
ਬੇਰੁਜ਼ਗਾਰ ਬੀਐੱਡ ਅਧਿਆਪਕਾਂ ਨੇ ਕਾਲੇ ਚੋਲੇ ਪਾ ਕੇ ਕੀਤਾ ਰੋਸ-ਮੁਜ਼ਾਹਰਾ
ਸੰਗਰੂਰ, 5 ਸਤੰਬਰ (ਬਲਵਿੰਦਰ ਸਿੰਘ ਭੁੱਲਰ) : 'ਕੌਮੀ ਅਧਿਆਪਕ ਦਿਵਸ' ਮੌਕੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਸ਼ਹਿਰ 'ਚ ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਵਲੋਂ ਕਾਲੇ-ਚੋਲੇ ਪਾ ਕੇ ਅਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਸਿਖਿਆ ਵਿਰੋਧੀ ਨੀਤੀਆਂ ਵਿਰੁਧ ਰੋਸ-ਮਾਰਚ ਕੀਤਾ ਗਿਆ। ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਕਰੀਬ 3 ਲੱਖ ਨਵੇਂ ਦਾਖਲੇ ਹੋ ਚੁੱਕੇ ਹਨ, ਪਹਿਲਾਂ ਹੀ 15 ਹਜ਼ਾਰ ਤੋਂ ਉਪਰ ਮਾਸਟਰ ਕਾਡਰ ਦੀਆਂ ਅਸਾਮੀਆਂ ਖਾਲੀ ਸਨ, ਵਿਦਿਆਰਥੀਆਂ ਦੀ ਗਿਣਤੀ ਵਧਣ ਕਰ ਕੇ ਇਹ ਅੰਕੜਾ ਹੋਰ ਵਧ ਜਾਵੇਗਾ, ਜਿਸ ਕਰ ਕੇ ਸਿਖਿਆ ਵਿਭਾਗ ਵਲੋਂ ਬਾਰਡਰ-ਕੇਡਰ ਅਧੀਨ ਕੱਢੀਆਂ 3282 ਅਸਾਮੀਆਂ 'ਚ ਵਾਧਾ ਕਰਦਿਆਂ ਮਾਸਟਰ-ਕਾਡਰ ਦੀਆਂ ਸਮਾਜਕ ਸਿਖਿਆ ਦੀਆਂ 54 ਤੋਂ ਵਧਾ ਕੇ ਘੱਟੋ-ਘੱਟ 3000, ਪੰਜਾਬੀ ਦੀਆਂ 62 ਤੋਂ ਵਧਾ ਕੇ 2500, ਹਿੰਦੀ ਦੀਆਂ 52 ਤੋਂ 2000 ਕੀਤੀਆਂ ਜਾਣ ਅਤੇ ਸੰਸਕ੍ਰਿਤ, ਡਰਾਇੰਗ ਵਰਗੇ ਵਿਸ਼ਿਆਂ ਦੀਆਂ ਅਸਾਮੀਆਂ ਵੀ ਕੱਢੀਆਂ ਜਾਣ। ਭਰਤੀ ਲਈ ਉਮਰ ਹੱਦ 37 ਸਾਲ ਤੋਂ ਵਧਾ ਕੇ 42 ਸਾਲ ਕੀਤੀ ਜਾਵੇ, ਤਾਕਿ ਓਵਰਏਜ ਹੋ ਰਹੇ ਉਮੀਦਵਾਰਾਂ ਨੂੰ ਰੁਜ਼ਗਾਰ ਮਿਲ ਸਕੇ।