
ਵਿਧਾਨ ਸਭਾ ਚੋਣਾਂ 2022 ਬਾਰੇ ਗੱਲ ਕਰਨ ਤੋਂ ਦੜ ਵੱਟੀ ਰੱਖੀ ਭਾਜਪਾ ਨੇ, ਅਕਾਲੀ ਭਾਜਪਾ 'ਮਿੰਨਤ ਤਰਲਾ ਕਮੇਟੀ' ਨੇ ਚੋਣਾਂ ਦੌਰਾਨ ਸ਼ਿਕਾਇਤ ਦੂਰ ਕਰਨ ਲਈ ਕਮੇਟੀ ਬਣਾਈ
ਚੰਡੀਗੜ੍ਹ (ਕੰਵਲਜੀਤ ਸਿੰਘ): ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਹਰਿਆਣਾ ਚੋਣਾਂ ਨੂੰ ਲੈ ਕੇ ਆਪੋ ਅਪਣਾ ਰਸਤਾ ਚੁਣ ਲਿਆ ਸੀ। ਪਰ ਪੰਜਾਬ ਦੀਆਂ ਜ਼ਿਮਨੀ ਚੋਣਾਂ ਇਕਮੁੱਠ ਹੋ ਕੇ ਲੜਨ ਦਾ ਪ੍ਰਣ ਲਿਆ ਹੈ। ਅਕਾਲੀ ਦਲ ਅਤੇ ਭਾਜਪਾ ਦੀ ਕੋਆਰਡੀਨੇਸ਼ਨ ਕਮੇਟੀ ਦੀ ਅੱਜ ਹੋਈ ਮੀਟਿੰਗ ਵਿਚ ਦੋਹਾਂ ਧਿਰਾਂ ਨੇ ਚੋਣ ਜਿੱਤਣ ਲਈ ਸਿਰ ਧੜ ਦੀ ਬਾਜ਼ੀ ਲਾਉਣ ਦਾ ਪ੍ਰਣ ਲਿਆ ਹੈ।
Shiromani Akali Dal
ਮੀਟਿੰਗ ਦੌਰਾਨ ਜ਼ਿਮਨੀ ਚੋਣਾਂ ਵਿਚ ਆਉਣ ਵਾਲੀਆਂ ਸੰਭਾਵਤ ਦਿਕਤਾਂ ਦੇ ਹੱਲ ਲਈ ਡਾ. ਦਲਜੀਤ ਸਿੰਘ ਚੀਮਾ ਅਤੇ ਰਾਕੇਸ਼ ਰਾਠੌਰ 'ਤੇ ਆਧਾਰਤ ਦੋ ਮੈਂਬਰੀ ਕਮੇਟੀ ਦਾ ਗਠਨ ਕਰ ਲਿਆ ਗਿਆ ਹੈ। ਡਾ. ਚੀਮਾ, ਅਕਾਲੀ ਦਲ ਦੇ ਬੁਲਾਰੇ ਹਨ ਜਦਕਿ ਰਾਕੇਸ਼ ਰਾਠੌਰ ਪੰਜਾਬ ਭਾਜਪਾ ਦੇ ਜਨਰਲ ਸਕੱਤਰ-1 ਹਨ। ਉਹ ਜਲੰਧਰ ਦੇ ਮੇਅਰ ਵੀ ਰਹਿ ਚੁਕੇ ਹਨ। ਕਮੇਟੀ ਦੇ ਦੋਹਾਂ ਮੈਂਬਰਾਂ ਨੂੰ ਅਕਾਲੀ ਭਾਜਪਾ ਦੇ ਵਰਕਰਾਂ ਦੀਆਂ ਚੋਣਾਂ ਨਾਲ ਸਬੰਧਤ ਸਮੱਸਿਆਵਾ ਦਾ ਨਿਪਟਾਰਾ ਕਰਨ ਦੀ ਜ਼ਿੰਮੇਵਾਰੀ ਦਿਤੀ ਗਈ ਹੈ।
BJP
ਉਚ ਭਰੋਸੇਯੋਗ ਸੂਤਰਾਂ ਅਨੁਸਾਰ ਅੱਜ ਦੀ ਮੀਟਿੰਗ ਵਿਚ ਪੰਜਾਬ ਦੀ ਜ਼ਿਮਨੀ ਚੋਣ ਤੋਂ ਬਗ਼ੈਰ ਹੋਰ ਕਿਸੇ ਵੀ ਮੁੱਦੇ 'ਤੇ ਚਰਚਾ ਨਹੀਂ ਕੀਤੀ ਗਈ ਹੈ। ਹਰਿਆਣਾ ਚੋਣਾਂ ਵਿਚ ਭਾਜਪਾ ਵਲੋਂ ਅਕਾਲੀਆਂ ਨੂੰ ਦਿਖਾਈਆਂ ਅੱਖਾਂ ਅਤੇ ਪੰਜਾਬ ਵਿਧਾਨ ਸਭਾ ਦੀਆਂ 2022 ਦੀਆਂ ਚੋਣਾਂ ਵਿਚ ਭਾਜਪਾ ਦੇ ਵੱਡੇ ਭਰਾ ਦੀ ਭੂਮਿਕਾ ਨਿਭਾਉਣ ਬਾਰੇ ਚਲ ਰਹੇ ਤਕਰਾਰ ਦੀ ਕੋਈ ਗੱਲ ਨਹੀਂ ਕੀਤੀ ਗਈ। ਦੋਹਾਂ ਪਾਰਟੀਆਂ ਦੇ ਨੇਤਾਵਾਂ ਨੇ ਇਕਸੁਰ ਹੋ ਕੇ ਅਕਾਲੀ ਭਾਜਪਾ ਦੇ ਗਠਜੋੜ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਦਿਨ ਰਾਤ ਇਕ ਕਰਨ ਦਾ ਵਾਅਦਾ ਦੁਹਰਾਇਆ।
Som Parkash
ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਫਗਵਾੜਾ, ਮੁਕੇਰੀਆਂ, ਦਾਖਾ ਅਤੇ ਜਲਾਲਾਬਾਦ ਵਿਚ ਚੋਣਾਂ ਹੋ ਰਹੀਆਂ ਹਨ। ਮੁਕੇਰੀਆਂ ਅਤੇ ਫਗਵਾੜਾ ਸੀਟ 'ਤੇ ਭਾਜਪਾ ਅਤੇ ਦੂਜੀਆਂ ਦੋ ਸੀਟਾਂ 'ਤੇ ਅਕਾਲੀ ਦਲ ਦੇ ਉਮੀਦਵਾਰ ਚੋਣ ਲੜ ਰਹੇ ਹਨ। ਕਾਂਗਰਸ ਪਾਰਟੀ ਨੇ ਚਾਰੇ ਸੀਟਾਂ 'ਤੇ ਅਪਣੇ ਉਮੀਦਵਾਰ ਖੜੇ ਕੀਤੇ ਹਨ।
ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਵਿਚ ਭਾਜਪਾ ਵਲੋਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਪ੍ਰਧਾਨ ਸ਼ਵੇਤ ਮਲਿਕ, ਸਾਬਕਾ ਪ੍ਰਧਾਨ ਕਮਲ ਸ਼ਰਮਾ, ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ ਤੇ ਤੀਕਸ਼ਨ ਸੂਦ ਸਮੇਤ ਉਮੀਦਵਾਰਾਂ ਨੇ ਹਿੱਸਾ ਲਿਆ।
Sukhbir Badal ਅਕਾਲੀ ਦਲ ਵਲੋਂ ਪ੍ਰਧਾਨ ਸੁਖਬੀਰ ਸਿੰਘ ਬਾਦਲ, ਡਾ. ਦਲਜੀਤ ਸਿੰਘ ਚੀਮਾ, ਇਸਤਰੀ ਅਕਾਲੀ ਦਲ ਦੀ ਪ੍ਰਧਾਨ ਜਗੀਰ ਕੌਰ, ਡਾ. ਉਪਿੰਦਰਜੀਤ ਕੌਰ ਅਤੇ ਜਤਿੰਦਰ ਕੌਰ ਜੋਸ਼ ਹਾਜ਼ਰ ਸਨ। ਮੀਟਿੰਗ ਵਿਚ ਸ਼ਾਮਲ ਭਾਜਪਾ ਦੇ ਇਕ ਨੇਤਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ 2022 ਦੀਆਂ ਚੋਣਾਂ ਬਾਰੇ ਸੀਟਾਂ ਦੇ ਲੈਣ ਦੇਣ ਬਾਰੇ ਗੱਲ ਛੇੜਨ ਦਾ ਢੁਕਵਾਂ ਮੌਕਾ ਨਹੀਂ ਸੀ। ਹਾਲ ਦੀ ਘੜੀ ਗਠਜੋੜ ਲਈ ਜ਼ਿਮਨੀ ਚੋਣ ਜਿੱਤਣਾ ਜ਼ਰੂਰੀ ਹੈ।