
ਦੇਰ ਰਾਤ ਅਚਾਨਕ ਸਿੱਧੂ ਦੇ ਘਰ ਪਹੁੰਚੇ ਮੁੱਖ ਮੰਤਰੀ ਚੰਨੀ, ਦੋ ਘੰਟੇ ਤਕ ਕੀਤੀ ਮੀਟਿੰਗ
ਮੁੱਖ ਮੰਤਰੀ ਦੀ ਫੇਰੀ ਨੇ ਦਿਤੀ ਬਲਬੀਰ ਸਿੱਧੂ ਨੂੰ ਸਿਆਸੀ ਤਾਕਤ
ਐਸ.ਏ.ਐਸ.ਨਗਰ, 5 ਅਕਤੂਬਰ (ਸੁਖਦੀਪ ਸਿੰਘ ਸੋਈਾ) : ਪੰਜਾਬ ਦੇ ਮੁੱਖ ਮੰਤਰੀ ਵਲੋਂ ਬੀਤੀ ਦੇਰ ਰਾਤ ਅਚਾਨਕ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਦੇ ਘਰ ਪਹੁੰਚ ਕੇ ਉਨ੍ਹਾਂ ਨਾਲ ਦੋ ਘੰਟੇ ਤਕ ਕੀਤੀ ਗਈ ਲੰਮੀ ਮੀਟਿੰਗ ਨੇ ਨਵੀਂ ਸਿਆਸੀ ਚਰਚਾ ਛੇੜ ਦਿਤੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਸ ਮੀਟਿੰਗ ਦੌਰਾਨ ਮੁੱਖ ਮੰਤਰੀ ਵਲੋਂ ਸਿੱਧੂ ਨਾਲ ਦੂਰੀਆਂ ਘੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ | ਇਸ ਮੀਟਿੰਗ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਹਰੀਸ਼ ਚੌਧਰੀ ਵੀ ਸ਼ਾਮਲ ਹੋਏ ਸਨ |
ਮੁੱਖ ਮੰਤਰੀ ਵਲੋਂ ਹਲਕਾ ਵਿਧਾਇਕ ਦੇ ਘਰ ਪਾਈ ਗਈ ਇਸ ਅਚਾਨਕ ਫੇਰੀ ਨੇ ਨਵੀਂ ਸਿਆਸੀ ਚਰਚਾ ਛੇੜ ਦਿਤੀ ਹੈ | ਇਸ ਤੋਂ ਪਹਿਲਾਂ ਇਹ ਸਮਝਿਆ ਜਾ ਰਿਹਾ ਸੀ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਵਿਚ ਆਪਸੀ ਵਖਰੇਵਿਆਂ ਕਾਰਨ ਹੀ ਸਿੱਧੂ ਮੰਤਰੀ ਦੀ ਕੁਰਸੀ ਤੋਂ ਵਾਂਝੇ ਰਹਿ ਗਏ ਸਨ ਪਰੰਤੂ ਹੁਣ ਮੁੱਖ ਮੰਤਰੀ ਵਲੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਹਰੀਸ਼ ਚੌਧਰੀ ਦੇ ਨਾਲ ਸ੍ਰੀ ਸਿੱਧੂ ਨਾਲ ਕੀਤੀ ਗਈ ਮੀਟਿੰਗ ਪੁਰਾਣੇ ਗਿਲੇ ਸ਼ਿਕਵੇ ਖਤਮ ਕਰਨ ਲਈ ਕੀਤੀ ਗਈ ਹੈ |
ਇਸ ਦੌਰਾਨ ਇਹ ਵੀ ਕਿਹਾ ਜਾ ਰਿਹਾ ਹੈ ਕਿ ਪਾਰਟੀ ਹਾਈਕਮਾਨ ਵਲੋਂ ਕੈਪਟਨ ਅਮਰਿੰਦਰ ਸਿੰਘ ਦੇ ਬਾਗ਼ੀ ਤੇਵਰਾਂ ਕਾਰਨ ਉਨ੍ਹਾਂ ਦੇ ਨਜ਼ਦੀਕੀ ਰਹੇ ਸਾਬਕਾ ਮੰਤਰੀਆਂ ਅਤੇ ਵਿਧਾਇਕਾਂ ਨੂੰ ਪਾਰਟੀ ਵਿਚ ਹੀ ਰਹਿਣ ਲਈ ਮਨਾਉਣ ਲਈ ਕੀਤੀ ਜਾ ਰਹੀ ਕਵਾਇਦ ਦੇ ਹਿੱਸੇ ਵਜੋਂ ਹੀ ਇਹ ਮੀਟਿੰਗ ਹੋਈ ਹੈ | ਅਸਲੀਅਤ ਕੁੱਝ ਵੀ ਹੋਵੇ ਪਰੰਤੂ ਮੁੱਖ ਮਤਰੀ ਵਲੋਂ ਬਲਬੀਰ ਸਿੰਘ ਸਿੱਧੂ ਦੇ ਘਰ ਪਹੁੰਚ ਕੇ ਉਨ੍ਹਾਂ ਨਾਲ ਲਗਭਗ ਦੋ ਘੰਟੇ ਤਕ ਕੀਤੀ ਗਈ ਇਸ ਮੀਟਿੰਗ ਨਾਲ ਇਹ ਸਪੱਸ਼ਟ ਸੰਕੇਤ ਮਿਲ ਰਿਹਾ ਹੈ ਕਿ ਬਲਬੀਰ ਸਿਘ ਸਿੱਧੂ ਪਾਰਟੀ ਨੂੰ ਮੰਤਰੀ ਦੀ ਕੁਰਸੀ ਭਾਵੇਂ ਨਾ ਮਿਲੀ ਹੋਵੇ ਪਰੰਤੂ ਹਲਕੇ ਵਿਚ ਉਨ੍ਹਾਂ ਦੀ ਹੀ ਚਲੇਗੀ ਅਤੇ ਇਸ ਦੇ ਨਾਲ ਹੀ ਸਿੱਧੂ ਦੇ ਮੰਤਰੀ ਨਾ ਰਹਿਣ ਕਾਰਨ ਉਹਨਾਂ ਦੇ ਛੋਟੇ ਭਰਾ ਅਤੇ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਕੁਰਸੀ ਬਾਰੇ ਚਲ ਰਹੇ ਕਿਆਸਿਆਂ ਦਾ ਵੀ ਭੋਗ ਪੈ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮੌਕੇ ਚਰਨਜੀਤ ਸਿੰਘ ਚੰਨੀ ਵਲੋਂ ਬਲਬੀਰ ਸਿੰਘ ਨੂੰ ਅਪਣੇ ਪੁੱਤਰ ਦੇ ਵਿਆਹ ਦਾ ਸੱਦਾ ਪੱਤਰ ਵੀ ਦਿਤਾ ਅਤੇ ਹਲਕੇ ਵਿਚ ਤਕੜੇ ਹੋ ਕੇ ਕੰਮ ਕਰਨ ਲਈ ਕਿਹਾ | ਉਨ੍ਹਾਂ ਸਿੱਧੂ ਨੂੰ ਕਿਹਾ ਕਿ ਭਾਵੇਂ ਪਾਰਟੀ ਵਲੋਂ ਮੰਤਰੀ ਮੰਡਲ ਦੇ ਗਠਨ ਦੌਰਾਨ ਕੁੱਝ ਪੁਰਾਣੇ ਮੰਤਰੀਆਂ ਦੀ ਥਾਂ ਨਵੇਂ ਚਿਹਰੇ ਲਿਆਂਦੇ ਗਏ ਹਨ ਪਰੰਤੂ ਇਸ ਨਾਲ ਸਿੱਧੂ ਦੀ ਸ਼ਖਸ਼ੀਅਤ ਤੇ ਕੋਈ ਅਸਰ ਨਹੀਂ ਪੈਂਦਾ ਅਤੇ ਉਹ ਪਹਿਲਾਂ ਵਾਂਗ ਹੀ ਸਰਕਾਰ ਦਾ ਹਿੱਸਾ ਹਨ | ਇਸ ਸੰਬੰਧੀ ਗੱਲ ਕਰਦਿਆਂ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਮੁੱਖ ਮੰਤਰੀ ਵਲੋਂ ਸਿੱਧੂ ਦੇ ਘਰ ਪਹੁੰਚ ਕੇ ਉਨ੍ਹਾਂ ਨਾਲ ਕੀਤੀ ਗਈ ਲੰਮੀ ਮੀਟਿੰਗ ਤੋਂ ਬਾਅਦ ਉਨ੍ਹਾਂ ਲੋਕਾ ਦੇ ਸਾਰੇ ਭਰਮ ਭੁਲੇਖੇ ਦੂਰ ਹੋ ਜਾਣੇ ਚਾਹੀਦੇ ਹਨ ਜਿਹੜੇ ਸਿੱਧੂ ਦੇ ਮੁੜ ਮੰਤਰੀ ਨਾ ਬਣ ਸਕਣ ਕਾਰਨ ਉਨ੍ਹਾਂ ਵਿਰੁਧ ਕਈ ਤਰ੍ਹਾਂ ਦੀਆਂ ਗੱਲਾਂ ਫੈਲਾ ਰਹੇ ਸਨ |
photo 5-8