ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਦਾ ਕਹਿਣਾ ਹੈ ਕਿ ਟ੍ਰੈਕਟਰ 'ਤੇ ਗੱਦੇਦਾਰ ਸੀਟਾਂ ਲਾ ਕੇ ਪ੍ਰਦਰਸ਼ਨ ਨਹੀਂ ਹੁੰਦੇ।
ਚੰਡੀਗੜ੍ਹ: ਖੇਤੀ ਬਿਲਾਂ ਵਿਰੁਧ ਪੰਜਾਬ 'ਚ ਟਰੈਕਟਰ ਰੈਲੀਆਂ ਕੱਢ ਕੇ ਇਸ ਬਿਲ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨਾਂ ਦੇ ਚੱਲ ਰਹੇ ਧਰਨੇ ਪ੍ਰਦਰਸ਼ਨਾਂ ਦੇ ਵਿਪਰੀਤ ਸਿਆਸੀ ਦਲਾਂ ਵਲੋਂ ਵਿੱਢੇ ਜਾ ਰਹੇ ਇਨ੍ਹਾਂ ਪ੍ਰੋਗਰਾਮਾਂ ‘ਤੇ ਲੋਕ ਤਿਰਛੀ ਨਜ਼ਰ ਰੱਖ ਰਹੇ ਹਨ। ਇਨ੍ਹਾਂ ਪ੍ਰੋਗਰਾਮਾਂ ਦੌਰਾਨ ਹੋਈ ਛੋਟੀ ਤੋਂ ਛੋਟੀ ਹਰਕਤ ‘ਤੇ ਵੀ ਲੋਕਾਂ ਦੀ ਨਜ਼ਰ ਜਾ ਰਹੀ ਹੈ, ਇਹੀ ਵਜਾ ਹੈ ਕਿ ਬੀਤੇ ਕੱਲ੍ਹ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਪੰਜਾਬ ਵਿਚ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਚੱਲ ਰਹੀ ਤਿੰਨ ਦਿਨਾ ਟ੍ਰੈਕਟਰ ਯਾਤਰਾ 'ਤੇ ਟਿੱਪਣੀ ਕੀਤੀ ਹੈ।
ਇਸ ਦੌਰਾਨ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਦਾ ਕਹਿਣਾ ਹੈ ਕਿ ਟ੍ਰੈਕਟਰ 'ਤੇ ਗੱਦੇਦਾਰ ਸੀਟਾਂ ਲਾ ਕੇ ਪ੍ਰਦਰਸ਼ਨ ਨਹੀਂ ਹੁੰਦੇ। ਦੱਸ ਦੇਈਏ ਕਿ ਰਾਹੁਲ ਗਾਂਧੀ ਕੇਂਦਰੀ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਟ੍ਰੈਕਟਰ ਯਾਤਰਾ ਕੱਢ ਰਹੇ ਹਨ। ਪੁਰੀ, ਜੋ ਦੋ ਦਿਨ ਪਹਿਲਾਂ ਚੰਡੀਗੜ੍ਹ ਵਿਚ ਇਨ੍ਹਾਂ ਕਾਨੂੰਨਾਂ ਦੇ ਹੱਕ ਵਿਚ ਚੀਜ਼ਾਂ ਸਪੱਸ਼ਟ ਕਰਨ ਆਏ ਸਨ।
ਇਸ ਤੋਂ ਬਾਅਦ ਹਰਦੀਪ ਸਿੰਘ ਪੁਰੀ ਨੇ ਰਾਹੁਲ ਗਾਂਧੀ ਦੀ ਟ੍ਰੈਕਟਰ 'ਤੇ ਗੱਦੇਦਾਰ ਸੀਟਾਂ ਲਾ ਕੇ ਬੈਠਣ 'ਤੇ ਟਿੱਪਣੀ ਕਰਦਿਆਂ ਟਵੀਟ ਕੀਤਾ। ਇਸ ਟਵੀਟ ਦੌਰਾਨ ਆਖਿਆ ਕਿ ਕਾਂਗਰਸ ਕਿਸਾਨਾਂ ਨੂੰ ਗੁਮਰਾਹ ਕਰ ਰਹੀ ਹੈ। ਉਨ੍ਹਾਂ ਨੇ ਇਸ ਨੂੰ ਸਿਆਸੀ ਪ੍ਰਦਰਸ਼ਨ ਕਰਾਰ ਦਿੱਤਾ। ਉਨ੍ਹਾਂ ਇਸ ਨੂੰ 'ਪ੍ਰਰੋਟੈਸਟ ਟੂਰਜ਼ਿਮ' ਦੱਸਦਿਆਂ ਕਿਹਾ ਕਿ ਇਹ ਕਿਸਾਨਾਂ ਨੂੰ ਗੁਮਰਾਹ ਕਰਨ ਲਈ ਕੀਤਾ ਜਾ ਰਿਹਾ ਹੈ ਜਦਕਿ ਕਿਸਾਨ ਆਪਣੇ ਹਿੱਤਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ।
ਦੂਸਰੇ ਪਾਸੇ ਲੋਕ ਸਵਾਲ ਕਰ ਰਹੇ ਹਨ ਕਿ ਜਿਹੜੇ ਆਗੂ ਟਰੈਕਟਰ ਦੇ ਮਰਗਾਰਡ ‘ਤੇ ਬਿਨਾਂ ਸੋਫੇ ਤੋਂ ਬੈਠ ਨਹੀਂ ਸਕਦੇ, ਉਹ ਕਿਸਾਨਾਂ ਲਈ ਕੀ ਕਰ ਸਕਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਕ ਪਾਸੇ ਜਿੱਥੇ ਕਿਸਾਨ ਰੈਲਾਂ ਦੀਆਂ ਪਟੜੀਆਂ ‘ਤੇ ਨੰਗੇ ਧੜ ਪ੍ਰਦਰਸ਼ਨ ਕਰ ਰਹੇ ਹਨ ਉਥੇ ਸਿਆਸੀ ਆਗੂ ਕਿਸਾਨਾਂ ਦੇ ਨਾਮ ‘ਤੇ ਟਰੈਕਟਰ ਮਾਰਚ ਕੱਢਣ ਵੇਲੇ ਵੀ ਆਪਣੇ ਐਸ਼ੋ-ਆਰਾਮ ਨਾਲ ਸਮਝੌਤਾ ਕਰਨ ਨੂੰ ਤਿਆਰ ਨਹੀਂ।