
ਅਧਿਆਪਕ ਦਿਵਸ ਮੌਕੇ ਬੇਰੁਜ਼ਗਾਰ ਅਧਿਆਪਕਾਂ ਨੇ ਸਿਖਿਆ ਮੰਤਰੀ ਦੀ ਕੋਠੀ ਤਕ ਕੀਤਾ ਰੋਸ ਮਾਰਚ
ਸੰਗਰੂਰ 5 ਸਤੰਬਰ (ਬਲਵਿੰਦਰ ਸਿੰਘ ਭੁੱਲਰ) : ਅੱਜ ਅਧਿਆਪਕ ਦਿਵਸ ਮੌਕੇ ਟੈੱਟ ਪਾਸ ਬੇਰੁਜ਼ਗਾਰ ਬੀਐਡ ਅਧਿਆਪਕਾਂ ਵਲੋਂ ਸੰਗਰੂਰ ਵਿਖੇ ਸਿਵਲ ਹਸਪਤਾਲ ਤੋਂ ਸਿਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਕੋਠੀ ਤਕ ਰੋਸ ਮਾਰਚ ਕੀਤਾ ਗਿਆ। ਸਿਖਿਆ ਮੰਤਰੀ ਪੰਜਾਬ ਲਈ ਖੂਨ ਦਾ ਪਿਆਲਾ ਲੈ ਕੇ ਪਹੁੰਚੇ ਬੇਰੁਜ਼ਗਾਰ ਅਧਿਆਪਕਾਂ ਵਲੋਂ ਪੰਜਾਬ ਸਰਕਾਰ ਵਿਰੁਧ ਜ਼ੋਰਦਾਰ ਨਾਹਰੇਬਾਜ਼ੀ ਕਰਦਿਆਂ ਕੈਪਟਨ ਸਰਕਾਰ ਨੂੰ ਸਿਰੇ ਦੀ ਨਖਿੱਧ ਸਰਕਾਰ ਕਰਾਰ ਦਿਤਾ। ਬੇਰੁਜ਼ਗਾਰਾਂ ਨੇ ਸਿਖਿਆ ਮੰਤਰੀ ਦੀ ਕੋਠੀ ਅੱਗੇ ਖ਼ੂਨ ਦਾ ਪਿਆਲਾ ਤਹਿਸੀਲਦਾਰ ਕੁਲਵੰਤ ਸਿੰਘ ਰਾਹੀਂ ਸਿਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੂੰ ਭੇਟ ਕੀਤਾ।
ਇਸ ਮੌਕੇ ਬੇਰੁਜ਼ਗਾਰ ਆਗੂਆਂ ਨੇ ਕਿਹਾ ਕਿ ‘ਘਰ ਘਰ ਰੁਜ਼ਗਾਰ’ ਦਾ ਚੋਣ ਵਾਅਦਾ ਕਰ ਕੇ ਸੱਤਾ ਵਿਚ ਆਈ ਕੈਪਟਨ ਸਰਕਾਰ ਪੰਜਾਬ ਦੇ ਯੋਗਤਾ ਪ੍ਰਾਪਤ ਬੇਰੁਜ਼ਗਾਰ ਅਧਿਆਪਕਾਂ ਨੂੰ ਰੁਜ਼ਗਾਰ ਦੇਣ ਤੋਂ ਇਨਕਾਰੀ ਹੋ ਰਹੀ ਹੈ ਜਿਸ ਕਾਰਨ ਬੇਰੁਜ਼ਗਾਰ ਪਿਛਲੇ 8 ਮਹੀਨੇ ਤੋਂ ਸਿਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਕੋਠੀ ਦਾ ਘਿਰਾਉ ਕਰੀ ਬੈਠੈ ਹਨ। ਉਨ੍ਹਾਂ ਕਿਹਾ ਕਿ ਅੱਜ ਅਧਿਆਪਕ ਦਿਵਸ ਮੌਕੇ ਸਰਕਾਰਾਂ ਵਲੋਂ ਦੇਸ਼ ਭਰ ਵਿਚ ਅਧਿਆਪਕਾਂ ਦਾ ਸਨਮਾਨ ਕਰਨ ਦੇ ਦਮਗਜ਼ੇ ਮਾਰੇ ਜਾ ਰਹੇ ਹਨ ਪਰ ਹਕੀਕਤ ਇਹ ਹੈ ਕਿ ਜਿਸ ਸਮਾਜ ਵਿਚ ਬੇਰੁਜ਼ਗਾਰ ਅਧਿਆਪਕਾਂ ਨੂੰ ਸਥਾਈ ਰੁਜ਼ਗਾਰ ਮੁਹਈਆ ਨਾ ਕਰ ਕੇ ਉਨ੍ਹਾਂ ਦਾ ਆਰਥਕ, ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੋਵੇ ਉਥੇ ਦੀਆਂ ਸਰਕਾਰਾਂ ਲੋਕ ਵਿਰੋਧੀ ਸਰਕਾਰਾਂ ਹਨ।
ਬੇਰੁਜ਼ਗਾਰ ਅਧਿਆਪਕਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਗ਼ਰੀਬ ਵਰਗ ਦੇ ਵਿਦਿਆਰਥੀ ਪੜ੍ਹਦੇ ਹਨ ਤੇ ਸਕੂਲਾਂ ਨੂੰ ਅਧਿਆਪਕਾਂ ਤੋਂ ਸੱਖਣੇ ਰੱਖ ਕੇ ਸਰਕਾਰ ਗ਼ਰੀਬ ਬੱਚਿਆਂ ਤੋਂ ਸਿਖਿਆ ਦਾ ਹੱਕ ਖੋਹ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਸਕੂਲਾਂ ਵਿਚ ਖਾਲੀ ਅਸਾਮੀਆਂ ਹੋਣ ਕਾਰਨ ਲੋਕ ਸਕੂਲਾਂ ਨੂੰ ਜਿੰਦਰੇ ਮਾਰ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ ਪਰ ਦੂਜੇ ਪਾਸੇ ਪੰਜਾਬ ਸਰਕਾਰ ਬੇਰੁਜ਼ਗਾਰ ਅਧਿਆਪਕਾਂ ਨੂੰ ਭਰਤੀ ਨਹੀਂ ਕਰ ਰਹੀ ਹੈ।
ਬੇਰੁਜ਼ਗਾਰ ਅਧਿਆਪਕਾਂ ਨੇ ਕਿਹਾ ਕਿ ਸਿਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਅਯੋਗ ਮੰਤਰੀ ਹੈ ਜਿਸ ਦੇ ਮੰਤਰੀ ਰਹਿੰਦਿਆਂ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਕਾਰਨ ਸਿਖਿਆ ਦਾ ਪੱਧਰ ਹੇਠਾਂ ਡਿੱਗਿਆ ਹੈ ਤੇ ਇਸ ਵਿਭਾਗ ਵਿਚ ਅਫ਼ਸਰਸ਼ਾਹੀ ਭਾਰੂ ਵਿਖਾਈ ਦੇ ਰਹੀ ਹੈ।
ਬੇਰੁਜ਼ਗਾਰ ਅਧਿਆਪਕ ਆਗੂਆਂ ਨੇ ਕਿਹਾ ਕਿ ਉਹ ਸ਼ਾਂਤਮਈ ਤਰੀਕੇ ਨਾਲ ਪਿਛਲੇ ਮਹੀਨਿਆਂ ਤੋਂ ਸਿੱਖਿਆ ਮੰਤਰੀ ਦੇ ਘਰ ਅੱਗੇ ਰੋਸ ਪ੍ਰਦਰਸ਼ਨ ਕਰ ਰਹੇ ਹਨ ਤੇ ਜਦ ਸਰਕਾਰ ਦੇ ਕੰਨ ’ਤੇ ਜੂੰ ਨਾ ਸਰਕੀ ਤਾਂ ਇਕ ਬੇਰੁਜ਼ਗਾਰ ਅਧਿਆਪਕ ਅੱਕ ਕੇ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਿਆ ਤੇ ਉਹ ਜਿਸ ਦਿਨ ਦਾ ਪਾਣੀ ਵਾਲੀ ਟੈਂਕੀ ’ਤੇ ਚੜਿ੍ਹਆ ਹੈ ਇੱਕ ਪਲ ਵੀ ਹੇਠਾਂ ਨਹੀਂ ਉਤਰਿਆ ਤੇ ਸਰਕਾਰ ਉਸ ਦੀ ਸਾਰ ਨਹੀਂ ਲੈ ਰਹੀ ਹੈ ਜੇਕਰ ਉਸ ਦੀ ਸਿਹਤ ਵਿਗੜਦੀ ਹੈ ਤਾਂ ਇਸ ਦੀ ਸਿੱਧੀ ਜ਼ਿੰਮੇਵਾਰੀ ਸਿੱਖਿਆ ਮੰਤਰੀ ਪੰਜਾਬ ਤੇ ਪੰਜਾਬ ਸਰਕਾਰ ਦੀ ਹੋਵੇਗੀ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਜਲਦ ਤੋਂ ਜਲਦ 15 ਹਜ਼ਾਰ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ।
ਇਸ ਮੌਕੇ ਕੁਲਵੰਤ ਸਿੰਘ ਲੌਂਗੋਵਾਲ, ਕਿਰਨ ਈਸੜਾ, ਪ੍ਰਤਿੰਦਰ ਕੌਰ, ਗੁਰਪ੍ਰੀਤ ਗਾਜੀਪੁਰ, ਬਲਕਾਰ ਸਿੰਘ ਮੰਘਾਨੀਆ, ਕੁਲਦੀਪ ਭੁਟਾਲ, ਸੁਮਿੰਦਰ ਫਾਜਿਲਕਾ, ਬਚਿੱਤਰ ਸਿੰਘ, ਗੁਰਮੇਲ ਸਿੰਘ, ਪ੍ਰਦੀਪ, ਗੁਰਸੇਵਕ, ਜਗਸੀਰ, ਸੁਰਜੀਤ ਸਿੰਘ, ਸੁਨੀਲ, ਗੁਰੀ ਗਾਜੀਪੁਰ, ਗੁਰਜੰਟ, ਗੁਰਦੀਪ, ਜਸਵਿੰਦਰ, ਸੁਖਦੇਵ, ਹਰਸ਼ਰਨ, ਅਵਤਾਰ, ਰਜਿੰਦਰ, ਜਸਪਾਲ ਸਿੰਘ ਲਹਿਰਾ, ਮਨਪ੍ਰੀਤ ਕੌਰ ਚਹਿਲਾਂ, ਵੀਰਪਾਲ ਕੌਰ, ਪਰਮਜੀਤ ਕੌਰ, ਲਖਵਿੰਦਰ ਕੌਰ, ਹਰਵਿੰਦਰ ਕੌਰ ਸਰਦੂਲਗੜ੍ਹ, ਵੀਰਪਾਲ ਕੌਰ, ਸÇ ਕੌਰ, ਅਮਨਦੀਪ ਕੁਸਲਾ, ਪਰਮਪਾਲ ਕੌਰ, ਬਲਜੀਤ ਕੌਰ ਬੋਹਾ, ਕੁਲਵੀਰ ਕੌਰ ਬੋਹਾ, ਕੁਲਦੀਪ ਲਦਾਲ, ਸੱਤਪਾਲ ਕੌਰ, ਮਨਵੀਰ ਕੌਰ , ਹਰਵਿੰਦਰ ਕੌਰ, ਵੀਰਪਾਲ ਕੌਰ , ਸÇ ਕੌਰ, ਸੰਦੀਪ ਕੌਰ, ਮਨਪ੍ਰੀਤ ਕੌਰ, ਸੋਮਾ ਕੌਰ , ਦਵਿੰਦਰ ਕੌਰ ਸੁਖਵਿੰਦਰ ਕੌਰ, ਰਾਜਵੀਰ ਕੌਰ, ਕਰਮਜੀਤ ਕੌਰ ਭੁਟਾਲ ਕਲਾਂ, ਰਾਜਵੀਰ ਕੌਰ ਆਦਿ ਹਾਜ਼ਰ ਸਨ।