
ਲਖੀਮਪੁਰ ਕਾਂਡ ਵਿਰੁਧ ‘ਆਪ’ ਨੇ ਚੰਡੀਗੜ੍ਹ ’ਚ ਕੀਤਾ ਰੋਸ ਪ੍ਰਦਰਸ਼ਨ
ਚੰਡੀਗੜ੍ਹ, 6 ਅਕਤੂਬਰ (ਨਰਿੰਦਰ ਸਿੰਘ ਝਾਂਮਪੁਰ): ਲਖੀਮਪੁਰ ਖੀਰੀ ’ਚ ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁਧ ਰੋਸ ਪ੍ਰਗਟ ਕਰ ਰਹੇ 4 ਕਿਸਾਨਾਂ ਨੂੰ ਐਸ.ਯੂ.ਵੀ ਗੱਡੀ ਨਾਲ ਦਰੜ ਕੇ ਮਰਨ ਵਾਲੇ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਪੁੱਤ ਆਸ਼ੀਸ਼ ਮਿਸ਼ਰਾ ਨੂੰ ਤੁਰਤ ਗ੍ਰਿਫ਼ਤਾਰ ਅਤੇ ਅਜੈ ਮਿਸ਼ਰਾ ਨੂੰ ਮੰਤਰੀ ਮੰਡਲ ’ਚੋਂ ਬਰਖ਼ਾਸਤ ਕਰਨ ਲਈ ਆਮ ਆਦਮੀ ਪਾਰਟੀ (ਆਪ) ਪੰਜਾਬ ਵਲੋਂ ਰਾਜਪਾਲ ਦੀ ਰਿਹਾਇਸ਼ ਰਾਜ ਭਵਨ ਅੱਗੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ।
‘ਆਪ’ ਦੇ ਆਗੂਆਂ ਅਤੇ ਵਰਕਰਾਂ ਨੇ ਜਿਥੇ ਰਾਜ ਭਵਨ ਦੇ ਬਾਹਰ ਮੁੱਖ ਸੜਕ ’ਤੇ ਰੋਸ ਧਰਨਾ ਲਾਇਆ ਉਥੇ ਸੈਕਟਰ 4 ਸਥਿਤ ਐਮ.ਐਲ.ਏ. ਹੋਸਟਲ ਕੰਪਲੈਕਸ ’ਚ ’ਆਪ’ ਦੇ ਵਿਧਾਇਕਾਂ, ਅਹੁਦੇਦਾਰ ਆਗੂਆਂ ਅਤੇ ਵਰਕਰਾਂ ਤੇ ਜਲ ਤੋਪਾਂ ਦੀ ਵਰਤੋਂ ਕੀਤੀ ਪਰ (ਆਪ) ਵਰਕਰਾਂ ਨੇ ਪ੍ਰਵਾਹ ਨਾ ਕਰਦੇ ਹੋਏ ਪੁਲਿਸ ਅਤੇ ਜਲ ਤੋਪ ਗੱਡੀਆਂ ਦਾ ਵਿਰੋਧ ਕੀਤਾ। ਪਾਰਟੀ ਵਲੋਂ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੂੰ ਝਕਾਨੀ ਦੇਣ ਦੀ ਰਣਨੀਤੀ ਤਹਿਤ ਪੰਜਾਬ ਭਰ ’ਚੋਂ ਸੱਦੇ ਆਗੂਆਂ ਅਤੇ ਵਰਕਰਾਂ ਨੂੰ ਇਕ ਪਾਸੇ ਐਮ.ਐਲ.ਏ. ਹੋਸਟਲ ’ਚ ਇਕੱਠਾ ਕਰ ਲਿਆ ਗਿਆ, ਦੂਜੇ ਪਾਸੇ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ, ਵਿਧਾਇਕ ਅਮਨ ਅਰੋੜਾ ਅਤੇ ਯੂਥ ਵਿੰਗ ਪੰਜਾਬ ਦੀ ਸਹਿ ਪ੍ਰਧਾਨ ਅਨਮੋਲ ਗਗਨ ਮਾਨ ਦੀ ਅਗਵਾਈ ਹੇਠ ਆਗੂਆਂ ਅਤੇ ਵਰਕਰਾਂ ਦਾ ਇਕ ਜਥਾ ਰਾਜ ਭਵਨ ਮੂਹਰੇ ਪੁੱਜ ਗਿਆ, ਜਿਥੇ ਪੁਲਿਸ ਨੇ ਪਹਿਲਾਂ ਹੀ ਭਾਰੀ ਨਾਕੇਬੰਦੀ ਕੀਤੀ ਹੋਈ ਸੀ। ‘ਆਪ’ ਆਗੂਆਂ ਨੇ ਰਾਜ ਭਵਨ ਨੇੜੇ ਲਾਏ ਇਸ ਨਾਕੇ ’ਤੇ ਹੀ ਧਰਨਾ ਲਾ ਲਿਆ ਅਤੇ ਕੇਂਦਰ ਦੀ ਭਾਜਪਾ ਸਰਕਾਰ ਵਿਰੁਧ ਨਾਹਰੇਬਾਜ਼ੀ ਕੀਤੀ। ਅੱਗੇ ਵਧਣ ਦੀ ਜਦੋਜਹਿਦ ਦੌਰਾਨ ’ਆਪ’ ਆਗੂਆਂ ਦੀ ਚੰਡੀਗੜ੍ਹ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨਾਲ ਕਾਫ਼ੀ ਤਕਰਾਰ ਹੋਈ ਜਿਸ ਉਪਰੰਤ ਜਰਨੈਲ ਸਿੰਘ, ਅਮਨ ਅਰੋੜਾ, ਮਾਸਟਰ ਬਲਦੇਵ ਸਿੰਘ ਅਤੇ ਅਨਮੋਲ ਗਗਨ ਮਾਨ ਸਮੇਤ ਦਰਜਨਾਂ ਹੋਰ ਵਰਕਰਾਂ ਅਤੇ ਆਗੂਆਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਕੇ ਸੈਕਟਰ-3 ਦੇ ਥਾਣੇ ਵਿਚ ਬੰਦ ਕਰ ਦਿੱਤਾ।
ਜਰਨੈਲ ਸਿੰਘ ਅਤੇ ਅਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਰਾਜਪਾਲ ਰਾਹੀਂ ਕੇਂਦਰ ਦੀ ਮੋਦੀ ਅਤੇ ਯੂ.ਪੀ. ਦੀ ਯੋਗੀ ਅਦਿੱਤਿਆ ਨਾਥ ਸਰਕਾਰ ਕੋਲੋਂ ਇਹ ਸਵਾਲ ਪੁਛਣਾ ਚਾਹੁੰਦੀ ਹੈ ਕਿ ਸੱਤਾ ਦੇ ਨਸ਼ੇ ’ਚ ਅੰਨ੍ਹੇ ਹੋ ਕੇ ਅੰਨਦਾਤਾ ਨੂੰ ਅਪਣੀਆਂ ਗੱਡੀਆਂ ਥੱਲੇ ਦਰੜਨ ਵਾਲੇ ਮੰਤਰੀ ਦੇ ਗੁੰਡੇ ਪੁੱਤ ਨੂੰ ਯੂ.ਪੀ. ਪੁਲਿਸ ਗ੍ਰਿਫ਼ਤਾਰ ਕਿਉਂ ਨਹੀਂ ਕਰ ਰਹੀ? ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਜਿਹੀ ਕਿਹੜੀ ਮਜਬੂਰੀ ਹੈ ਕਿ ਅਜੇ ਤਕ ਦਰਿੰਦੇ ਪੁੱਤ ਦੇ ਮੰਤਰੀ ਪਿਉ ਨੂੰ ਕੇਂਦਰੀ ਮੰਤਰੀ ਮੰਡਲ ’ਚੋਂ ਕਿਉਂ ਨਹੀਂ ਬਰਖ਼ਾਸਤ ਕੀਤਾ ਗਿਆ? ੳੱਧਰ ਐਮ.ਐਲ.ਏ. ਹੋਸਟਲ ਕੰਪਲੈਕਸ ਦੇ ਦੋਵੇਂ ਗੇਟਾਂ ’ਤੇ ਭਾਰੀ ਬੈਰੀਗੇਟਿੰਗ ਕਰ ਕੇ ਪੁਲਿਸ ਪ੍ਰਸ਼ਾਸਨ ਨੇ ਜਲ ਤੋਪਾਂ ਅਤੇ ਭਾਰੀ ਫ਼ੋਰਸ ਤੈਨਾਤ ਕਰ ਦਿਤੀ ਜਿਸ ਕਾਰਨ ‘ਆਪ’ ਵਿਧਾਇਕ, ਅਹੁਦੇਦਾਰ ਅਤੇ ਸੈਂਕੜੇ ਵਰਕਰਾਂ ਸਮੇਤ ਮੀਡੀਆ ਕਰਮੀ ਵੀ ਅੰਦਰ ਹੀ ਬੰਦ ਕਰ ਦਿਤੇ ਗਏ।
ਲਖੀਮਪੁਰ ਖੀਰੀ ਘਟਨਾ ਅਤੇ ਕਾਲੇ ਖੇਤੀ ਕਾਨੂੰਨਾਂ ਵਿਰੁਧ ਭਾਸ਼ਣਬਾਜ਼ੀ ਅਤੇ ਨਾਹਰੇਬਾਜ਼ੀ ਉਪਰੰਤ ਜਿੱਦਾ ਹੀ ‘ਆਪ’ ਦਾ ਕਾਫ਼ਲਾ ਐਮ.ਐਲ.ਏ. ਹੋਸਟਲ ਦੇ ਗੇਟ ਵੱਲ ਵਧਿਆ ਅਤੇ ਬੈਰੀਕੇਡਿੰਗ ਟੱਪਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਜਲ ਤੋਪਾਂ ਦੀ ਅੰਨ੍ਹੇਵਾਹ ਬੁਛਾੜ ਸ਼ੁਰੂ ਕਰ ਦਿਤੀ। ਪਰ ‘ਆਪ’ ਆਗੂਆਂ ਅਤੇ ਵਰਕਰਾਂ ਦੇ ਹੌਂਸਲੇ ਬੁਲੰਦ ਰਹੇ। ਜਲ ਤੋਪਾਂ ਦੀ ਬੇਫ਼ਿਕਰ ਵਰਤੋਂ ਦਾ ਸਿਲਸਿਲਾ ਲਗਭਗ ਇਕ ਘੰਟੇ ਤਕ ਜਾਰੀ ਰਿਹਾ। ਅੰਤ ਉਦੋਂ ਰੁਕੀਆਂ ਜਦੋਂ ਜਲ ਤੋਪ ਟਰੱਕ ਦਾ ਇੰਜਨ ਧੂੰਆਂ- ਧੂੰਆਂ ਹੋ ਕੇ ਬੰਦ ਨਹੀਂ ਹੋ ਗਿਆ। ਆਖ਼ਰ ਦੂਜੇ ਗੇਟ ਰਾਹੀਂ ਬਸਾਂ ਲਿਆ ਕੇ ਚੰਡੀਗੜ੍ਹ ਪੁਲਿਸ ਨੇ ‘ਆਪ’ ਆਗੂਆਂ ਅਤੇ ਵਰਕਰਾਂ ਨੂੰ ਹਿਰਾਸਤ ’ਚ ਲੈ ਲਿਆ। ਇਸ ਮੌਕੇ ਗੁਰਤੇਜ ਸਿੰਘ ਪੰਨੂੰ ਮੋਹਾਲੀ, ਲਖਵੀਰ ਸਿੰਘ ਰਾਏ, ਹਰਜੋਤ ਸਿੰਘ ਬੈਂਸ, ਚੇਤਨ ਸਿੰਘ ਜੌੜਮਾਜਰਾ, ਸੰਨੀ ਸਿੰਘ ਆਹਲੂਵਾਲੀਆ, ਸਤੀਸ਼ ਸੈਣੀ, ਰਾਜ ਲਾਲੀ ਗਿੱਲ, ਗੋਬਿੰਦਰ ਮਿੱਤਲ, ਪ੍ਰਭਜੋਤ ਕੌਰ ਆਦਿ ਆਗੂ ਤੇ ਵਰਕਰ ਵੀ ਮੌਜੂਦ ਸਨ।
ਐਸਏਐਸ-ਨਰਿੰਦਰ-6-3ਬੀ