
ਬਰਗਾੜੀ ਇਨਸਾਫ਼ ਮੋਰਚੇ ਦੇ 67ਵੇਂ ਦਿਨ 64ਵੇਂ ਜਥੇ ਨੇ ਦਿਤੀ ਗਿ੍ਫ਼ਤਾਰੀ
ਕੋਟਕਪੂਰਾ, 5 ਸਤੰਬਰ (ਗੁਰਿੰਦਰ ਸਿੰਘ) : ਬੇਅਦਬੀ ਕਾਂਡ ਅਤੇ ਉਸ ਨਾਲ ਜੁੜੇ ਮਾਮਲਿਆਂ ਦਾ ਇਨਸਾਫ ਲੈਣ ਲਈ ਬਰਗਾੜੀ ਵਿਖੇ ਲੱਗੇ ਮੋਰਚੇ ਦੇ 67ਵੇਂ ਦਿਨ 64ਵੇਂ ਜਥੇ 'ਚ ਸ਼ਾਮਲ ਜ਼ਿਲ੍ਹਾ ਮੋਗਾ ਦੇ ਸਰਕਲ ਬਾਘਾਪੁਰਾਣਾ ਨਾਲ ਸਬੰਧਤ ਛੇ ਸਿੰਘਾਂ ਬਲਦੇਵ ਸਿੰਘ, ਗੁਰਮੇਲ ਸਿੰਘ, ਮਸਤਾਨ ਸਿੰਘ, ਕਿਰਪਾਲ ਸਿੰਘ, ਦਲਜੀਤ ਸਿੰਘ ਅਤੇ ਮੰਗਲ ਸਿੰਘ ਨੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਬਰਗਾੜੀ ਤੋਂ ਅਰਦਾਸ ਬੇਨਤੀ ਕਰ ਕੇ ਪੰਥਦਰਦੀਆਂ ਸਮੇਤ ਜੱਥੇ ਦੇ ਰੂਪ ਵਿੱਚ ਮੋਰਚੇ ਵਾਲੇ ਸਥਾਨ 'ਤੇ ਪਹੁੰਚ ਕੇ ਗਿ੍ਫ਼ਤਾਰੀ ਦਿਤੀ |
ਜੱਥੇ ਨੂੰ ਰਵਾਨਾ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਸਮੇਤ ਹੋਰ ਬੁਲਾਰਿਆਂ ਨੇ ਦਾਅਵਾ ਕੀਤਾ ਕਿ ਤਤਕਾਲੀਨ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਆਗੂਆਂ ਅਤੇ ਵਰਤਮਾਨ ਸਮੇਂ ਵਾਲੀ ਸੱਤਾਧਾਰੀ ਧਿਰ ਨੂੰ ਬੇਅਦਬੀ ਕਾਂਡ ਅਤੇ ਉਸ ਤੋਂ ਬਾਅਦ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉਪਰ ਢਾਹੇ ਗਏ ਪੁਲਿਸੀਆ ਅੱਤਿਆਚਾਰ ਵਾਲੀਆਂ ਘਟਨਾਵਾਂ ਦਾ ਖ਼ਮਿਆਜ਼ਾ ਆਗਾਮੀ ਪੰਜਾਬ ਵਿਧਾਨ ਸਭਾ ਚੋਣਾ 'ਚ ਲੋਕ ਕਚਹਿਰੀ ਵਿਚ ਭੁਗਤਣਾ ਪਵੇਗਾ |
ਉਨ੍ਹਾਂ ਦੁਹਰਾਇਆ ਕਿ ਜਦੋਂ ਤਕ ਬੇਅਦਬੀ ਕਾਂਡ ਅਤੇ ਉਸ ਨਾਲ ਜੁੜੇ ਕੋਟਕਪੂਰਾ ਸਮੇਤ ਬਹਿਬਲ ਕਲਾਂ ਮਾਮਲਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲਦੀਆਂ ਅਤੇ ਪੀੜਤ ਪਰਵਾਰਾਂ ਨੂੰ ਇਨਸਾਫ਼ ਮਿਲਣ ਦੀ ਆਸ ਨਹੀਂ ਬੱਝਦੀ, ਉਦੋਂ ਤਕ ਉਕਤ ਮੋਰਚਾ ਅਰਥਾਤ ਗਿ੍ਫ਼ਤਾਰੀਆਂ ਦੇਣ ਵਾਲਾ ਸਿਲਸਿਲਾ ਜਾਰੀ ਰਹੇਗਾ | ਉਨ੍ਹਾਂ ਆਖਿਆ ਕਿ ਜੇਕਰ ਬੇਅਦਬੀ ਕਾਂਡ 'ਤੇ ਉਸ ਨਾਲ ਜੁੜੇ ਮਾਮਲਿਆਂ ਦੀ ਜਾਂਚ ਕਰ ਰਹੀਆਂ ਵੱਖ-ਵੱਖ ਟੀਮਾਂ ਦੀ ਨਿਰਪੱਖ ਤਰੀਕੇ ਨਾਲ ਕੀਤੀ ਗਈ ਜਾਂਚ ਰਿਪੋਰਟ ਮੁਤਾਬਕ ਅਦਾਲਤਾਂ ਨੇ ਬਣਦੀ ਕਾਰਵਾਈ ਨਾ ਕੀਤੀ ਤਾਂ ਲੋਕ ਨਿਆਂ ਪ੍ਰਣਾਲੀ ਦੀ ਭਰੋਸੇਯੋਗਤਾ 'ਤੇ ਵੀ ਸ਼ੱਕ ਕਰਨ ਲੱਗ ਪੈਣਗੇ |
ਫੋਟੋ :- ਕੇ.ਕੇ.ਪੀ.-ਗੁਰਿੰਦਰ-5-7ਜੀ