
31 ਹਜ਼ਾਰ ਤੋਂ ਵੱਧ ਸੰਗਤ ਨੇ ਕਰਵਾਈ ਬੁਕਿੰਗ
ਸੁਲਤਾਨਪੁਰ ਲੋਧੀ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਮੌਕੇ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ 'ਤੇ ਮੱਥਾ ਟੇਕਣ ਲਈ ਆਉਣ ਵਾਲੀ ਸੰਗਤ ਦੀ ਸੁਵਿਧਾ ਲਈ ਸੂਬਾ ਸਰਕਾਰ ਵਲੋਂ 280 ਏਕੜ ਖੇਤਰ ਵਿਚ ਸਥਾਪਤ ਕੀਤੀਆਂ ਗਈਆਂ ਤਿੰਨੋਂ ਟੈਂਟ ਸਿਟੀਜ਼ ਨੂੰ ਲੈ ਕੇ ਸੰਗਤਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਹੁਣ ਤੱਕ ਟੈਂਟ ਸਿਟੀ ਵਿਚ 31 ਹਜ਼ਾਰ ਤੋਂ ਜ਼ਿਆਦਾ ਸੰਗਤ ਬੁਕਿੰਗ ਕਰਵਾ ਚੁੱਕੀ ਹੈ। ਟੈਂਟ ਸਿਟੀ ਆਪਣੀ ਕੁੱਲ ਸਮਰੱਥਾ ਦੇ ਮੁਕਾਬਲੇ 85 ਫ਼ੀਸਦੀ ਤਕ ਬੁੱਕ ਹੋ ਚੁੱਕਾ ਹੈ।
Sultanpur Lodhi : 85% of space in tent cities are full
ਟੈਂਟ ਸਿਟੀ ਵਿਚ ਚਾਰ ਤਰ੍ਹਾਂ ਦੀਆਂ ਰਿਹਾਇਸ਼ੀ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਪਹਿਲੀ ਸ਼੍ਰੇਣੀ ਵਿਚ ਵੱਡੀ ਡੋਰਮੈਟਰੀ ਹੈ, ਜਿਸ ਵਿਚ ਕਿਸੇ ਇਲਾਕੇ ਤੋਂ ਆਈ ਸੰਗਤ ਇਕੱਠੀ ਠਹਿਰ ਸਕਦੀ ਹੈ। ਦੂਜੀ ਸ਼੍ਰੇਣੀ ਵਿਚ ਛੋਟੀ ਡੋਰਮੇਟਰੀ, ਤੀਜੀ ਸ਼੍ਰੇਣੀ ਵਿਚ ਫੈਮਿਲੀ ਯੂਨਿਟ ਅਤੇ ਚੌਥੀ ਸ਼੍ਰੇਣੀ ਵਿਚ ਫੈਮਿਲੀ ਕਿਊਬਿਕ ਬਣਾਏ ਗਏ ਹਨ। ਇਹ ਫੈਮਿਲੀ ਕਿਊਬਿਕ ਛੋਟੇ ਪਰਿਵਾਰਾਂ ਲਈ ਸਥਾਪਤ ਕੀਤੇ ਗਏ ਹਨ। ਇਥੇ ਸੰਗਤਾਂ ਦੇ ਰਹਿਣ ਲਈ ਅੱਵਲ ਦਰਜੇ ਦਾ ਇੰਤਜ਼ਾਮ ਕੀਤਾ ਗਿਆ ਹੈ, ਜਿਸ ਵਿਚ ਲੋਕਾਂ ਨੂੰ ਬੈਡਿੰਗ ਫੈਸੀਲਿਟੀ, ਕੁਰਸੀ, ਮੇਜ ਅਤੇ ਹੋਰ ਫਰਨੀਚਰ ਮੁਹੱਈਆ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਬਾਥਰੂਮ, ਪਖਾਨੇ ਆਦਿ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ। ਹਰੇਕ ਟੈਂਟ ਸਿਟੀ ਦੇ ਆਸ ਪਾਸ ਲੰਗਰ ਦਾ ਵਧੀਆ ਇੰਤਜ਼ਾਮ ਹੈ, ਜਿਥੇ ਸੰਗਤ ਲਈ 24 ਘੰਟੇ ਰੋਟੀ ਦੀ ਵਿਵਸਥਾ ਹੈ। ਹਰੇਕ ਟੈਂਟ ਸਿਟੀ ਨੇੜੇ ਮੈਡੀਕਲ ਸਹੂਲਤਾਂ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ, ਜਿਥੋਂ ਜ਼ਰੂਰਤ ਪੈਣ 'ਤੇ ਲੋਕ ਮੈਡੀਕਲ ਸਹੂਲਤ ਵੀ ਹਾਸਲ ਕਰ ਸਕਦੇ ਹਨ।
Sultanpur Lodhi : 85% of space in tent cities are full
ਟੈਂਟ ਸਿਟੀ ਵਿਚ ਕੁੱਲ 35 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੇ ਇੱਕੋ ਸਮੇਂ ਰਹਿਣ ਦੀ ਵਿਵਸਥਾ ਕੀਤੀ ਗਈ ਹੈ। ਹੁਣ ਤੱਕ 31 ਹਜ਼ਾਰ ਤੋਂ ਜ਼ਿਆਦਾ ਸੰਗਤ ਟੈਂਟ ਸਿਟੀ ਵਿਚ ਆਪਣੇ ਰਹਿਣ ਲਈ ਟੈਂਟ ਬੁੱਕ ਕਰਵਾ ਚੁੱਕੀ ਹੈ। ਰਜਿਸਟ੍ਰੇਸ਼ਨ ਪ੍ਰੀਕਿਰਿਆ ਬਹੁਤ ਆਸਾਨ ਹੈ ਅਤੇ ਸੰਗਤ ਇਥੇ ਰਿਸੈਪਸ਼ਨ ਕਾਊਂਟਰ 'ਤੇ ਪਹੁੰਚ ਕੇ ਆਪਣਾ ਕੋਈ ਵੀ ਪਛਾਣ ਪੱਤਰ ਦਿਖਾ ਕੇ ਬੁਕਿੰਗ ਕਰਵਾ ਸਕਦੀ ਹੈ। ਸਮਾਨ ਰੱਖਣ ਲਈ ਟੈਂਟ ਸਿਟੀ ਦੇ ਅੰਦਰ ਹੀ ਕਲਾਕ ਰੂਮ ਦੀ ਵਿਵਸਥਾ ਕੀਤੀ ਗਈ ਹੈ, ਜਿਥੇ ਲੋਕ ਆਪਣਾ ਸਮਾਨ ਰੱਖ ਸਕਦੇ ਹਨ। ਸਮਾਨ ਦੇ ਬਦਲੇ ਉਨਾਂ ਨੂੰ ਇਕ ਟੋਕਨ ਦਿਤਾ ਜਾਵੇਗਾ, ਜਿਸ ਨੂੰ ਵਾਪਸ ਕਰਨ 'ਤੇ ਉਨਾਂ ਨੂੰ ਸਮਾਨ ਦੇ ਦਿੱਤਾ ਜਾਵੇਗਾ।
Sultanpur Lodhi : 85% of space in tent cities are full
ਟੈਂਟ ਸਿਟੀ ਵਿਚ ਰਹਿਣ ਆਏ ਜਲੰਧਰ ਦੇ ਵਕੀਲ ਅਰਿੰਦਰਜੀਤ ਸਿੰਘ ਨੇ ਦਸਿਆ ਕਿ ਟੈਂਟ ਸਿਟੀ ਸੂਬਾ ਸਰਕਾਰ ਵਲੋਂ ਕੀਤੇ ਗਏ ਪ੍ਰਬੰਧ ਆਲਾ ਦਰਜੇ ਦੇ ਹਨ। ਉਨ੍ਹਾਂ ਦਸਿਆ ਕਿ ਉਨ੍ਹਾਂ ਦੀ ਖੁਸ਼ੀ ਦਾ ਉਸ ਸਮੇਂ ਕੋਈ ਟਿਕਾਣਾ ਨਹੀਂ ਰਿਹਾ, ਜਦ ਉਨਾਂ ਦੇ ਪਰਵਾਰ ਨੂੰ 550 ਨੰਬਰ ਟੈਂਟ ਰਹਿਣ ਲਈ ਅਲਾਟ ਹੋਇਆ। ਉਨ੍ਹਾਂ ਦਾ 11 ਸਾਲਾ ਪੁੱਤਰ ਦਮਨਜੋਤ ਸਿੰਘ, ਜੋ ਇਕ ਬਾਲ ਕਲਾਕਾਰ ਹੈ, ਨੇ ਆਪਣੇ 550 ਨੰਬਰ ਟੈਂਟ ਦੀ ਵੀਡੀਓ ਬਣਾ ਕੇ ਫੇਸਬੁਕ ਸਮੇਤ ਹੋਰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਵੀ ਸਾਂਝਾ ਕਰ ਦਿੱਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਰਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਇਥੇ ਮੱਥਾ ਟੇਕਣ ਆਇਆ ਹੈ ਅਤੇ ਉਨਾਂ ਨੂੰ 550 ਨੰਬਰ ਵਾਲਾ ਟੈਂਟ ਅਲਾਟ ਹੋਇਆ ਹੈ। ਇਸ ਮਹਿਜ਼ ਇਕ ਸੰਜੋਗ ਨਹੀਂ ਸਗੋਂ ਉਨ੍ਹਾਂ ਲਈ ਇਹ ਬਾਬਾ ਨਾਨਕ ਦਾ ਆਸ਼ੀਰਵਾਦ ਹੈ।
Sultanpur Lodhi : 85% of space in tent cities are full
ਵਿਧਾਇਕ ਨਵਤੇਜ ਸਿੰਘ ਚੀਮਾ ਅਤੇ ਡਿਪਟੀ ਕਮਿਸ਼ਨਰ ਡੀਪੀਐਸ ਖਰਬੰਦਾ ਨੇ ਦਸਿਆ ਕਿ ਗੁਰਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਖੇ ਆਉਣ ਵਾਲੀ ਸੰਗਤ ਦੀ ਸਹੂਲਤ ਲਈ ਪੰਜਾਬ ਸਰਕਾਰ ਵਲੋਂ ਕੀਤੇ ਗਏ ਯਤਨ ਲਾਮਿਸਾਲ ਹਨ ਅਤੇ ਲੋਕਾਂ ਵਲੋਂ ਟੈਂਟ ਸਿਟੀ ਵਿਚ ਰਹਿਣ ਲਈ ਲਗਾਤਾਰ ਪਹੁੰਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸ਼ਰਧਾਲੂਆਂ ਨੂੰ ਹਰ ਸੰਭਵ ਸਹੂਲਤ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।