
ਬੀਰੇਨ ਸਰਕਾਰ ਨੂੰ ਬਰਖ਼ਾਸਤ ਕਰਨ ਦੀ ਮੰਗ ਨੂੰ ਕੇਂਦਰ ਕੋਲ ਚੁਕਣ ਲਈ ਕਿਹਾ
ਮੁਹਾਲੀ - ਮਨੀਪੁਰ ਚ 2 ਔਰਤਾਂ ਨੂੰ ਜਨਤਕ ਤੌਰ 'ਤੇ ਨਿਰਵਸਤਰ ਕਰਨ ਅਤੇ ਅਨੇਕਾਂ ਨੂੰ ਬਲਾਤਕਾਰ ਦਾ ਸ਼ਿਕਾਰ ਬਣਾਉਣ ਦੇ ਘਿਨਾਉਣੇ ਜੁਰਮਾਂ ਤੋਂ ਇਲਾਵਾ ਪੂਰੇ ਦੇਸ਼ ਵਿਚ ਭਾਜਪਾ ਹਕੂਮਤ ਵੱਲੋਂ ਚਲਾਈ ਜਾ ਰਹੀ ਹਿੰਸਕ ਫਿਰਕੂਫਾਸ਼ੀ ਮੁਹਿੰਮ ਵਿਰੁੱਧ ਅੱਜ ਪੰਜਾਬ ਭਰ ਤੋਂ ਹਜ਼ਾਰਾਂ ਦੀ ਤਾਦਾਦ ਵਿਚ ਪੁੱਜੀਆਂ ਮਹਿਲਾਵਾਂ ਨੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ ਹੇਠ ਰੋਹ ਭਰਪੂਰ ਰੋਸ ਮਾਰਚ ਕੀਤਾ ਅਤੇ ਪੰਜਾਬ ਦੇ ਗਵਰਨਰ ਨੂੰ ਮੰਗ ਪੱਤਰ ਸੌਂਪਿਆ।
ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਰੋਸ ਪ੍ਰਦਰਸ਼ਨ ਤੋਂ ਪਹਿਲਾਂ ਪੁੱਡਾ ਭਵਨ ਮੁਹਾਲੀ ਵਿਖੇ ਕੀਤੀ ਗਈ ਵਿਸ਼ਾਲ ਰੋਸ ਰੈਲੀ ਦੌਰਾਨ ਪੂਰੇ ਪੰਡਾਲ ਵੱਲੋਂ ਹੱਥ ਖੜ੍ਹੇ ਕਰਕੇ ਮੰਗ ਕੀਤੀ ਗਈ ਕਿ ਮਨੀਪੁਰ ਦੀ ਫਿਰਕੂ ਫਾਂਸੀ ਬੀਰੇਨ ਸਰਕਾਰ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਵੇ ਅਤੇ ਕੇਂਦਰ ਸਰਕਾਰ ਨੂੰ ਜੁਆਬਦੇਹ ਬਣਾਇਆ ਜਾਵੇ।
ਔਰਤਾਂ ਨੂੰ ਨਿਰਵਸਤਰ ਕਰਕੇ ਸ਼ਰੇਬਾਜ਼ਾਰ ਬੇਪੱਤ ਕਰਨ ਵਾਲੀਆਂ ਭੀੜਾਂ ਜੁਟਾਉਣ ਵਾਲੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਤੀਆਂ ਜਾਣ। ਫਿਰਕੂਫਾਸੀ ਕਤਲਓਗਾਰਦ, ਸਾੜਫੂਕ, ਲੁੱਟਮਾਰ, ਪਿੰਡਾਂ ਦਾ ਉਜਾੜਾ ਅਤੇ ਧਾਰਮਿਕ ਸਥਾਨਾਂ ਦੀ ਬੇਹੁਰਮਤ ਬੰਦ ਕੀਤੀ ਜਾਵੇ ਅਤੇ ਇਹਨਾਂ ਜੁਰਮਾਂ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਮਨੀਪੁਰ ਦੇ ਕਬਾਇਲੀ ਭਾਈਚਾਰਿਆਂ ਦੇ ਜਲ, ਜੰਗਲ ਤੇ ਜ਼ਮੀਨਾਂ ਨੂੰ ਹਥਿਆਉਣ ਲਈ ਚੁੱਕੇ ਜਾ ਰਹੇ ਸਾਰੇ ਕਾਨੂੰਨੀ, ਪ੍ਰਸ਼ਾਸਨਿਕਸਿਆਸੀ ਤੇ ਹਿੰਸਕ ਕਦਮ ਵਾਪਸ ਲਏ ਜਾਣ।
ਮਨੀਪੁਰ ਦੇ ਮੈਤਈ, ਕੁੱਕੀ ਅਤੇ ਹੋਰਨਾਂ ਭਾਈਚਾਰਿਆਂ ਦੀ ਏਕਤਾ ਦੀ ਮੁਬਹਾਲੀ ਲਈ ਵਿਆਪਕ ਭਰੋਸਾਬੰਨ੍ਹਾਊ ਕਦਮਾਂ ਨੂੰ ਅਮਲ 'ਚ ਲਿਆਂਦਾ ਜਾਵੇ। ਫਿਰਕੂ ਤੇ ਭਾਈਚਾਰਕ ਅਮਨ ਦੀ ਬਹਾਲੀ ਨੂੰ ਯਕੀਨੀ ਬਣਾਇਆ ਜਾਵੇ। ਜੰਗਲ ਸੰਭਾਲ (ਸੋਧ) ਕਾਨੂੰਨ 2023 ਵਾਪਸ ਲਿਆ ਜਾਵੇ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਹਰਿੰਦਰ ਕੌਰ ਬਿੰਦੂ ਨੇ ਦੋਸ਼ ਲਾਇਆ ਕਿ ਅੰਨ੍ਹਾ ਫਿਰਕੂ ਰਾਸ਼ਟਰਵਾਦ ਭੜਕਾ ਕੇ ਅਗਲੇ ਸਾਲ ਲੋਕ ਸਭਾ ਚੋਣਾਂ ਵਿਚ ਹਿੰਦੂ ਬਹੁਗਿਣਤੀ ਦਾ ਵੋਟਲਾਹਾ ਲੈਣਾ ਇਸ ਮੁਹਿੰਮ ਦਾ ਇੱਕ ਫੌਰੀ ਨਿਸ਼ਾਨਾ ਹੈ।
ਬਰਤਾਨਵੀ ਸਾਮਰਾਜੀਆਂ ਤੋਂ ਵਿਰਸੇ ਵਿਚ ਮਿਲੀ ਪਾੜੋ ਤੇ ਰਾਜ ਕਰੋ ਦੀ ਇਸ ਫ਼ਿਰਕੂਫਾਸ਼ੀ ਨੀਤੀ ਦਾ ਅਸਲ ਨਿਸ਼ਾਨਾ ਕਿਰਤੀ ਲੋਕਾਂ ਨੂੰ ਆਪਸ ਵਿਚ ਲੜਾ ਕੇ ਉਨ੍ਹਾਂ ਦੇ ਜਲ, ਜੰਗਲ, ਜ਼ਮੀਨਾਂ ਸਮੇਤ ਸਾਰੇ ਜਨਤਕ ਕਾਰੋਬਾਰ ਦੇਸੀ ਵਿਦੇਸ਼ੀ ਸਾਮਰਾਜੀ ਕਾਰਪੋਰੇਟਾਂ ਦੇ ਹਵਾਲੇ ਕਰਨਾ ਹੈ ਅਤੇ ਬੇਰੁਜ਼ਗਾਰੀ ਦਾ ਹੜ੍ਹ ਲਿਆ ਕੇ ਕਿਰਤ ਦੀ ਲੁੱਟ ਸਿਖਰਾਂ “ਤੇ ਪਹੁੰਚਾਉਣਾ ਹੈ। ਕੁਲਦੀਪ ਕੌਰ ਕੁੱਸਾ ਨੇ ਕਿਹਾ ਕਿ ਫਿਰਕਾਪ੍ਰਸਤੀ ਨਾਲ ਗ੍ਰਸਤ ਮੈਤੋਈ ਹਿੰਦੂਆਂ ਵੱਲੋਂ ਘੱਟ ਗਿਣਤੀ ਕੁੱਕੀ ਆਦਿਵਾਸੀ ਕਬੀਲੇ ਨੂੰ ਮੁੱਖ ਨਿਸ਼ਾਨਾ ਬਣਾ ਕੇ ਉਨ੍ਹਾਂ ਦੇ ਸੈਂਕੜੇ ਪਿੰਡਾਂ ਅਤੇ 300 ਚਰਚ ਘਰਾਂ ਨੂੰ ਸਾੜਨਾ, 150 ਤੋਂ ਵੱਧ ਕਤਲਾਂ ਸਮੇਤ ਸੈਂਕੜੇ ਪਿੰਡਾਂ ਦੇ ਦਹਿ ਹਜ਼ਾਰਾਂ ਲੋਕਾਂ ਨੂੰ ਉਜਾੜਨਾ ਅਤੇ ਥਾਂ-ਥਾਂ ਔਰਤਾਂ ਨੂੰ ਬਲਾਤਕਾਰ ਦਾ ਸ਼ਿਕਾਰ ਬਣਾਉਣਾ ਇਸੇ ਨੀਤੀ ਦਾ ਹਿੱਸਾ ਹੈ।
ਮਨਦੀਪ ਕੌਰ ਬਾਰਨ ਨੇ ਦੋਸ਼ ਲਾਇਆ ਕਿ ਅਜਿਹੇ ਹਿੰਸਕ ਅਨਸਰਾਂ ਦੁਆਰਾ ਸੈਂਕੜੇ ਥਾਣਿਆਂ ਦੇ 4500 ਤੋਂ ਵੱਧ ਆਧੁਨਿਕ ਹਥਿਆਰ, 5 ਲੱਖ ਤੋਂ ਵੱਧ ਗੋਲੀ ਸਿੱਕਾ ਅਤੇ ਪੁਲਸੀ ਵਰਦੀਆਂ ਲੁੱਟਣ ਮੌਕੇ ਪੁਲਿਸ ਵੱਲੋਂ ਅੱਖਾਂ ਮੀਚਣਾ ਬੀਰੇਨ ਸਰਕਾਰ ਦੀ ਫਾਸ਼ੀਵਾਦੀ ਨੀਤੀ ਦਾ ਮੂੰਹੋਂ ਬੋਲਦਾ ਸਬੂਤ ਹੈ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸਮੂਹ ਇਨਸਾਫ਼ਪਸੰਦ ਲੋਕਾਂ ਵੱਲੋਂ ਅਜਿਹੇ ਅਣਮਨੁੱਖੀ ਕਾਰਿਆਂ ਪ੍ਰਤੀ ਬੀਰੇਨ ਸਰਕਾਰ ਵੱਲੋਂ ਧਾਰਨ ਕੀਤੇ ਗਏ ਹੱਲਾਸ਼ੇਰੀ ਵਾਲੇ ਫਾਸ਼ੀਵਾਦੀ ਵਤੀਰੇ ਦੀ ਅਤੇ ਕੇਂਦਰ ਸਰਕਾਰ ਵੱਲੋਂ ਧਾਰੀ ਗਈ ਮੁਜਰਮਾਨਾ ਹਮਾਇਤੀ ਚੁੱਪ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ।
ਉਨ੍ਹਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਅੱਜ ਦੇ ਮੰਗ ਪੱਤਰ ਦੀਆਂ ਹੱਕੀ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿਚ ਹੋਰ ਵੀ ਵਿਸ਼ਾਲ ਅਤੇ ਤਿੱਖੇ ਡੋਕਘੋਲਾਂ ਦਾ ਸਾਹਮਣਾ ਕਰਨ ਲਈ ਸਰਕਾਰਾਂ ਨੂੰ ਤਿਆਰ ਰਹਿਣਾ ਚਾਹੀਦਾ ਹੈ। ਸਟੇਜ ਸਕੱਤਰ ਦੀ ਭੂਮਿਕਾ ਕਮਲਜੀਤ ਕੌਰ ਬਰਨਾਲਾ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਹੋਰ ਮਹਿਲਾ ਆਗੂਆਂ ਵਿੱਚ ਜਸਵੀਰ ਕੌਰ ਉਗਰਾਹਾਂ, ਗੁਰਮੇਲ ਕੌਰ ਦੁਲਮਾਂ,ਸਰੋਜ ਰਾਣੀ ਮਾਨਸਾ, ਹਰਿੰਦਰ ਕੌਰ ਮੰਦੁਛਾਂਗਾ ਅਤੇ ਦਵਿੰਦਰ ਕੌਰ ਗੁਰਦਾਸਪੁਰ ਸ਼ਾਮਲ ਸਨ। ਸੂਬਾ ਅਹੁਦੇਦਾਰ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ,ਹਰਦੀਪ ਸਿੰਘ ਟੱਲੇਵਾਲ, ਰੂਪ ਸਿੰਘ ਛੰਨਾਂ, ਜਨਕ ਸਿੰਘ ਭੁਟਾਲ ਅਤੇ ਜਗਤਾਰ ਸਿੰਘ ਕਾਲਾਝਾੜ ਤੋਂ ਇਲਾਵਾ ਵੱਖ ਵੱਖ ਜ਼ਿਲ੍ਹਿਆਂ ਦੇ ਆਗੂ ਵੀ ਹਾਜ਼ਰ ਸਨ।