
24 ਘੰਟੇ ਵਿਚ ਕੇਂਦਰੀ ਮੰਤਰੀ ਤੇ ਉਸ ਦੇ ਪੁੱਤਰ ਦੀ ਗਿ੍ਫ਼ਤਾਰੀ
ਨਾ ਹੋਈ ਤਾਂ ਪੰਜਾਬ ਕਾਂਗਰਸ ਲਖੀਮਪੁਰ ਵੱਲ ਕੂਚ ਕਰੇਗੀ
ਚੰਡੀਗੜ੍ਹ, 5 ਅਕਤੂਬਰ (ਗੁਰਉਪਦੇਸ਼ ਭੁੱਲਰ): ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਬਾਅਦ ਵੀ ਨਵਜੋਤ ਸਿੱਧੂ ਪਾਰਟੀ ਫ਼ਰੰਟ 'ਤੇ ਪੂਰੇ ਸਰਗਰਮ ਦਿਖਾਈ ਦੇ ਰਹੇ ਹਨ | ਉਨ੍ਹਾਂ ਨੇ ਬੀਤੇ ਦਿਨੀਂ ਚੰਡੀਗੜ੍ਹ ਵਿਚ ਪੰਜਾਬ ਰਾਜ ਭਵਨ ਵੱਲ ਸੈਂਕੜੇ ਕਾਂਗਰਸੀਆਂ ਸਮੇਤ ਕੂਚ ਕਰ ਕੇ ਜ਼ੋਰਦਾਰ ਰੋੋਸ ਦਰਜ ਕਰਵਾਉਣ ਬਾਅਦ ਲਖੀਮਪੁਰ ਖੇਤੀ ਹਤਿਆ ਕਾਂਡ ਨੂੰ ਲੈ ਕੇ ਕੇਂਦਰੀ ਦੀ ਯੋਗੀ ਸਰਕਾਰ ਨੂੰ ਵੀ ਅਲਟੀਮੇਟਮ ਦੇ ਦਿਤਾ ਹੈ |
ਜ਼ਿਕਰਯੋਗ ਹੈ ਕਿ ਉਹ ਪਿਛਲੇ ਦਿਨੀਂ ਇਹ ਗੱਲ ਵੀ ਸਪੱਸ਼ਟ ਕਰ ਚੁੱਕੇ ਹਨ ਕਿ ਅਹੁਦੇ ਰਹੇ ਜਾਂ ਭਾਵੇਂ ਨਾ ਪਰ ਉਹ ਰਾਹੁਲ ਤੇ ਪਿ੍ਯੰਕਾ ਨਾਲ ਖੜੇ ਰਹਿਣਗੇ | ਅੱਜ ਨਵਜੋਤ ਸਿੱਧੂ ਨੇ ਇਕ ਟਵੀਟ ਕਰ ਕੇ ਯੋਗੀ ਸਰਕਾਰ ਨੂੰ 24 ਘੰਟੇ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇ ਕਲ ਤਕ ਲਖੀਮਰਪੁਰ ਖੇੜੀ ਹਤਿਆ ਕਾਂਡ ਵਿਚ ਵਹਿਸ਼ੀਆਨਾ ਤਰੀਕੇ ਨਾਲ ਕਿਸਾਨਾਂ ਦੇ ਕਤਲ ਕਰਨ ਲਈ ਜ਼ਿੰਮੇਵਾਰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਤੇ ਉਸ ਦੇ ਪੁੱਤਰ ਨੂੰ ਗਿ੍ਫ਼ਤਾਰ ਨਾ ਕੀਤਾ ਅਤੇ ਪਿ੍ਯੰਕਾ ਗਾਂਧੀ ਦੀ ਰਿਹਾਈ ਨਾ ਹੋਈ ਤਾਂ ਪੰਜਾਬ ਕਾਂਗਰਸ ਲਖੀਮਪੁਰ ਖੇੜੀ ਵਲ ਕੂਚ ਕਰ ਦੇਵੇਗੀ |