
ਚਲਾਨ ਵਿਚ ਧਰਮਸੋਤ ਦੇ ਭ੍ਰਿਸ਼ਟਾਚਾਰ ਦੀ ਪੂਰੀ ਕਹਾਣੀ ਲਿਖੀ ਹੋਈ ਹੈ।
ਚੰਡੀਗੜ੍ਹ - ਪੰਜਾਬ ਕਾਂਗਰਸ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਸ਼ਨੀਵਾਰ ਨੂੰ ਵਿਜੀਲੈਂਸ ਬਿਊਰੋ ਨੇ ਮੋਹਾਲੀ ਦੀ ਅਦਾਲਤ ਵਿਚ ਮੰਤਰੀ ਧਰਮਸੋਤ ਖਿਲਾਫ਼ 1200 ਪੰਨਿਆਂ ਦਾ ਚਲਾਨ ਪੇਸ਼ ਕੀਤਾ ਹੈ। ਧਰਮਸੋਤ ਤੋਂ ਇਲਾਵਾ ਡੀਐਫਓ ਗੁਰਮਨ ਤੇ ਠੇਕੇਦਾਰ ਖ਼ਿਲਾਫ਼ ਵੀ ਚਲਾਨ ਪੇਸ਼ ਕੀਤਾ ਗਿਆ। ਜਿਸ ਵਿਚ ਉਨ੍ਹਾਂ ਦੇ ਭ੍ਰਿਸ਼ਟਾਚਾਰ ਦੀ ਪੂਰੀ ਕਹਾਣੀ ਲਿਖੀ ਹੋਈ ਹੈ।
Sadhu Singh Dharamsot
ਇਸ ਦੇ ਨਾਲ ਹੀ ਵਿਜੀਲੈਂਸ ਬਿਊਰੋ ਨੇ ਹੁਣ ਧਰਮਸੋਤ ਖਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜੰਗਲਾਤ ਘੁਟਾਲੇ ਵਿਚ ਗ੍ਰਿਫ਼ਤਾਰੀ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਧਰਮਸੋਤ ਨਾਲ ਸਬੰਧਤ ਕਈ ਜਾਇਦਾਦਾਂ ਹਾਸਲ ਕੀਤੀਆਂ ਹਨ। ਸਾਧੂ ਸਿੰਘ ਧਰਮਸੋਤ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿਚ ਜੰਗਲਾਤ ਮੰਤਰੀ ਸਨ। ਉਹਨਾਂ 'ਤੇ ਜੰਗਲਾਤ ਵਿਭਾਗ 'ਚ ਦਰੱਖਤ ਵੱਢਣ ਬਦਲੇ 500 ਰੁਪਏ ਰਿਸ਼ਵਤ ਲੈਣ ਦਾ ਦੋਸ਼ ਹੈ। ਵਿਜੀਲੈਂਸ ਨੇ ਦਾਅਵਾ ਕੀਤਾ ਸੀ ਕਿ ਕਰੀਬ 1.25 ਕਰੋੜ ਰੁਪਏ ਦੇ ਭ੍ਰਿਸ਼ਟਾਚਾਰ ਦੇ ਸਬੂਤ ਮਿਲੇ ਹਨ। ਜਿਸ ਤੋਂ ਬਾਅਦ ਵਿਜੀਲੈਂਸ ਨੇ ਧਰਮਸੋਤ ਨੂੰ ਤੜਕੇ ਘਰੋਂ ਗ੍ਰਿਫਤਾਰ ਕਰ ਲਿਆ ਸੀ।
Sadhu Singh Dharamsot
ਧਰਮਸੋਤ ਦਾ ਨਾਂ ਡੀਐਫਓ ਅਤੇ ਇਕ ਠੇਕੇਦਾਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਾਹਮਣੇ ਆਇਆ ਸੀ। ਧਰਮਸੋਤ ਇਸ ਸਮੇਂ ਨਾਭਾ ਜੇਲ੍ਹ ਵਿਚ ਬੰਦ ਹੈ। ਮੋਹਾਲੀ ਕੋਰਟ ਵੱਲੋਂ ਜ਼ਮਾਨਤ ਖਾਰਜ ਹੋਣ ਤੋਂ ਬਾਅਦ ਧਰਮਸੋਤ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ। ਧਰਮਸੋਤ ਹੁਣ ਵਿਜੀਲੈਂਸ ਹੀ ਨਹੀਂ ਚੋਣ ਕਮਿਸ਼ਨ ਦੇ ਰਾਡਾਰ 'ਤੇ ਵੀ ਹਨ। ਧਰਮਸੋਤ ਖਿਲਾਫ਼ ਕੀਤੀ ਗਈ ਜਾਂਚ 'ਚ ਸਾਹਮਣੇ ਆਇਆ ਕਿ ਉਸ ਦੀ ਪਤਨੀ ਸ਼ੀਲਾ ਦੇ ਨਾਂ 'ਤੇ ਮੋਹਾਲੀ 'ਚ 500 ਗਜ਼ ਦਾ ਰਿਹਾਇਸ਼ੀ ਪਲਾਟ ਹੈ। ਪਿਛਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਧਰਮਸੋਤ ਨੇ ਨਾਭਾ ਤੋਂ ਚੋਣ ਲੜੀ ਸੀ ਅਤੇ ਉਹਨਾਂ ਨੇ ਆਪਣੇ ਚੋਣ ਹਲਫ਼ਨਾਮੇ ਵਿਚ ਇਸ ਪਲਾਟ ਦਾ ਵੇਰਵਾ ਨਹੀਂ ਦਿੱਤਾ। ਜਿਸ ਤੋਂ ਬਾਅਦ ਵਿਜੀਲੈਂਸ ਨੇ ਚੋਣ ਕਮਿਸ਼ਨ ਨੂੰ ਕਾਰਵਾਈ ਲਈ ਪੱਤਰ ਭੇਜਿਆ ਹੈ। ਇਸ ਮਾਮਲੇ 'ਚ ਵੀ ਧਰਮਸੋਤ ਫਸ ਸਕਦੇ ਹਨ।