
ਪੱਟਾਂ ਵਿਚਕਾਰ ਕੀਤੀ ਗ਼ਲਤ ਹਰਕਤ ਬਲਾਤਕਾਰ ਦੇ ਬਰਾਬਰ : ਕੇਰਲ ਹਾਈਕੋਰਟ
ਨਵੀਂ ਦਿੱਲੀ, 5 ਅਗੱਸਤ : ਕੇਰਲ ਹਾਈ ਕੋਰਟ ਨੇ ਬਲਾਤਕਾਰ ਨਾਲ ਜੁੜੇ ਇਕ ਮਾਮਲੇ ’ਚ ਇਕ ਅਹਿਮ ਫ਼ੈਸਲਾ ਦਿਤਾ ਹੈ। ਅਦਾਲਤ ਨੇ ਕਿਹਾ ਹੈ ਕਿ ਜੇਕਰ ਪੀੜਤ ਦੇ ਪੱਟਾਂ ਦੇ ਵਿਚਕਾਰ ਕੋਈ ਗ਼ਲਤ ਕੰਮ ਕੀਤਾ ਜਾਂਦਾ ਹੈ ਤਾਂ ਇਸ ਨੂੰ ਵੀ ਬਲਾਤਕਾਰ ਮੰਨਿਆ ਜਾਵੇਗਾ। ਅਦਾਲਤ ਦਾ ਕਹਿਣਾ ਹੈ ਕਿ ਇਸ ਐਕਟ ਨੂੰ ਇੰਡੀਅਨ ਪੈਨਲ ਕੋਡ ਦੀ ਧਾਰਾ 375 ਦੇ ਤਹਿਤ ਪਰਿਭਾਸ਼ਿਤ ਬਲਾਤਕਾਰ ਮੰਨਿਆ ਜਾਵੇਗਾ। ਦਰਅਸਲ ਇਹ ਫ਼ੈਸਲਾ 2015 ਦੇ ਇਕ ਬਲਾਤਕਾਰ ਮਾਮਲੇ ਵਿਚ ਦਿਤਾ ਗਿਆ ਹੈ। ਜਸਟਿਸ ਕੇ. ਵਿਨੋਦ ਚੰਦਰਨ ਦੀ ਅਗਵਾਈ ਵਾਲੇ ਬੈਂਚ ਨੇ ਇਹ ਫ਼ੈਸਲਾ ਸੁਣਾਇਆ। ਮਾਮਲੇ ’ਚ ਦੋਸ਼ੀ ’ਤੇ ਗੁਆਂਢ ਵਿਚ ਰਹਿਣ ਵਾਲੀ 11 ਸਾਲਾ ਲੜਕੀ ਨਾਲ ਬਲਾਤਕਾਰ ਕਰਨ ਦਾ ਦੋਸ਼ ਸੀ। ਦੋਸ਼ੀ ਨੂੰ ਪਹਿਲਾਂ ਹੀ ਸੈਸ਼ਨ ਕੋਰਟ ਤੋਂ ਉਮਰ ਕੈਦ ਦੀ ਸਜ਼ਾ ਹੋ ਚੁੱਕੀ ਸੀ। ਬਾਅਦ ਵਿਚ ਉਸਨੇ ਹਾਈ ਕੋਰਟ ਵਿਚ ਅਰਜ਼ੀ ਦਿਤੀ ਸੀ। ਅਰਜ਼ੀ ਇਸ ਆਧਾਰ ’ਤੇ ਦਾਖ਼ਲ ਕੀਤੀ ਗਈ ਸੀ ਕਿ ਪੱਟਾਂ ਦੇ ਵਿਚਕਾਰ ਪੇਨੇਟ੍ਰੇਸ਼ਨ ਨੂੰ ਬਲਾਤਕਾਰ ਕਿਵੇਂ ਮੰਨਿਆ ਜਾ ਸਕਦਾ ਹੈ? ਦਰਅਸਲ ਦੋਸ਼ੀ 11 ਸਾਲ ਦੀ ਬੱਚੀ ਨਾਲ ਲਗਾਤਾਰ ਗ਼ਲਤ ਕੰਮ ਕਰਦਾ ਸੀ। ਉਹ ਪੇਟ ਦਰਦ ਦੀ ਸ਼ਿਕਾਇਤ ਕਰਦੀ ਸੀ ਜਿਸ ਤੋਂ ਬਾਅਦ ਉਸ ਦੀ ਮਾਂ ਉਸ ਨੂੰ ਹਸਪਤਾਲ ਲੈ ਗਈ। ਹਸਪਤਾਲ ਦੀ ਜਾਂਚ ਵਿਚ ਇਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ। ਬਾਅਦ ਵਿਚ ਚਾਈਲਡ ਲਾਈਨ ਅਧਿਕਾਰੀਆਂ ਦੀ ਮਦਦ ਨਾਲ ਕੇਸ ਦਰਜ ਕੀਤਾ ਗਿਆ।
ਇਸ ਮਾਮਲੇ ਵਿਚ ਫ਼ੈਸਲਾ ਸੁਣਾਉਂਦੇ ਹੋਏ ਕੇਰਲ ਹਾਈ ਕੋਰਟ ਨੇ ਕਿਹਾ, “ਸਾਡੇ ਦਿਮਾਗ ਵਿਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਪੀੜਤਾ ਦੀਆਂ ਲੱਤਾਂ ਨੂੰ ਜੋੜ ਕੇ ਉਸਦੇ ਸਰੀਰ ਨਾਲ ਛੇੜਛਾੜ ਕੀਤੀ ਜਾਂਦੀ ਹੈ ਤਾਂ ਜੋ ਸਨਸਨੀ ਪੈਦਾ ਕੀਤੀ ਜਾ ਸਕੇ, ਇਹ ਬਲਾਤਕਾਰ ਦੇ ਅਪਰਾਧ ਨੂੰ ਆਕਰਸ਼ਤ ਕਰਦੀ ਹੈ। ਜੇ ਅਜਿਹੀ ਕੋਈ ਪੇਨੇਟ੍ਰੇਸ਼ਨ ਜ਼ਬਰਦਸਤੀ ਕੀਤੀ ਜਾਂਦੀ ਹੈ ਤਾਂ ਇਸ ਨੂੰ ਧਾਰਾ 375 ਤਹਿਤ ਬਲਾਤਕਾਰ ਮੰਨਿਆ ਜਾਵੇਗਾ।” (ਏਜੰਸੀ)