
17 ਅਗਸਤ ਤੋਂ 5 ਸਤੰਬਰ ਤੱਕ ਸੂਬੇ ਦੇ ਹਰੇਕ ਪਿੰਡ ਵਿਚ ਯਾਤਰਾ ਕੱਢੀ ਜਾਵੇਗੀ
Land Pooling Policy in Punjab : ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਲਿਆਂਦੀ ਗਈ ਕਿਸਾਨ ਮਾਰੂ ਲੈਂਡ ਪੂਲਿੰਗ ਸਕੀਮ ਦੇ ਖਿਲਾਫ਼ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਵਿੱਢੀ ਗਈ ਜੰਗ ਨੂੰ ਹੋਰ ਤਿੱਖਾ ਕਰਦੇ ਹੋਏ ਹੁਣ 17 ਅਗਸਤ ਤੋਂ 5 ਸਤੰਬਰ 2025 ਤੱਕ ਸੂਬੇ ਭਰ ਵਿੱਚ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗੁਵਾਈ ਹੇਠ "ਜ਼ਮੀਨ ਬਚਾਉ, ਕਿਸਾਨ ਬਚਾਉ" ਯਾਤਰਾ ਕੱਢੇਗੀ, ਇਹ ਕਹਿਣਾ ਹੈ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਦਾ, ਜੋ ਕਿ ਅੱਜ ਸੂਬਾ ਜਨਰਲ ਸਕੱਤਰ ਅਨਿਲ ਸਰੀਨ, ਰਾਕੇਸ਼ ਰਾਠੌਰ, ਦਿਆਲ ਸਿੰਘ ਸੋਢੀ, ਭਾਜਪਾ ਬੁਲਾਰਾ ਪ੍ਰਿਤਪਾਲ ਸਿੰਘ ਬੱਲੀਏਵਾਲ, ਭਾਜਪਾ ਪੰਜਾਬ ਸੂਬਾ ਮੀਡੀਆ ਮੁਖੀ ਵਿਨੀਤ ਜੋਸ਼ੀ ਦੀ ਹਾਜ਼ਰੀ ਵਿੱਚ ਭਾਜਪਾ ਪੰਜਾਬ ਦੇ ਮੁੱਖ ਦਫ਼ਤਰ ਵਿਖੇ ਪ੍ਰੈੱਸ ਕਾਨਫਰੰਸ ਕਰ ਰਹੇ ਸਨ ।
ਢਿੱਲੋ ਨੇ ਦੱਸਿਆ ਕਿ ਇਸ ਯਾਤਰਾ ਦੌਰਾਨ ਭਾਜਪਾ ਪੰਜਾਬ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਇਸ ਸਕੀਮ ਦੇ ਵਿਰੁੱਧ ਜਾਗਰੂਕ ਕਰਕੇ ਲਾਮਬੱਧ ਕਰੇਗੀ ਅਤੇ ਪਹਿਲਾਂ ਤੋਂ ਹੀ ਜਾਗਰੂਕ ਹੋ ਕੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਮਿਲ ਕੇ ਮੋਢੇ ਨਾਲ ਮੋਢਾ ਲਗਾ ਕੇ ਸਾਥ ਨਿਭਾਏਗੀ।
17 ਅਗਸਤ ਤੋਂ ਪਟਿਆਲਾ ਤੋਂ ਸ਼ੁਰੂ ਹੋਣ ਵਾਲੀ ਇਹ ਯਾਤਰਾ ਲੈਂਡ ਪੂਲਿੰਗ ਦੀ ਮਾਰ ਹੇਠ ਆਏ ਮਾਲਵਾ, ਮਾਝਾ, ਦੋਆਬਾ ਦੇ ਪਿੰਡਾਂ ਵਿੱਚ ਹੁੰਦੀ ਹੋਈ 5 ਸਤੰਬਰ ਨੂੰ ਪਠਾਨਕੋਟ ਵਿਖੇ ਸਮਾਪਤ ਹੋਵੇਗੀ।
ਭਾਜਪਾ ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਦੀ ਜ਼ਮੀਨਾਂ ‘ਤੇ ਵੱਡਾ ਹਮਲਾ ਕੀਤਾ ਹੈ। ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਲੈਂਡ ਪੂਲਿੰਗ ਸਕੀਮ ਰਾਹੀਂ ਭੂ ਮਾਫੀਆ ਨੂੰ ਚੋਰ ਰਸਤੇ ਰਾਹੀਂ ਦੇਣਾ ਚਾਹੁੰਦੀ ਹੈ, ਜੋ ਕਿਸੇ ਵੀ ਹਾਲਤ ਵਿੱਚ ਮਨਜ਼ੂਰ ਨਹੀਂ।
ਉਨ੍ਹਾਂ ਕਿਹਾ, “ਭਾਜਪਾ ਕਿਸਾਨਾਂ ਦੇ ਨਾਲ ਚੱਟਾਨ ਵਾਂਗ ਖੜ੍ਹੀ ਹੈ, ਕੋਈ ਜ਼ਬਰਦਸਤੀ ਜਾਂ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ।" ਜਦੋਂ ਤਕ ਭਗਵੰਤ ਮਾਨ ਸਰਕਾਰ ਆਪਣਾ ਲੈਂਡ ਪੂਲਿੰਗ ਦਾ ਐਲਾਨ ਵਾਪਸ ਨਹੀਂ ਲੈਂਦੀ, ਉਦੋਂ ਤੱਕ ਭਾਜਪਾ ਕਿਸਾਨਾਂ ਨਾਲ ਮਿਲ ਕੇ ਹਰ ਪੱਧਰ ‘ਤੇ ਸੰਘਰਸ਼ ਕਰੇਗੀ।