
ਮੁੱਖ ਮੰਤਰੀ ਚੰਨੀ ਨੇ ਕਈ ਮੰਤਰੀਆਂ ਤੇ ਵਿਧਾਇਕਾਂ ਨਾਲ ਗਾਂਧੀ ਭਵਨ ਵਿਖੇ ਦਿਤਾ ਮੌਨ ਧਰਨਾ
ਚੰਡੀਗੜ੍ਹ, 5 ਅਕਤੂਬਰ (ਗੁਰਉਪਦੇਸ਼ ਭੁੱਲਰ): ਲਖੀਮਪੁਰ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਵਲੋਂ ਕਈ ਕਿਸਾਨਾਂ ਦੀਆਂ ਗੱਡੀ ਥੱਲੇ ਕੁਚਲ ਕੇ ਵਹਿਸ਼ੀਆਨਾ ਤਰੀਕੇ ਨਾਲ ਹਤਿਆਵਾਂ ਕਰ ਦੇਣ ਵਿਰੁਧ ਪੰਜਾਬ ਕਾਂਗਰਸ ਤੇ ਸੂਬੇ ਦੀ ਚਰਨਜੀਤ ਚੰਨੀ ਦੀ ਕਾਂਗਰਸ ਸਰਕਾਰ ਬੜੀ ਹੀ ਮਜ਼ਬੂਤੀ ਨਾਲ ਰੋਸ ਮੁਹਿੰਮ ਚਲਾ ਰਹੀ ਹੈ | ਬੀਤੇ ਦਿਨੀਂ ਨਵਜੋਤ ਸਿੱਧੂ ਦੀ ਅਗਵਾਈ ਹੇਠ ਪੰਜਾਬ ਰਾਜ ਭਵਨ ਅੱਗੇ ਧਰਨਾ ਦੇ ਕੇ ਗਿ੍ਫ਼ਤਾਰੀਆਂ ਦੇਣ ਬਾਅਦ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਯੂ.ਪੀ.ਹਰਿਆਣਾ ਸਰਹੱਦ 'ਤੇ ਜ਼ਬਰਦਸਤ ਰੋਸ ਮੁਜ਼ਾਹਰਾ ਕਰਨ ਉਪਰੰਤ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਪਣੇ ਕੁੱਝ ਸਾਥੀ ਮੰਤਰੀਆਂ ਅਤੇ ਵਿਧਾਇਕਾਂ ਸਮੇਤ ਗਾਂਧੀ ਸਮਾਰਕ ਭਵਨ ਵਿਖੇ ਪਹੁੰਚ ਕੇ ਮੌਨ ਧਰਨਾ ਦਿਤਾ | ਉਹ ਯੂਥ ਕਾਂਗਰਸ ਦੇ ਧਰਨੇ ਵਿਚ ਵੀ ਸ਼ਾਮਲ ਹੋਏ |
ਮੁੱਖ ਮੰਤਰੀ ਚੰਨੀ ਨਾਲ ਇਸ ਮੌਕੇ ਮੌਨ ਧਰਨੇ ਵਿਚ ਮਹਾਤਮਾ ਗਾਂਧੀ ਦੇ ਬੁੱਤ ਸਾਹਮਣੇ ਸ਼ਾਮਲ ਹੋਣ ਵਾਲਿਆਂ ਵਿਚ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਬਾਜਵਾ, ਮਨਪ੍ਰੀਤ ਬਾਦਲ, ਪ੍ਰਗਟ ਸਿੰਘ, ਗੁਰਕੀਰਤ ਸਿੰਘ ਕੋਟਲੀ,
ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਤੇ ਮੰਤਰੀ ਸੰਗਤ ਸਿੰਘ ਗਿਲਜੀਆਂ, ਵਿਧਾਇਕ ਮਦਨ ਲਾਲ ਜਲਾਲਪੁਰ ਆਦਿ ਸ਼ਾਮਲ ਸਨ | ਇਸ ਮੌਕੇ ਧਰਨੇ ਤੋਂ ਬਾਅਦ ਮੁੱਖ ਮੰਤਰੀ ਚੰਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲਖੀਮਪੁਰ ਵਿਚ ਪੂਰੇ ਯੋਜਨਾਬੱਧ ਤਰੀਕੇ ਨਾਲ ਵਹਿਸ਼ੀਆਨਾ ਕਾਂਡ ਨੂੰ ਅੰਜਾਮ ਦਿਤਾ ਗਿਆ | ਪਹਿਲਾਂ ਮੰਤਰੀ ਨੇ ਭੜਕਾਊ ਭਾਸ਼ਨ ਦਿਤਾ ਸੀ | ਜਲਿਆਂ ਵਾਲੇ ਬਾਗ਼ ਵਰਗਾ ਕਾਂਡ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਾ ਨਿਜਾਮ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ | ਭਾਜਪਾ ਨੂੰ ਲਗਦਾ ਹੈ ਕਿ ਉਹ ਖੁਦਾ ਬਣ ਗਈ ਹੈ ਪਰ ਉਹ ਖੁਦਾ ਨਹੀਂ ਹੈ | ਉਨ੍ਹਾਂ ਕਿਹਾ ਕਿ ਇਸ ਕਾਂਡ ਵਿਰੁਧ ਗਾਂਧੀ ਤੋਂ ਪ੍ਰੇਰਣਾ ਲੈ ਕੇ ਸ਼ਾਂਤਮਈ ਤੇ ਅਹਿੰਸਕ ਸੰਘਰਸ਼ ਕਰਾਂਗੇ ਅਤੇ ਇਸੇ ਲਈ ਅੱਜ ਗਾਂਧੀ ਦੇ ਬੁੱਤ ਸਾਹਮਣੇ ਧਰਨੇ 'ਤੇ ਬੈਠੇ ਹਾਂ | ਉਨ੍ਹਾਂ ਨਾਲ ਹੀ ਭਾਜਪਾ ਸਰਕਾਰ ਨੂੰ ਚੇਤਾਵਨੀ ਦਿਤੀ ਕਿ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਤੇ ਰਾਜਗੁਰੂ, ਸੁਖਦੇਵ ਦੇ ਕ੍ਰਾਂਤੀਕਾਰੀ ਰਾਹ 'ਤੇ ਚਲਣ ਲਈ ਮਜਬੂਰ ਨਾ ਕੀਤਾ ਜਾਵੇ |
ਮਨਪ੍ਰੀਤ ਬਾਦਲ ਨੇ ਕਿਹਾ ਕਿ ਅੱਜ ਅਸੀ ਮਹਾਤਮਾ ਗਾਂਧੀ ਦੀ ਸਹੁੰ ਖਾ ਕੇ ਕਹਿੰਦੇ ਹਾਂ ਕਿ ਜਿਸ ਤਰ੍ਹਾਂ ਸ਼ਾਂਤਮਈ ਅੰਦੋਲਨ ਰਾਹੀਂ ਅੰਗਰੇਜ਼ਾਂ ਨੂੰ ਦੇਸ਼ ਵਿਚੋਂ ਕਢਿਆ ਸੀ, ਉਸੇ ਤਰ੍ਹਾਂ ਭਾਜਪਾ ਨੂੰ ਸੂਬੇ ਤੇ ਦੇਸ਼ ਵਿਚੋਂ ਬਾਹਰ ਕਰ ਦਿਆਂਗੇ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦਾ ਵਹਿਸ਼ੀਆਨਾ ਕਾਂਡ ਹੋਇਆ, ਉਸ ਨਾਲ ਹਰ ਦਿਲ ਵਾਲੇ ਵਿਅਕਤੀ ਦਾ ਸੀਨਾ ਦਹਿਲ ਗਿਆ ਹੈ |
ਮੁੱਖ ਮੰਤਰੀ ਵਲੋਂ ਨਸ਼ਿਆਂ ਤੇ ਹਥਿਆਰਾਂ ਦੀ ਨਾਜਾਇਜ਼ ਸਪਲਾਈ ਰੋਕਣ ਲਈ ਸਰਹੱਦਾਂ ਸੀਲ ਕਰਨ ਹਿਤ ਅਮਿਤ ਸ਼ਾਹ ਦੇ ਨਿਜੀ ਦਖ਼ਲ ਦੀ ਮੰਗ
ਕੇਂਦਰੀ ਗ੍ਰਹਿ ਮੰਤਰੀ ਨੂੰ ਤੁਰਤ ਹੀ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲਣ ਦੀ ਅਪੀਲ
ਖੇਤੀ ਕਾਨੂੰਨ ਰੱਦ ਕਰਨ ਦੀ ਲੋੜ ਦੁਹਰਾਈ ਅਤੇ ਲਖੀਮਪੁਰ ਖੀਰੀ ਦਾ ਮੁੱਦਾ ਚੁੱਕਿਆ
ਨਵੀਂ ਦਿੱਲੀ, 5 ਅਕਤੂਬਰ: ਸੂਬੇ ਵਿੱਚ ਸਰਹੱਦ ਪਾਰੋਂ ਨਸ਼ਿਆਂ ਅਤੇ ਹਥਿਆਰਾਂ ਦੀ ਨਾਜਾਇਜ਼ ਤਸਕਰੀ ਰੋਕਣ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੰਗਲਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਿੱਜੀ ਦਖਲ ਦੀ ਮੰਗ ਕਰਦੇ ਹੋਏ ਸਰਹੱਦਾਂ ਸੀਲ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਇਸ ਕਦਮ ਨਾਲ ਨਸ਼ਿਆਂ ਦੀ ਸਪਲਾਈ ਦਾ ਲੱਕ ਤੋੜਨ ਵਿੱਚ ਮਦਦ ਮਿਲੇਗੀ | ਸ. ਚੰਨੀ ਨੇ ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਮਗਰੋਂ ਪਹਿਲੀ ਵਾਰ ਕੇਂਦਰੀ ਗ੍ਰਹਿ ਮੰਤਰੀ ਨਾਲ ਉਨਾਂ ਦੇ ਇਥੇ ਸਥਿਤ ਨਿਵਾਸ ਸਥਾਨ 'ਤੇ ਅੱਜ ਸ਼ਾਮ ਮੁਲਾਕਾਤ ਕੀਤੀ | ਮੀਟਿੰਗ ਤੋਂ ਤੁਰੰਤ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਉਮੀਦ ਜਾਹਿਰ ਕੀਤੀ ਕਿ ਉਨਾਂ ਨੂੰ ਅੱਜ ਸੁਖਾਵੇਂ ਮਾਹੌਲ ਵਿੱਚ ਹੋਈ ਗੱਲਬਾਤ ਤੋਂ ਬਾਅਦ ਇਸਦੇ ਉਸਾਰੂ ਸਿੱਟੇ ਨਿਕਲਣ ਦੀ ਆਸ ਹੈ |
ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਮੁੜ ਤੋਂ ਖੋਲਣ ਦੀ ਮੰਗ ਕਰਦੇ ਹੋਏ ਮੁੱਖ ਮੰਤਰੀ ਨੇ ਸ੍ਰੀ ਅਮਿਤ ਸ਼ਾਹ ਨੂੰ ਕਿਹਾ ਕਿ ਇਸ ਸਬੰਧੀ ਛੇਤੀ ਹੀ ਕੋਈ ਫੈਸਲਾ ਲਿਆ ਜਾਵੇ ਤਾਂ ਜੋ ਸ਼ਰਧਾਲੂ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰ ਸਕਣ | ਇਸ ਸਬੰਧੀ ਅਮਿਤ ਸ਼ਾਹ ਨੇ ਮੁੱਖ ਮੰਤਰੀ ਨੂੰ ਯਕੀਨ ਦਿਵਾਇਆ ਕਿ ਉਹ ਵਿਸਥਾਰ ਸਹਿਤ ਚਰਚਾ ਮਗਰੋਂ ਲਾਂਘਾ ਖੋਲਣ ਸਬੰਧੀ ਫੈਸਲਾ ਲੈਣਗੇ |
ਕਿਸਾਨਾਂ ਦੇ ਮੁੱਦੇ ਸੁਲਝਾਉਣ ਲਈ ਕੇਂਦਰੀ ਗ੍ਰਹਿ ਮੰਤਰੀ ਦੇ ਨਿੱਜੀ ਦਖਲ ਦੀ ਮੰਗ ਕਰਦੇ ਹੋਏ ਮੁੱਖ ਮੰਤਰੀ ਨੇ ਉਨਾਂ ਨੂੰ ਖੇਤੀ ਕਾਨੂੰਨ ਛੇਤੀ ਹੀ ਰੱਦ ਕਰਨ ਲਈ ਬੇਨਤੀ ਕੀਤੀ | ਲਖੀਮਪੁਰ ਖੀਰੀ ਹਾਦਸੇ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਸ. ਚੰਨੀ ਨੇ ਕਿਹਾ ਕਿ ਅਜਿਹੇ ਜ਼ਾਲਮਾਨਾ ਕਾਰੇ ਬਰਦਾਸ਼ਤ ਨਹੀਂ ਕੀਤੇ ਜਾਣਗੇ | ਉਨਾਂ ਇਹ ਵੀ ਕਿਹਾ ਕਿ ਇਸ ਮੰਦਭਾਗੇ ਹਾਸਦੇ ਦੇ ਪੀੜਿਤ ਪਰਿਵਾਰਾਂ ਨੂੰ ਮਿਲਣ ਜਾ ਰਹੇ ਉਨਾਂ ਦੇ ਆਗੂਆਂ ਨੂੰ ਜਿਸ ਢੰਗ ਨਾਲ ਗਿ੍ਫਤਾਰ ਕੀਤਾ ਗਿਆ, ਉਹ ਨਿੰਦਣਯੋਗ ਹੈ ਅਤੇ ਇਹ ਚਲਨ ਰੁਕਣਾ ਚਾਹੀਦਾ ਹੈ |