੈਨਲਟੀ ਕਾਰਨਰ ਮਿਲੇ ਪਰ ਭਾਰਤੀ ਰਖਿਆ ਕਤਾਰ ਨੇ ਇਨ੍ਹਾਂ ਹਮਲਿਆਂ ਨੂੰ ਅਸਫ਼ਲ ਕਰ ਕੇ ਕਾਂਸੀ ਤਮਗ਼ਾ ਅਪਣੇ ਨਾਂ ਕੀਤਾ |
1980 ਦੀਆਂ ਮਾਸਕੋ ਉਲੰਪਿਕ ਖੇਡਾਂ ਤੋਂ ਬਾਅਦ ਇਹ ਭਾਰਤ ਦਾ ਪਹਿਲਾ ਉਲੰਪਿਕ ਹਾਕੀ ਤਗਗ਼ਾ ਹੈ | ਇਸ ਦੇ ਨਾਲ ਹੀ ਉਲੰਪਿਕ ਦੇ ਇਤਿਹਾਸ ਵਿਚ ਭਾਰਤ ਦਾ ਇਹ ਤੀਜਾ ਹਾਕੀ ਕਾਂਸੀ ਤਮਗ਼ਾ ਹੈ | ਹੋਰ ਦੋ ਕਾਂਸੀ ਦੇ ਤਮਗ਼ੇ 1968 ਮੈਕਸੀਕੋ ਸਿਟੀ ਅਤੇ 1972 ਮਿਊਨਿਖ ਖੇਡਾਂ ਵਿਚ ਆਏ | ਭਾਰਤੀ ਮੁੰਡਿਆਂ ਦੀ ਹਾਕੀ ਟੀਮ ਨੇ ਕੁੱਲ 12 ਤਮਗ਼ੇ ਜਿੱਤੇ ਹਨ, ਜਿਨ੍ਹਾਂ ਵਿਚ 8 ਸੋਨੇ ਦੇ, ਇਕ ਚਾਂਦੀ ਅਤੇ 3 ਕਾਂਸੀ ਦੇ ਤਮਗ਼ੇ ਸ਼ਾਮਲ ਹਨ |