
ਲਖੀਮਪੁਰ ਕਾਂਡ: ਮੁਲਜ਼ਮ ਦੇ ਪਿਤਾ ਅਜੇ ਮਿਸ਼ਰਾ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
ਲਖਨਊ, 6 ਅਕਤੂਬਰ : ਉਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਵਿਚ ਕਿਸਾਨਾਂ ਨੂੰ ਗੱਡੀ ਨਾਲ ਦਰੜਣ ਤੋਂ ਬਾਅਦ ਦੇਸ਼ ਪੱਧਰ ਉਤੇ ਮਚੇ ਹੰਗਾਮੇ ਦੇ ਵਿਚਕਾਰ ਅੱਜ ਮਾਮਲੇ ਵਿਚ ਮੁਲਜ਼ਮ ਆਸ਼ੀਸ਼ ਮਿਸ਼ਰਾ ਦੇ ਪਿਤਾ ਕੇਂਦਰੀ ਮੰਤਰੀ ਅਜੇ ਮਿਸ਼ਰਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਦੋਵਾਂ ਵਿਚਕਾਰ ਇਹ ਮੁਲਾਕਾਤ ਲਗਭਗ 20 ਮਿੰਟ ਤਕ ਚੱਲੀ। ਅਮਿਤ ਸ਼ਾਹ ਨੇ ਅਜੈ ਮਿਸ਼ਰਾ ਨੂੰ ਜਾਂਚ ਵਿਚ ਸਹਿਯੋਗ ਦੇਣ ਦੇ ਨਿਰਦੇਸ਼ ਦਿਤੇ। ਅਜੇ ਮਿਸ਼ਰਾ ਲਖੀਮਪੁਰ ਘਟਨਾ ਤੋਂ ਬਾਅਦ ਪਹਿਲੀ ਵਾਰ ਦਿੱਲੀ ਆਏ ਹਨ।
ਲਖੀਮਪੁਰ ਖੀਰੀ ਵਿਚ ਹੰਗਾਮੇ ਤੋਂ ਬਾਅਦ ਸਿਆਸੀ ਪਾਰੀ ਗਰਮ ਹੋ ਰਹੀ ਹੈ। ਜਦੋਂ ਕਿ ਵਿਰੋਧੀ ਪਾਰਟੀਆਂ ਨੇ ਸਰਕਾਰ ਨੂੰ ਘੇਰਿਆ ਹੋਇਆ ਹੈ, ਅੱਜ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੇਨੀ ਨੂੰ ਦਿੱਲੀ ਬੁਲਾਇਆ ਗਿਆ। ਅਜਿਹੀ ਸਥਿਤੀ ਵਿਚ ਕਿਆਸ ਲਗਾਏ ਜਾ ਰਹੇ ਹਨ ਕਿ ਉਨ੍ਹਾਂ ਦਾ ਅਸਤੀਫ਼ਾ ਮੰਗਿਆ ਜਾ ਸਕਦਾ ਹੈ।
ਦੱਸਣਯੋਗ ਹੈ ਕਿ ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ’ਤੇ ਲਖੀਮਪੁਰ ਖੀਰੀ ’ਚ ਕਿਸਾਨਾਂ ਨੂੰ ਕਾਰ ਨਾਲ ਕੁਚਲਣ ਦਾ ਦੋਸ਼ ਹੈ ਅਤੇ ਵਿਰੋਧੀ ਧਿਰ ਮੰਗ ਕਰ ਰਹੀ ਹੈ ਕਿ ਅਜੇ ਮਿਸ਼ਰਾ ਨੂੰ ਮੰਤਰੀ ਦੇ ਅਹੁਦੇ ਤੋਂ ਹਟਾ ਦਿਤਾ ਜਾਵੇ। ਕਿਸਾਨਾਂ ਉੱਤੇ ਗੱਡੀ ਚੜਾਉਣ ਦੀ ਕਥਿਤ ਵੀਡੀਉ ਵੀ ਵਾਇਰਲ ਹੋ ਰਹੀ ਹੈ। ਐਫ਼ਆਈਆਰ ਵਿਚ ਦੋਸ਼ ਲਾਇਆ ਗਿਆ ਹੈ ਕਿ ਆਸ਼ੀਸ਼ ਮਿਸ਼ਰਾ ਨੇ ਵੀ ਕਿਸਾਨਾਂ ’ਤੇ ਗੋਲੀਬਾਰੀ ਕੀਤੀ ਹੈ। ਕਿਸਾਨਾਂ ਵਲੋਂ ਦਰਜ ਐਫ਼ਆਈਆਰ ਵਿਚ ਕਿਹਾ ਗਿਆ ਹੈ ਕਿ ਮੰਤਰੀ ਦੇ ਬੇਟੇ ਦੀ ਕਾਰ ਨੇ ਕਿਸਾਨਾਂ ਨੂੰ “ਸੜਕ ਦੇ ਦੋਵੇਂ ਪਾਸੇ” ਟੱਕਰ ਮਾਰ ਦਿਤੀ, ਜਿਸਦੇ ਬਾਅਦ ਡਰਾਈਵਰ ਨੇ ਕੰਟਰੋਲ ਗੁਆ ਦਿਤਾ ਅਤੇ ਗੱਡੀ ਇਕ ਖਾਈ ਵਿਚ ਪਲਟ ਗਈ, ਜਿਸ ਕਾਰਨ ਕਈ ਲੋਕ ਜ਼ਖ਼ਮੀ ਹੋ ਗਏ। ਐਫ਼ਆਈਆਰ ਵਿਚ ਕਿਹਾ ਗਿਆ ਹੈ ਕਿ ਇਸ ਤੋਂ ਬਾਅਦ, ਮੰਤਰੀ ਦਾ ਬੇਟਾ ਕਾਰ ਤੋਂ ਉਤਰਿਆ ਅਤੇ ਗੰਨੇ ਦੇ ਖੇਤ ਵਿਚ ਭੱਜ ਗਿਆ ਅਤੇ ਅਪਣੀ ਬੰਦੂਕ ਨਾਲ ਫ਼ਾਇਰਿੰਗ ਕੀਤੀ। (ਏਜੰਸੀ)