
ਭਾਰਤ ਲਈ ਸੱਭ ਤੋਂ ਸਫ਼ਲ ਰਿਹਾ ਟੋਕੀਉ ਪੈਰਾਲੰਪਿਕ
ਪੰਜ ਸੋਨ ਸਮੇਤ 19 ਤਮਗ਼ੇ ਜਿੱਤੇ
ਟੋਕੀਉ, 5 ਸਤੰਬਰ : ਟੋਕੀਉ ਵਿਚ 13 ਦਿਨਾਂ ਤਕ ਚੱਲਣ ਵਾਲੀਆਂ ਪੈਰਾ ਉਲੰਪਿਕ ਖੇਡਾਂ ਦਾ 'ਮਹਾਂ ਕੁੰਭ' ਐਤਵਾਰ, 5 ਸਤੰਬਰ ਨੂੰ ਸਮਾਪਤ ਹੋਇਆ |
ਭਾਰਤ ਨੇ ਖੇਡਾਂ ਦੇ ਇਸ ਮਹਾਂਕੁੰਭ ਵਿਚ 5 ਸੋਨੇ, 8 ਚਾਂਦੀ ਅਤੇ 6 ਕਾਂਸੀ ਦੇ ਤਮਗ਼ੇ ਜਿੱਤੇ | 2021 ਦਾ ਟੋਕੀਉ ਪੈਰਾਉਲੰਪਿਕ ਭਾਰਤ ਲਈ ਸੱਭ ਤੋਂ ਸਫ਼ਲ ਸਾਬਤ ਹੋਇਆ | ਅੱਜ ਦੇ ਸਮਾਪਤੀ ਸਮਾਰੋਹ ਵਿਚ 'ਗੋਲਡਨ ਗਰਲ' ਅਵਨੀ ਲੇਖਰਾ ਨੇ ਤਿਰੰਗਾ ਫੜ ਕੇ ਭਾਰਤੀ ਦਲ ਦੀ ਅਗਵਾਈ ਕੀਤੀ | 19 ਸਾਲਾ ਅਵਨੀ ਲੇਖਰਾ ਨੇ ਟੋਕੀਉ 'ਚ ਸ਼ੁਟਿੰਗ ਵਿਚ ਦੋ ਸੋਨ ਤਮਗ਼ੇ ਜਿੱਤੇ ਹਨ | ਸਮਾਪਤੀ ਸਮਾਰੋਹ ਵਿਚ ਸਿਰਫ਼ ਕੁੱਝ ਖਿਡਾਰੀਆਂ ਨੇ ਹਿੱਸਾ ਲਿਆ | ਭਾਰਤੀ ਟੁਕੜੀ ਵਿਚ 11 ਹਿੱਸੇਦਾਰ ਸਨ |
ਟੋਕੀਉ ਪੈਰਾਲੰਪਿਕਸ ਦੇ ਉਦਘਾਟਨੀ ਸਮਾਰੋਹ ਵਿਚ ਭਾਰਤੀ ਟੁਕੜੀ ਦੀ ਅਗਵਾਈ ਟੇਕ ਚੰਦ ਨੇ ਕੀਤੀ ਸੀ | 24 ਅਗੱਸਤ ਤੋਂ 5 ਸਤੰਬਰ ਤਕ ਚੱਲੀਆਂ ਪੈਰਾਲਿੰਪਿਕ ਖੇਡਾਂ ਦੌਰਾਨ 163 ਦੇਸ਼ਾਂ ਦੇ ਲਗਭਗ 4500 ਖਿਡਾਰੀਆਂ ਨੇ 22 ਖੇਡਾਂ ਦੇ 540 ਮੁਕਾਬਲਿਆਂ ਵਿਚ ਹਿੱਸਾ ਲਿਆ ਸੀ | (ਏਜੰਸੀ)