
ਚੋਰੀ ਹੋਏ ਟਰੱਕ-ਟਰਾਲੇ ਦਾ ਪਤਾ ਲਗਾਉਣ ਬਦਲੇ ਸ਼ਿਕਾਇਤਕਰਤਾ ਤੋਂ ਮੰਗੀ ਰਿਸ਼ਵਤ
ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁਧ ਚੱਲ ਰਹੀ ਮੁਹਿੰਮ ਦੌਰਾਨ ਥਾਣਾ ਧਰਮਕੋਟ, ਜ਼ਿਲ੍ਹਾ ਮੋਗਾ ਵਿਚ ਤਾਇਨਾਤ ਐਸ.ਐਚ.ਓ. ਗੁਰਵਿੰਦਰ ਸਿੰਘ ਭੁੱਲਰ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦਸਿਆ ਕਿ ਉਕਤ ਪੁਲਿਸ ਇੰਸਪੈਕਟਰ ਨੂੰ ਸੁਖਵਿੰਦਰ ਸਿੰਘ ਵਾਸੀ ਪਿੰਡ ਨੂਰਪੁਰ ਹਕੀਮਾ (ਢਾਣੀ ਮਲੂਕ ਸਿੰਘ), ਤਹਿਸੀਲ ਧਰਮਕੋਟ ਵਲੋਂ ਦਰਜ ਕਰਵਾਈ ਸ਼ਿਕਾਇਤ 'ਤੇ ਕਾਬੂ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਐਡੀਸ਼ਨਲ ਐਡਵੋਕੇਟ ਜਨਰਲ ਜਸਦੇਵ ਸਿੰਘ ਮਹਿੰਦੀਰੱਤਾ ਨੇ ਵੀ ਅਪਣੇ ਅਹੁਦੇ ਤੋਂ ਦਿਤਾ ਅਸਤੀਫ਼ਾ
ਉਨ੍ਹਾਂ ਅੱਗੇ ਦਸਿਆ ਕਿ ਉਕਤ ਸ਼ਿਕਾਇਤਕਰਤਾ ਨੇ ਫਿਰੋਜ਼ਪੁਰ ਸਥਿਤ ਵਿਜੀਲੈਂਸ ਬਿਊਰੋ ਰੇਂਜ ਦੇ ਦਫਤਰ ਵਿਖੇ ਪਹੁੰਚ ਕੇ ਬਿਆਨ ਦਰਜ ਕਰਵਾਏ ਅਤੇ ਦੋਸ਼ ਲਾਇਆ ਹੈ ਕਿ ਉਸ ਦੇ ਚੋਰੀ ਹੋਏ ਟਰੱਕ-ਟਰਾਲੇ ਦਾ ਪਤਾ ਲਗਾਉਣ ਲਈ ਉਹ ਪਹਿਲਾਂ ਥਾਣਾ ਕੋਟ ਈਸੇ ਖਾਂ, ਮੋਗਾ ਜਿਲ੍ਹਾ ਵਿਖੇ ਗਿਆ ਅਤੇ ਉਪਰੋਕਤ ਐਸ.ਐਚ.ਓ. ਨੂੰ ਮਿਲਿਆ ਜਿਸ ਨੇ ਇਸ ਸਬੰਧ ਵਿਚ ਮਦਦ ਕਰਨ ਲਈ ਇਕ ਲੱਖ ਰੁਪਏ ਦੀ ਮੰਗ ਕੀਤੀ ਪਰ ਆਖਰਕਾਰ ਸੌਦਾ 80,000 ਰੁਪਏ ਵਿਚ ਤੈਅ ਹੋ ਗਿਆ। ਇਸ ਤੋਂ ਬਾਅਦ ਉਕਤ ਥਾਣੇਦਾਰ ਨੇ ਸ਼ਿਕਾਇਤਕਰਤਾ ਤੋਂ ਪੇਸ਼ਗੀ ਕਿਸ਼ਤ ਵਜੋਂ 50,000 ਰੁਪਏ ਲੈ ਲਏ ਪਰ ਸ਼ਿਕਾਇਤਕਰਤਾ ਨੇ ਉਸ ਨੂੰ ਕਿਹਾ ਕਿ ਉਹ ਟਰੱਕ-ਟ੍ਰੇਲਰ ਦਾ ਥਹੁ-ਪਤਾ ਲੱਗਣ ਤੋਂ ਬਾਅਦ ਹੀ ਬਾਕੀ ਰਹਿੰਦੀ ਰਕਮ ਦੇਵੇਗਾ।
ਇਹ ਵੀ ਪੜ੍ਹੋ: ਲੁਧਿਆਣਾ 'ਚ ਵਿਜੀਲੈਂਸ ਨੇ 14 ਮਹੀਨਿਆਂ 'ਚ 57 ਰਿਸ਼ਵਤਖੋਰਾਂ ਨੂੰ ਕੀਤਾ ਕਾਬੂ, 35 FIR ਦਰਜ
ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਾਇਆ ਕਿ ਉਹ ਆਪਣੇ ਟਰਾਲੇ ਬਾਰੇ ਪਤਾ ਲਾਉਣ ਲਈ ਦੁਬਾਰਾ ਥਾਣਾ ਕੋਟ ਈਸੇ ਖਾਂ ਪੁੱਜਾਂ ਤਾਂ ਪਤਾ ਲੱਗਾ ਕਿ ਉਕਤ ਥਾਣੇਦਾਰ ਦਾ ਤਬਾਦਲਾ ਬਤੌਰ ਐਸ.ਐਚ.ਓ. ਧਰਮਕੋਟ ਹੋ ਗਿਆ ਹੈ। ਫਿਰ ਉਹ ਉਸ ਨੂੰ ਨਵੀਂ ਤਾਇਨਾਤੀ ਵਾਲੇ ਥਾਣੇ ਵਿਚ ਮਿਲਿਆ ਜਿਥੇ ਉਕਤ ਥਾਣੇਦਾਰ ਨੇ ਰਿਸ਼ਵਤ ਦੀ ਬਕਾਇਆ ਰਕਮ ਦੇਣ ਪਿੱਛੋਂ ਹੀ ਗੁਜਰਾਤ ਤੋਂ ਉਸ ਦੀ ਗੱਡੀ ਬਰਾਮਦ ਕਰਨ ਦੀ ਗੱਲ ਕੀਤੀ। ਇਸ ਤੋਂ ਬਾਅਦ ਥਾਣੇ ਵਿਚ ਹੀ ਐਸ.ਐਚ.ਓ. ਨੇ ਸ਼ਿਕਾਇਤਕਰਤਾ ਤੋਂ ਦੂਜੀ ਕਿਸ਼ਤ ਵਜੋਂ 20,000 ਰੁਪਏ ਲੈ ਲਏ ਅਤੇ ਬਕਾਇਆ ਰਕਮ ਤੁਰੰਤ ਅਦਾ ਕਰਨ ਦੀ ਹਦਾਇਤ ਕੀਤੀ।
ਇਹ ਵੀ ਪੜ੍ਹੋ: ਸਥਾਨਕ ਸਰਕਾਰਾਂ ਮੰਤਰੀ ਨੇ ਨਗਰ ਨਿਗਮਾਂ ਦੇ ਵਿਕਾਸ ਕਾਰਜਾਂ ਦੀ ਕੀਤੀ ਸਮੀਖਿਆ ਮੀਟਿੰਗ
ਇਸ ਭ੍ਰਿਸ਼ਟਾਚਾਰ ਦੇ ਅੱਗੇ ਨਾ ਝੁਕਣ ਕਰਕੇ, ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਉਰੋ ਰੇਂਜ ਦੇ ਦਫਤਰ ਕੋਲ ਜਾਣ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਜਦੋਂ ਉਕਤ ਐਸ.ਐਚ.ਓ. 10,000 ਰੁਪਏ ਦੀ ਬਕਾਇਆ ਰਕਮ ਦੀ ਮੰਗ ਰਿਹਾ ਸੀ ਤਾਂ ਸ਼ਿਕਾਇਤਕਰਤਾ ਨੇ ਗੱਲਬਾਤ ਰਿਕਾਰਡ ਕਰ ਲਈ ਅਤੇ ਸਬੂਤ ਵਜੋਂ ਵਿਜੀਲੈਂਸ ਬਿਊਰੋ ਦਫ਼ਤਰ ਨੂੰ ਸੌਂਪ ਦਿਤੀ। ਬੁਲਾਰੇ ਨੇ ਅੱਗੇ ਦਸਿਆ ਕਿ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਇਸ ਮਾਮਲੇ ਵਿਚ ਐਸ.ਐਚ.ਓ. ਨੂੰ ਦੋਸ਼ੀ ਪਾਏ ਜਾਣ ਤੋਂ ਬਾਅਦ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ: ਚੰਡੀਗੜ੍ਹ ਪ੍ਰਸ਼ਾਸਨ ਵਲੋਂ ਦੀਵਾਲੀ ਅਤੇ ਗੁਰਪੁਰਬ ਮੌਕੇ ਪਟਾਕੇ ਚਲਾਉਣ ਸਬੰਧੀ ਨਿਰਦੇਸ਼ ਜਾਰੀ
ਇਸ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ, ਜਿਸ ਦੇ ਨਤੀਜੇ ਵਜੋਂ ਥਾਣੇਦਾਰ ਗੁਰਵਿੰਦਰ ਸਿੰਘ ਭੁੱਲਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਸ਼ਿਕਾਇਤਕਰਤਾ ਤੋਂ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਉਕਤ ਪੁਲਿਸ ਮੁਲਾਜ਼ਮ ਦੇ ਖਿਲਾਫ ਥਾਣਾ ਵਿਜੀਲੈਂਸ ਬਿਉਰੋ ਰੇਂਜ ਫਿਰੋਜ਼ਪੁਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਧੀਨ ਐਫ.ਆਈ.ਆਰ. ਨੰਬਰ 26 ਮਿਤੀ 5 ਅਕਤੂਬਰ 2023 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਫੜੇ ਗਏ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਇਸ ਕੇਸ ਬਾਰੇ ਅਗਲੇਰੀ ਕਾਰਵਾਈ ਜਾਰੀ ਹੈ।