
ਮੁਲਜ਼ਮਾਂ ਨੂੰ ਗਿ੍ਰਫ਼ਤਾਰ ਨਾ ਕੀਤਾ ਗਿਆ ਤਾਂ ਦੇਸ਼ ਵਿਆਪੀ ਅੰਦੋਲਨ ਸ਼ੁਰੂ ਕਰਾਂਗੇ : ਟਿਕੈਤ
ਲਖੀਮਪੁਰ ਖੀਰੀ (ਯੂਪੀ), 6 ਅਕਤੂਬਰ: ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਆਗੂ ਰਾਕੇਸ਼ ਟਿਕੈਤ ਨੇ ਬੁਧਵਾਰ ਨੂੰ ਲਖੀਮਪੁਰ ਖੀਰੀ ਵਿਚ ਹੋਈ ਹਿੰਸਾ ਦੀ ਘਟਨਾ ਦੇ ਸਾਰੇ ਦੋਸ਼ੀਆਂ ਦੀ ਗਿ੍ਰਫ਼ਤਾਰੀ ਬਾਰੇ ਰਾਜ ਸਰਕਾਰ ਨੂੰ ਦਿਤੇ ਅਲਟੀਮੇਟਮ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਜੇਕਰ ਅੱਠ ਦਿਨਾਂ ਵਿਚ ਅਜਿਹਾ ਨਹੀਂ ਹੋਇਆ ਤਾਂ ਫਿਰ ਦੇਸ਼ ਵਿਆਪੀ ਅੰਦੋਲਨ ਸ਼ੁਰੂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਐਤਵਾਰ ਦੀ ਘਟਨਾ ਵਿਚ ਮਾਰੇ ਗਏ ਅੱਠਾਂ ਵਿਚ ਚਾਰ ਕਿਸਾਨ ਅਤੇ ਇਕ ਪੱਤਰਕਾਰ ਸ਼ਾਮਲ ਹਨ। ਉਨ੍ਹਾਂ ਇਸ ਘਟਨਾ ਦੇ ਦੋਸ਼ੀਆਂ ਦੀ ਛੇਤੀ ਗਿ੍ਰਫ਼ਤਾਰੀ ਅਤੇ ਕੇਂਦਰੀ ਮੰਤਰੀ ਅਜੇ ਕੁਮਾਰ ਮਿਸ਼ਰਾ ਦੇ ਅਸਤੀਫ਼ੇ ਦੀ ਮੰਗ ਕੀਤੀ। 4 ਅਕਤੂਬਰ ਨੂੰ ਟਿਕੈਤ ਵਲੋਂ ਰਾਜ ਸਰਕਾਰ ਨਾਲ ਸਮਝੌਤਾ ਕੀਤੇ ਜਾਣ ਅਤੇ ਮਿ੍ਰਤਕ ਕਿਸਾਨਾਂ ਦਾ ਪੋਸਟਮਾਰਟਮ ਕੀਤੇ ਜਾਣ ਤੋਂ ਬਾਅਦ ਕਿਸਾਨਾਂ ਨੇ ਅਪਣਾ ਵਿਰੋਧ ਸਮਾਪਤ ਕਰ ਦਿਤਾ ਸੀ।
ਵਧੀਕ ਪੁਲਿਸ ਮਹਾਨਿਦੇਸਕ (ਕਾਨੂੰਨ ਅਤੇ ਵਿਵਸਥਾ) ਪ੍ਰਸ਼ਾਂਤ ਕੁਮਾਰ ਨੇ ਟਿਕੈਤ ਦੀ ਮੌਜੂਦਗੀ ਵਿਚ ਪੀੜਤ ਕਿਸਾਨਾਂ ਦੇ ਪ੍ਰਵਾਰਾਂ ਨੂੰ 45-45 ਲੱਖ ਰੁਪਏ ਦੇਣ, ਯੋਗਤਾ ਦੇ ਅਨੁਸਾਰ ਪ੍ਰਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਹਾਈ ਕੋਰਟ ਦੇ ਰਿਟਾਇਰਡ ਜੱਜ ਦੀ ਨਿਗਰਾਨੀ ਹੇਠ ਨਿਆਂਇਕ ਜਾਂਚ ਕਰਵਾਉਦ ਦੀ ਗੱਲ 4 ਅਕਤੂਬਰ ਨੂੰ ਕਹੀ ਸੀ। ਟਿਕੈਤ ਨੇ ਲਖੀਮਪੁਰ ਸ਼ਹਿਰ ਦੇ ਇਕ ਗੁਰਦੁਆਰੇ ਵਿਚ ਪੱਤਰਕਾਰਾਂ ਨੂੰ ਕਿਹਾ, “ਸਾਡਾ ਵਿਰੋਧ ਖ਼ਤਮ ਨਹੀਂ ਹੋਇਆ ਹੈ। ਅਸੀਂ ਸਮਝੌਤੇ ਤੋਂ ਬਾਅਦ ਅੱਠ ਦਿਨਾਂ ਤਕ ਉਡੀਕ ਕਰਾਂਗੇ ਅਤੇ ਜੇ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਦੇਸ਼ ਵਿਆਪੀ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਤਿਕੋਨੀਆ ਥਾਣੇ ਵਿਖੇ ਵਾਪਰੀ ਇਸ ਘਟਨਾ ਵਿਚ ਕੇਂਦਰੀ ਮੰਤਰੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਅਤੇ ਹੋਰਾਂ ਵਿਰੁਧ ਭਾਰਤੀ ਦੰਡਾਵਲੀ ਦੀ ਧਾਰਾ 302 (ਕਤਲ) ਦੇ ਤਹਿਤ ਐਫ਼ਆਈਆਰ ਦਰਜ ਕੀਤੀ ਗਈ ਹੈ। ਟਿਕੈਤ ਨੇ ਕਿਹਾ ਕਿ ਪੀੜਤਾਂ ਦੇ ਪ੍ਰਵਾਰਾਂ ਅਤੇ ਕਿਸਾਨਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਸਰਕਾਰ ਨਾਲ ਇਕ ਸਮਝੌਤਾ ਹੋਇਆ ਅਤੇ ਸਾਰਿਆਂ ਨੇ ਇਸ ’ਤੇ ਤਸੱਲੀ ਪ੍ਰਗਟ ਕੀਤੀ ਸੀ। (ਏਜੰਸੀ)