
ਪੰਜਾਬ ਹੁਨਰ ਵਿਕਾਸ ਮਿਸ਼ਨ:
ਗੁਰਪ੍ਰੀਤ ਸਿੰਘ - ਇਕ ਕਿਸਾਨ ਦੇ ਪੁੱਤਰ ਗੁਰਪ੍ਰੀਤ ਸਿੰਘ ਅਪਣੀ ਜ਼ਿੰਦਗੀ ਵਿਚ ਪੜ੍ਹ ਲਿਖ ਕੇ ਚੰਗਾ ਕੰਮ ਕਰਨਾ ਚਾਹੁੰਦੇ ਸਨ। ਪੰਜਵੀਂ ਤੋਂ ਬਾਅਦ ਪੜ੍ਹਾਈ ਛੱਡੀ ਗਈ ਪਰ ਫਿਰ ਵੀ ਗੁਰਪ੍ਰੀਤ ਨੇ 20 ਸਾਲ ਦੀ ਉਮਰ ‘ਚ 10ਵੀਂ ਦਾ ਪ੍ਰਾਈਵੇਟ ਇਮਤਿਹਾਨ ਦਿੱਤਾ ਤੇ ਪਾਸ ਹੋਇਆ। ਪਰਿਵਾਰ ਦੇ ਨਾਲ ਖੇਤਾਂ ਵਿਚ ਕੰਮ ਕਰਦੇ ਤੇ ਨੌਕਰੀ ਦੀ ਤਲਾਸ਼ ਵਿਚ ਰਹਿੰਦੇ। ਬੜੀ ਕੋਸ਼ਿਸ਼ਾਂ ਬਾਅਦ ਜਦ ਕੋਈ ਨੌਕਰੀ ਨਹੀਂ ਮਿਲੀ ਯਾਰ ਦੋਸਤਾਂ ਨਾਲ ਵੇਹਲੇ ਘੁੰਮਣ ਦੀ ਆਦਤ ਪੈ ਗਈ।
25 ਸਾਲ ਦੀ ਉਮਰ ਵਿਚ, 2016 ਵਿਚ ਨਸ਼ਾ ਕਰਨ ਦੀ ਆਦਤ ਪੈ ਗਈ, ਸ਼ੁਰੂਆਤ ਤਾਂ ਪੋਸਤ ਤੋਂ ਕੀਤੀ ਸੀ ਇਹ ਸੋਚਦੇ ਕਿ ਜਾਨਲੇਵਾ ਨਹੀਂ ਹੋਵੇਗੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਇਸ ਵਿਚ ਵੀ ਮਿਲਾਵਟ ਹੋਵੇਗੀ। ਇਸ ਪੋਸਤ ਵਿਚ ਗੋਲੀਆਂ ਆਦਿ ਮਿਲਾਈਆਂ ਹੋਈਆਂ ਸਨ। ਇਸ ਦਾ ਅਸਰ ਉਸ ਦੇ ਜਿਸਮ ਤੇ ਉਸ ਦੇ ਵਿਵਹਾਰ ‘ਤੇ ਦਿਖਣਾ ਸ਼ੁਰੂ ਹੋ ਗਿਆ। ਉਸ ਨੇ ਕੰਮ ਕਰਨਾ ਵੀ ਬੰਦ ਕਰ ਦਿੱਤਾ ਤੇ ਨਸ਼ੇ ਦੀ ਹਾਲਤ ਵਿਚ ਪਿੰਡ ਦੇ ਕਿਸੇ ਕੋਨੇ ਵਿਚ ਪਿਆ ਰਹਿੰਦਾ। ਇਸ ਸੰਗਤ ਦੇ ਨਾਲ ਉਹ ਕਈ ਵਾਰ ਸਿਆਸਤਦਾਨਾਂ ਦੇ ਨਾਲ ਚੱਲਣ ਵਾਲੀਆਂ ਟੋਲੀਆਂ ਵਿਚ ਵੀ ਚਲਾ ਜਾਂਦਾ, ਜਿੱਥੇ ਨਸ਼ਾ ਖੁੱਲ੍ਹਾ ਮਿਲਦਾ।
Gurpreet Singh
ਪਰਿਵਾਰ ਨੇ ਉਸ ਦਾ ਸਾਥ ਨਾ ਛੱਡਿਆ ਤੇ ਵਾਰ-ਵਾਰ ਉਸ ਨੂੰ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ ਲੈ ਕੇ ਜਾਂਦੇ ਤੇ ਇਲਾਜ ਕਰਵਾਉਂਦੇ। ਪਰ ਹਰ ਵਾਰ ਉਹ ਫਿਰ ਤੋਂ ਅਪਣੀ ਵੇਹਲੀ ਟੋਲੀ ਨਾਲ ਮੁੜ ਨਸ਼ਾ ਸ਼ੁਰੂ ਕਰ ਦਿੰਦਾ, 2019 ਵਿਚ ਉਸ ਨੂੰ ਸਰਕਾਰੀ ਨਸ਼ਾ ਛੁਡਾਊ ਕੇਂਦਰ ਲੈ ਕੇ ਆਏ, ਜਿੱਥੇ ਉਸ ਨੂੰ ਬਿਪਰੋਫੀਨ ਦੀ ਗੋਲੀ ਦੇਣੀ ਸ਼ੁਰੂ ਕੀਤੀ। ਪਹਿਲਾਂ ਦੋ ਗੋਲੀਆਂ ਸਨ
ਫਿਰ ਇਕ ਤੇ ਆਇਆ ਤੇ ਹੁਣ ਅੱਧੀ ਗੋਲੀ ਲੈਂਦਾ ਹੈ ਤੇ ਉਮੀਦ ਕਰਦਾ ਹੈ ਕਿ ਜਲਦ ਹੀ ਇਹ ਵੀ ਨਹੀਂ ਲੈਣੀ ਪਵੇਗੀ। ਨਾਲ ਨਾਲ ਉਸ ਨੇ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਬਿਜਲੀ ਦਾ ਕੰਮ ਸਿੱਖਿਆ ਤੇ ਹੁਣ ਦੁਕਾਨ ਵਿਚ ਟ੍ਰੇਨਿੰਗ ਕਰ ਰਿਹਾ ਹੈ, ਜਿੱਥੇ ਉਸ ਨੂੰ ਆਉਣ-ਜਾਣ ਦਾ ਖਰਚਾ ਮਿਲਦਾ ਹੈ। ਘਰ ਵਾਲਿਆਂ ਨਾਲ ਖੇਤੀ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਗੁਰਪ੍ਰੀਤ ਉਮੀਦ ਕਰਦਾ ਹੈ ਕਿ ਉਸ ਨੂੰ ਵੇਖ ਕੇ ਪਿੰਡ ਦੇ ਮੁੰਡੇ ਵੀ ਨਸ਼ਾ ਛੁਡਾਊ ਕੇਂਦਰ ਤੇ ਇਸ ਹੁਨਰ ਕੇਂਦਰ ‘ਤੇ ਆਉਣ ਵਾਸਤੇ ਪ੍ਰੇਰਿਤ ਹੋਣਗੇ।
ਬਲਵਿੰਦਰ ਸਿੰਘ - ਹੂਸੈਨੀਵਾਲ ਦਾ ਰਹਿਣ ਵਾਲ ਬਲਵਿੰਦਰ ਸਿੰਘ ਬੜ੍ਹੇ ਹੀ ਪਿਆਰ ਦੇ ਮਾਹੌਲ ਨਾਲ ਅਪਣੇ ਤਿੰਨ ਭਰਾਵਾਂ ਅਤੇ ਇਕ ਭੈਣ ਨਾਲ ਵੱਡਾ ਹੋਇਆ। 8ਵੀਂ ਤੱਕ ਹੀ ਪੜ੍ਹਿਆ ਸੀ ਕਿਉਂਕਿ ਸਾਰੇ ਹੀ ਓਨਾ ਹੀ ਪੜ੍ਹਨ ਦੀ ਸੋਚ ਰੱਖਦੇ ਸਨ। ਬਚਪਨ ਤੋਂ ਹੀ ਸਕੂਲ ਤੋਂ ਆਉਣ ਤੋਂ ਬਾਅਦ ਅਪਣੇ ਵੱਡੇ ਭਰਾ ਜੋ ਕਿ ਰਾਜ ਮਿਸਤਰੀ ਸੀ, ਨਾਲ ਕੰਮ ਵਿਚ ਮਦਦ ਕਰਦਾ। ਜਦ ਪੜ੍ਹਾਈ ਛੱਡ ਦਿੱਤੀ, ਅਪਣੇ ਰਿਸ਼ਤੇਦਾਰ ਨਾਲ ਦੁਬਈ ਚਲਾ ਗਿਆ, ਜਿੱਥੇ ਉਹ 9 ਸਾਲ ਰਹੇ ਤੇ ਕਦੇ ਰਾਜ-ਮਿਸਤਰੀ, ਕਦੇ ਪਲੰਬਰ ਦੇ ਸਹਾਇਕ ਵਾਂਗ ਕੰਮ ਕਰਦੇ ਰਹੇ। 9 ਸਾਲਾਂ ਬਾਅਦ ਅਪਣੇ ਖਾਤੇ ਵਿਚ 19 ਲੱਖ ਜਮਾਂ ਕਰਕੇ ਅਪਣੇ ਪਿੰਡ ਵਾਪਿਸ ਆ ਗਿਆ।
ਵਾਪਸ ਆਉਂਦੇ ਹੀ ਉਹਨਾਂ ਦਾ ਵਿਆਹ ਕਰਵਾ ਦਿੱਤਾ ਗਿਆ ਪਰ ਬਲਵਿੰਦਰ ਸਿੰਘ ਨੂੰ ਹਾਲੇ ਕੰਮ ਕਰਨ ਦੀ ਚਾਹ ਨਹੀਂ ਸੀ। ਨਵਾਂ ਮੋਟਰ ਸਾਇਕਲ ਖਰੀਦਿਆ ਤੇ ਅਪਣੇ ਬਚਪਨ ਦੇ ਯਾਰ ਦੋਸਤਾਂ ਦੀਆਂ ਟੋਲੀਆਂ ਨਾਲ ਘੁੰਮਣਾ ਸ਼ੁਰੂ ਕਰ ਦਿੱਤਾ। ਸਾਰੇ ਦੋਸਤ ਵਿਹਲੇ ਸਨ, ਬੇਰੁਜ਼ਗਾਰ ਸਨ ਤੇ ਨਸ਼ੇ ਕਰਦੇ ਸਨ। ਬਲਵਿੰਦਰ ਨੇ ਵੀ ਨਸ਼ਾ ਸ਼ੁਰੂ ਕਰ ਦਿੱਤਾ। ਬਲਵਿੰਦਰ ਨੇ ਸ਼ੁਰੂ ਹੀ ਚਿੱਟੇ ਤੋਂ ਕੀਤਾ ਜੋ ਆਮ ਵਿਕਦਾ ਸੀ ਬਲਵਿੰਦਰ ਦਾ ਪਿੰਡ ਬਾਡਰ ‘ਤੇ ਸੀ ਪਹਿਲਾਂ ਤਾਂ ਨਸ਼ਾ ਬਾਡਰੋਂ ਪਾਰ ਆਉਂਦਾ ਸੀ
Balwinder Singh
ਪਰ ਚਿੱਟਾ ਤਾਂ ਕਦੀ ਦਿੱਲੀ ਕਦੀ ਪੰਜਾਬ ਤੋਂ ਆਉਂਦਾ ਤੇ ਅਰਾਮ ਨਾਲ ਮਿਲ ਜਾਂਦਾ। ਬਲਵਿੰਦਰ ਦੇ ਮੁਤਾਬਕ ਪਿੰਡ ਦੇ 70 ਫੀਸਦੀ ਵੇਹਲੇ ਨੌਜਵਾਨ ਤੇ 10 ਫੀਸਦੀ ਕੁੜੀਆਂ ਵੀ ਨਸ਼ੇ ਕਰਦੀਆਂ ਹਨ। ਚਿੱਟਾ ਇਕ ਮਹਿੰਗਾ ਨਸ਼ਾ ਸੀ ਤੇ ਬਲਵਿੰਦਰ ਨੇ ਰੋਜ਼ ਤਕਰੀਬਨ 2 ਤੋਂ 3 ਹਜ਼ਾਰ ਜਾ ਖਰਚਾ ਕਰਨਾ ਤੇ ਪਤਾ ਹੀ ਨਹੀਂ ਚੱਲਿਆ ਕਿ ਕਦੋਂ ਉਸ ਦਾ ਖਾਤਾ 19 ਲੱਖ ਤੋਂ ਸ਼ੁਰੂ ਹੋ ਕੇ ਸਿਫ਼ਰ ਤੇ ਆ ਡਿੱਗਿਆ।
ਉਸ ਨੇ 19 ਲੱਖ ਚਿੱਟੇ ਪਾਊਡਰ ਵਿਚ ਉਡਾ ਕੇ ਅਪਣੀ ਜ਼ਿੰਦਗੀ ਦੀ ਸਾਰੀ ਕਮਾਈ ਖਤਮ ਕਰ ਦਿੱਤੀ। ਇਸ ਤੋਂ ਬਾਅਦ ਉਸ ਦਾ ਵੱਡਾ ਭਰਾ ਉਸ ਨੂੰ ਜਬਰਦਸਤੀ ਸਰਕਾਰੀ ਨਸ਼ਾ ਛੁਡਾਊ ਕੇਂਦਰ ਲੈ ਕੇ ਆਏ ਤੇ ਉਸ ਦਾ ਇਲਾਜ ਸ਼ੁਰੂ ਕਰਵਾਇਆ। ਬਿਪਰੋਫੀਨ ਦੀਆਂ ਗੋਲੀਆਂ ਰੋਜ਼ ਖਾਣ ਵਾਲੇ, ਅੱਜ ਰੋਡ ਅੱਧੀ ਗੋਲੀ ਲੈਂਦੇ ਹਨ। ਨਸ਼ੇ ਦਾ ਇਲਾਜ ਕਰਦੇ ਜਦੋਂ ਤਿੰਨ ਮਹੀਨੇ ਹੋਏ ਸਨ ਤਾਂ ਉਹਨਾਂ ਨੂੰ ਸਕਿੱਲ਼ ਸੈਂਟਰ ਲਿਆਂਦਾ ਗਿਆ, ਜਿੱਥੇ ਉਹਨਾਂ ਨੇ ਪਲੰਬਰ ਦਾ ਕੋਰਸ ਕੀਤਾ। ਪਹਿਲਾਂ ਜੋ ਕੰਮ ਆਉਂਦਾ ਸੀ, ਉਹ ਸਿਰਫ਼ ਮੋਟਾ-ਮੋਟਾ ਕੰਮ ਸੀ,
ਜਿਸ ਨਾਲ ਉਹ ਸਿਰਫ਼ ਇਕ ਸਹਾਇਕ ਸਨ, ਪਰ ਕੰਮ ਦੀਆਂ ਬਾਰੀਕੀਆਂ ਸਮਝ ਗਏ ਹਨ ਤੇ ਉਹਨਾਂ ਨੇ ਅਪਣੇ ਸਰਟੀਫਿਕੇਟ ਤੇ ਮਾਣ ਹੈ। ਨਸ਼ੇ ਲੈਂਦੇ ਉਹਨਾਂ ਨੂੰ ਇਕ ਵਾਰ ਪੁਲਿਸ ਨੇ ਫੜ੍ਹ ਲਿਆ , ਜਿਸ ਕਾਰਨ ਬਲਵਿੰਦਰ ਦਾ ਪਾਸਪੋਰਟ ਜ਼ਬਤ ਕਰ ਲਿਆ ਸੀ, ਬਲਵਿੰਦਰ ਉਮੀਦ ਕਰਦਾ ਹੈ ਕਿ ਨਸ਼ਾ ਛੁਡਾਊ ਕੇਂਦਰ ਤੇ ਪੰਜਾਬ ਹੁਨਰ ਮਿਸ਼ਨ ਵਿਚ ਉਹਨਾਂ ਦੀ ਤਰੱਕੀ ਦੇਖ ਕੇ ਉਹਨਾਂ ਦਾ ਪਰਚਾ ਵਾਪਸ ਲੈ ਲਿਆ ਜਾਵੇਗਾ ਤੇ ਉਹ ਜਦ ਇਸ ਵਾਰੀ ਸਰਟੀਫਿਕੇਟ ਨਾਲ ਦੁਬਈ ਜਾਣਗੇ ਤਾਂ ਉਹ 19 ਲੱਖ ਇਕ ਦੋ ਸਾਲਾਂ ਵਿਚ ਕਮਾ ਪਾਉਣਗੇ।
ਸੁੱਖਾ ਸਿੰਘ - ਸੁੱਖਾ ਸਿੰਘ ਫਿਰੋਜ਼ਪੁਰ ਦੇ ਨਜ਼ਦੀਕੀ ਪਿੰਡ ਦਾ ਰਹਿਣ ਵਾਲਾ ਹੈ, ਉਸ ਨੇ ਪੰਜਵੀਂ ਤੋਂ ਬਾਅਦ ਪੜ੍ਹਾਈ ਨਹੀਂ ਕੀਤੀ ਕਿਉਂਕਿ ਪਿੰਡ ਦਾ ਸਕੂਲ ਹੀ 5ਵੀਂ ਤੱਕ ਸੀ। ਸੁੱਖਾ ਖੇਤਾ ਵਿਚ ਕੰਮ ਕਰਦਾ ਤੇ ਡੰਗਰ ਅਤੇ ਡੰਗਰ ਤੇ ਪਸ਼ੂ ਪਾਲਣ ਦਾ ਕੰਮ ਕਰਦਾ। 2008 ਵਿਚ ਸੁੱਖੇ ਦਾ ਵਿਆਹ ਹੋ ਗਿਆ ਤੇ ਬੱਚੇ ਵੀ ਹੋ ਗਏ, ਜਦ ਖੇਤ ਜਾਂਦਾ ਤਾਂ ਵੇਖਦਾ ਉਸ ਦੇ ਬਚਪਨ ਦੇ ਦੋਸਤ ਤੇ ਪਿੰਡ ਦੇ ਹੋਰ ਕਿੰਨੇ ਮੁੰਡੇ ਨਸ਼ੇ ਕਰਦੇ। ਹਰ ਵੇਲੇ ਉਸ ਨੂੰ ਬੁਲਾਉਂਦੇ ਪਰ ਸੁੱਖੇ ਨੂੰ ਪਤਾ ਸੀ ਇਹ ਰਸਤਾ ਠੀਕ ਨਹੀਂ ਹੈ ਸਗੋਂ ਅਪਣੇ ਯਾਰ ਵੇਲੀਆਂ ਨੂੰ ਸਮਝਾਉਂਦਾ ਕਿ ਇਹ ਰਾਹ ਛੱਡ ਦਿਓ, ਇਸ ਰਾਹ ਤੇ ਹਨੇਰਾ ਹੀ ਹਨੇਰਾ ਹੈ।
ਪਰ 2016 ਵਿਚ ਉਸ ਦੇ ਯਾਰ ਵੇਲੀਆਂ ਨੇ ਸੁੱਖੇ ਨੂੰ ਨਸ਼ੇ ਦਾ ਸਵਾਦ ਚਖਣ ਲਾ ਦਿੱਤਾ। ਤਿੰਨ-ਚਾਰ ਵਾਰੀ ਉਹਨਾਂ ਨੇ ਉਸ ਨੂੰ ਮੁਫ਼ਤ ਹੀ ਚਿੱਟਾ ਦਿੱਤਾ ਪਰ ਉਸ ਤੋਂ ਬਾਅਦ ਸੁੱਖੇ ਨੂੰ ਇਸ ਆਦਤ ਦੀ ਲਤ ਲੱਗ ਗਈ। ਸਿਲਵਰ ਪੇਪਰ ‘ਤੇ ਚਿੱਟੇ ਨੂੰ ਸੁੰਘੇ ਬਿਨਾਂ ਉਸ ਦਾ ਦਿਨ ਸ਼ੁਰੂ ਨਹੀਂ ਹੁੰਦਾ, ਪਹਿਲਾਂ ਪਹਿਲਾਂ ਤਾਂ ਉਸ ਨੇ ਅਪਣੇ ਪਰਿਵਾਰ ਤੋਂ ਅਪਣੀ ਆਦਤ ਛੁਪਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਸਫ਼ਲ ਵੀ ਰਿਹਾ। ਪਰ ਜਦ ਉਸ ਨੇ ਘਰ ਅਪਣੀ ਕਮਾਈ ਦੇਣੀ ਬੰਦ ਕਰ ਦਿੱਤੀ ਤਾਂ ਪਰਿਵਾਰ ਨੂੰ ਯਕੀਨ ਹੋ ਗਿਆ ਕਿ ਉਹ ਗਲਤ ਰਾਹ ਪੈ ਰਿਹਾ ਹੈ। ਸੁੱਖਾ ਜੋ ਕਦੀ ਸਿਹਤਮੰਦ ਗੱਭਰੂ ਸੀ ਤੇ ਚੰਗਾ ਖਾਣ ਦਾ ਸ਼ੌਕੀਨ ਸੀ, ਹੁਣ ਸਿਰਫ਼ ਚਿੱਟੇ ‘ਤੇ ਜਿਉਂਦਾ ਸੀ।
Sukha Singh
ਇਕ ਵਾਰ ਮਾ-ਬਾਪ ਨੇ ਉਸ ਦਾ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ ‘ਚ ਉਸ ਦਾ ਇਲਾਜ ਵੀ ਕਰਵਾਇਆ, ਪਰ ਪਿੰਡ ਵਾਪਸ ਆਉਂਦੇ ਹੀ ਉਹ ਅਪਣੀਆਂ ਪੁਰਾਣੀਆਂ ਆਦਤਾਂ ਵਿਚ ਪੈ ਗਿਆ। ਪਰਿਵਾਰ ਨੇ ਹਾਰ ਕੇ ਉਸ ਨਾਲ ਸਾਰੇ ਰਿਸ਼ਤੇ ਤੋੜ ਦਿੱਤੇ, ਸੁੱਖੇ ਦਾ ਇਕ ਹੋਰ ਪੁਰਾਣਾ ਦੋਸਤ ਸਰਕਾਰੀ ਨਸ਼ਾ ਛੁਡਾਊ ਕੇਂਦਰ ਤੋਂ ਦਵਾਈ ਲੈ ਰਿਹਾ ਸੀ ਤੇ ਉਹੀ ਸੁੱਖੇ ਨੂੰ OATS ਲੈ ਕੇ ਆਇਆ। ਅੱਜ ਇਕ ਸਾਲ ਹੋ ਗਿਆ ਹੈ ਕਿ ਸੁੱਖੇ ਨੇ ਇਕ ਵਾਰ ਵੀ ਨਸ਼ਾ ਨਹੀਂ ਕੀਤਾ, OATS ਸੈਂਟਰ ਤੋਂ ਉਸ ਨੂੰ ਸਰਕਾਰੀ ਹੁਨਰ ਵਿਕਾਸ ਮਿਸ਼ਨ ਦਾ ਸਾਥ ਵੀ ਮਿਲਿਆ ਤੇ ਉਸ ਨੇ ਪਲੰਬਰ ਦਾ ਕੰਮ ਵੀ ਸਿੱਖ ਲਿਆ। ਹੁਣ ਪਿੰਡ ਦੇ ਮਿਸਤਰੀ ਨਾਲ ਕੰਮ ਕਰਦਾ ਹੈ ਤੇ 400-200 ਦੇ ਵਿਚਕਾਰ ਰੋਜ਼ ਦੀ ਕਮਾਈ ਹੁੰਦੀ ਹੈ, ਨਾਲ-ਨਾਲ ਘਰ ਦੇ ਖੇਤਾਂ ਤੇ ਪਸ਼ੂਆਂ ਦਾ ਕੰਮ ਕਰਦਾ ਹੈ ਤੇ ਹੁਣ ਜਿਸਮ ਹੌਲੀ ਹੌਲੀ ਤੰਦਰੁਸਤੀ ਵਲ ਵਧ ਰਿਹਾ ਹੈ।
ਪੰਜਾਬ ਹੁਨਰ ਵਿਕਾਸ ਮਿਸ਼ਨ ਦੇ 3 ਸਾਲਾਂ ਦਾ ਰਿਪੋਰਟ ਕਾਰਡ
ਪੰਜਾਬ ਲਈ ਬੇਰੁਜ਼ਗਾਰੀ ਇੱਕ ਅਜਿਹੀ ਸਮੱਸਿਆ ਹੈ ਜੋ ਖਿੱਤੇ ’ਚੋਂ ਲਗਾਤਾਰ ਹੋ ਰਹੇ ਪ੍ਰਵਾਸ ਦੇ ਮੁੱਖ ਕਾਰਨਾਂ ’ਚੋਂ ਇੱਕ ਨਜ਼ਰ ਆਉਂਦੀ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਸਰਕਾਰ ਵੱਲੋਂ ਪੰਜਾਬ ਦੇ ਨੌਜਵਾਨਾਂ ਨਾਲ ਕਈ ਵਾਅਦੇ ਹੋਏ। ਜਿਸ ਵਿੱਚੋਂ ਇੱਕ ਵਾਅਦਾ ਘਰ-ਘਰ ਰੁਜ਼ਗਾਰ ਦੇਣ ਦਾ ਵੀ ਸੀ। ਅਪ੍ਰੈਲ ’ਚ ਸੂਬਾ ਸਰਕਾਰ ਦੇ 3 ਸਾਲ ਪੂਰੇ ਹੋਣਗੇ ਅਜਿਹੇ ’ਚ ਇਹ ਜਾਣ ਲੈਣਾ ਲਾਜ਼ਮੀ ਹੈ ਕਿ ਕੀ ਸਰਕਾਰ ਨੇ ਇਹਨਾਂ 3 ਸਾਲਾਂ ’ਚ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਜਾਂ ਉਹਨਾਂ ਦੇ ਹੁਨਰ ਨੂੰ ਨਿਖਾਰਣ ਅਤੇ ਆਤਮ ਨਿਰਭਰ ਕਰਨ ਵੱਲ ਕੋਈ ਕਦਮ ਚੁੱਕਿਆ ਵੀ ਹੈ ਜਾਂ ਫਿਰ ਸਿਰਫ ਗੱਲਾਂ ਨਾਲ ਹੀ ਮਹਿਲ ਉਸਾਰ ਨੇ।
ਪੰਜਾਬ ਹੁਨਰ ਵਿਕਾਸ ਮਿਸ਼ਨ:
ਸੂਬੇ ਅੰਦਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਸਭ ਤੋਂ ਪਹਿਲਾਂ ਉਹਨਾਂ ਦਾ ਹੁਨਰਮੰਦ ਹੋਣਾ ਲਾਜ਼ਮੀ ਹੈ। ਇਸੇ ਤਹਿਤ ਸੂਬਾ ਸਰਕਾਰ ਨੇ ਪਿਛਲੇ 3 ਸਾਲਾਂ ਦੌਰਾਨ ਵੱਖ-ਵੱਖ ਥਾਂਵਾਂ ’ਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਅੱਠ ਬਹੁ ਹੁਨਰ ਵਿਕਾਸ ਕੇਂਦਰ ਅਤੇ ਸਿਹਤ ਕੁਸ਼ਲ ਵਿਕਾਸ ਕੇਂਦਰ ਸਥਾਪਿਤ ਕੀਤੇ ਜੋ 18 ਤੋਂ 35 ਸਾਲ ਦੇ ਨੌਜਵਾਨਾਂ ਨੂੰ ਰੁਜ਼ਗਾਰ ਹਾਸਲ ਕਰਨ ’ਚ ਯਤਨਸ਼ੀਲ ਹਨ। ਇਸ ਤੋਂ ਇਲਾਵਾ ਕਰੀਬ 200 ਪੇਂਡੂ ਵਿਕਾਸ ਕੇਂਦਰਾਂ ਨੂੰ ਵੀ ਸਰਕਾਰੀ ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਸਕੂਲਾਂ ’ਚ ਵਧੀਆ ਬੁਨਿਆਦੀ ਢਾਂਚੇ ਨਾਲ ਸਥਾਪਿਤ ਕੀਤਾ ਗਿਆ ਤਾਂ ਜੋ ਪਿੰਡਾਂ ’ਚ ਵੀ ਹੁਨਰਮੰਦਾਂ ਨੂੰ ਰੁਜ਼ਗਾਰ ਮਿਲ ਸਕੇ। ਪਰ ਕੀ ਇਹ ਕੇਂਦਰ ਸਿਰਫ਼ ਸਥਾਪਿਤ ਹੋਏ ਜਾਂ ਕੰਮ ਵੀ ਕਰਦੇ ਹਨ ਇਸ ਬਾਬਤ ਘੋਖ ਕਰਨ ’ਤੇ ਪਤਾ ਲੱਗਾ ਕਿ ਇਹਨਾਂ ਕੇਂਦਰਾਂ ਨਾਲ ਨੌਜਵਾਨ ਨੂੰ ਲਾਹਾ ਮਿਲ ਰਿਹਾ ਹੈ।
ਹੁਨਰ ਵਿਕਾਸ ਸਕੀਮਾਂ ਤੇ ਉਹਨਾਂ ਦੇ ਲਾਹੇ:
ਨੌਜਵਾਨਾਂ ਦੇ ਹੁਨਰ ਨੂੰ ਤ੍ਰਾਸ਼ਣ ਲਈ ਹੁਨਰ ਵਿਕਾਸ ਸਕੀਮਾਂ ਵੀ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਦੀਨ ਦਿਯਾਲ ਉਪਾਧਿਆ ਗ੍ਰਾਮੀਣ ਕੌਸ਼ਲ ਯੌਜਨਾ ਤਹਿਤ ਪਿਛਲੇ ਅੰਕੜਿਆਂ ਮੁਤਾਬਕ 9497 ਨੌਜਵਾਨ ਟ੍ਰੇਨਿੰਗ ਲੈ ਚੁੱਕੇ ਹਨ ਅਤੇ ਉਹਨਾਂ ’ਚੋਂ 3131 ਉਮੀਦਵਾਰਾਂ ਨੂੰ ਰੁਜ਼ਗਾਰ ਵੀ ਮਿਲ ਚੱੁਕਾ ਹੈ। ਇਸੇ ਤਰ੍ਹਾਂ ਨੌਜਵਾਨ ਨੈਸ਼ਨਲ ਅਰਬਨ ਲਾਈਵਲੀਹੁੱਡ ਮਿਸ਼ਨ, ਇੰਪਲਾਏਮੈਂਟ ਥਰੂ ਸਕਿਲ ਟ੍ਰੇਨਿੰਗ ਐਂਡ ਪਲੇਸਮੈਂਟ, ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ-2, ਬਾਰਡਰ ਏਰੀਆ ਡੈਵਲਪਮੈਂਟ ਪ੍ਰੋਗਰਾਮ ਅਤੇ ਸਾਫਟ ਸਕਿਲ ਡੈਵਲਪਮੈਂਟ ਪ੍ਰੋਗਰਾਮ ਤਹਿਤ ਲਾਹਾ ਲੈ ਰਹੇ ਹਨ। ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਮੁਤਾਬਕ ਇਹਨਾਂ ਹੁਨਰ ਵਿਕਾਸ ਕੇਂਦਰਾਂ ’ਚ ਮੁਫਤ ਮਿਲ ਰਹੀਆਂ ਸਹੂਲਤਾਂ ਦੇ ਸਾਰਥਕ ਨਤੀਜੇ ਆ ਰਹੇ ਨੇ ਅਤੇ ਨੌਜਵਾਨਾਂ ਨੂੰ ਇਹਨਾਂ ਦਾ ਲਾਹਾ ਵੱਧ ਤੋਂ ਵੱਧ ਲੈਣਾ ਚਾਹੀਦਾ ਹੈ।
Bittu Singh
ਰੁਜ਼ਗਾਰ ਹਾਸਲ ਕਰ ਚੁੱਕੇ ਨੌਜਵਾਨਾਂ ਦਾ ਅਨੁਭਵ:
ਬੇਸ਼ੱਕ ਹਾਲੇ ਸੂਬੇ ਅੰਦਰ ਰੁਜ਼ਗਾਰ ਦੇ ਮੁਵਾਕਿਆਂ ਦੀ ਥੋੜ ਹੈ ਕਿਉਂਕਿ ਪਿਛਲੇ ਕੁਝ ਸਾਲਾਂ ਤੋਂ ਸੂਬੇ ਅੰਦਰੋਂ ਕੇਂਦਰ ਸਰਕਾਰ ਦੀਆਂ ਭੇਦਭਾਵ ਵਾਲੀਆਂ ਨੀਤੀਆਂ ਕਾਰਨ ਬਹੁਤ ਸਾਰੀ ਇੰਡਸਟਰੀ ਪਲਾਨ ਕਰ ਚੱੁਕੀ ਹੈ ਪਰ ਅਜਿਹੇ ਮੌਕੇ ਜੇਕਰ ਨੌਜਵਾਨ ਆਪਣਾ ਹੁਨਰ ਪਛਾਣ ਕੇ ਰੁਜ਼ਗਾਰ ਹਾਸਲ ਕਰਨ ’ਚ ਸਫ਼ਲ ਰਹਿੰਦੇ ਹਨ ਤਾਂ ਇਹ ਚੰਗਾ ਕਦਮ ਹੋਵੇਗਾ। ਪਿਛਲੇ 3 ਸਾਲਾਂ ਦੌਰਾਨ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਵੱਖ-ਵੱਖ ਸਕੀਮਾਂ ਦਾ ਲਾਹਾ ਲੈ ਕਿ ਵੱਖ-ਵੱਖ ਕੇਂਦਰਾਂ ਤੋਂ ਕਈ ਨੌਜਵਾਨ ਰੁਜ਼ਗਾਰ ਹਾਸਲ ਕਰ ਚੱੁਕੇ ਨੇ। ਜਿਹਨਾਂ ਨਾਲ ਰਾਬਤਾ ਕਰਨ ’ਤੇ ਪਤਾ ਲੱਗਾ ਕਿ ਉਹਨਾਂ ਨੇ ਆਪਣੇ-ਆਪਣੇ ਖਿੱਤੇ ’ਚ ਹੀ ਟ੍ਰੇਨਿੰਗ ਹਾਸਲ ਕੀਤੀ ਅਤੇ ਹੁਣ ਚੰਗਾ ਕੰਮ ਕਰ ਰਹੇ ਹਨ।
ਲੁਧਿਆਣਾ ਤੋਂ ਮਨਵਿੰਦਰ ਕੌਰ (manjinder kaur photo) ਜੋ ਇੱਕ ਮੱਧਵਰਗੀ ਪਰਿਵਾਰ ਤੋਂ ਹੋਣ ਕਾਰਨ ਰੁਜ਼ਗਾਰ ਦੀ ਭਾਲ ’ਚ ਸੀ। ਉਸ ਵੱਲੋਂ ਦੀਨ ਦਿਯਾਲ ਉਪਾਧਿਆ ਗ੍ਰਾਮੀਣ ਕੌਸ਼ਲ ਯੋਜਨਾ ਤਹਿਤ ਲੁਧਿਆਣਾ ਸਥਿਤ ਬਹੁ ਹੁਨਰ ਵਿਕਾਸ ਕੇਂਦਰ ਤੋਂ ਟ੍ਰੇਡ ਐਂਡ ਪੀ.ਆਈ.ਏ. ਦੀ ਟ੍ਰੇਨਿੰਗ ਲਈ ਗਈ ਅਤੇ ਹੁਣ ਜੀਨਾ ਸੀਖੋ ਲਾਈਫਕੇਅਰ ਪ੍ਰਾਈਵੇਟ ਲਿਮਿਟਿਡ ’ਚ ਕਸਟਮਰ ਕੇਅਰ ਐਗਜ਼ੀਕਿਊਟਿਵ ਵਜੋਂ ਚੰਗੀ ਤਨਖਾਹ ’ਤੇ ਕੰਮ ਕਰ ਰਹੀ ਹੈ।
ਲੁਧਿਆਣਾ ਦੇ ਪਰਦੀਪ ਸਿੰਘ (Pardeep Singh )ਨੇ ਵੀ ਦੀਨ ਦਿਯਾਲ ਉਪਾਧਿਆ ਗ੍ਰਾਮੀਣ ਕੌਸ਼ਲ ਯੋਜਨਾ ਤਹਿਤ ਸੀ.ਐੱਨ.ਸੀ. ਮਸ਼ੀਨ ਅਪ੍ਰੇਟਰ ਦੀ ਨੌਕਰੀ ਹਾਸਲ ਕੀਤੀ ਅਤੇ ਉਹ ਆਪਣੇ ਪਰਿਵਾਰ ਨੂੰ ਸਹਾਰਾ ਦੇਣ ’ਚ ਕਾਮਯਾਬ ਹੋਇਆ ਹੈ। ਪਰਦੀਪ ਨਾਲ ਗੱਲ ਕਰਨ ’ਤੇ ਪਤਾ ਲੱਗਾ ਕਿ ਉਹਨਾਂ ਦੇ ਇਲਾਕੇ ’ਚ ਬਣਾਇਆ ਗਿਆ ਹੁਨਰ ਵਿਕਾਸ ਕੇਂਦਰ ਬਹੁਤ ਸਾਰੇ ਨੌਜਵਾਨਾਂ ਲਈ ਰੁਜ਼ਗਾਰ ਦਾ ਸਾਧਨ ਬਣਿਆ ਹੈ ਅਤੇ ਇਸ ਕੇਂਦਰ ਤੋਂ ਕੰਮ ਕਰਕੇ ਹੁਣ ਤਕ ਬਹੁਤ ਸਾਰੇ ਨੌਜਵਾਨ ਚੰਗੀਆਂ ਕੰਪਨੀਆਂ ’ਚ ਲੱਗ ਚੱੁਕੇ ਹਨ। ਪਰਦੀਪ ਨੇ ਦੱਸਿਆ ਕਿ ਉਸਨੂੰ ਕੰਮ ਕਰਦੇ ਨੂੰ 1 ਸਾਲ ਤੋਂ ਵੱਧ ਦਾ ਸਮਾਂ ਹੋ ਚੱੁਕਾ ਹੈ। ਉਸ ਮੁਤਾਬਕ ਜੇ ਅਜਿਹੇ ਕੇਂਦਰ ਨਾ ਖੁੱਲਦੇ ਤਾਂ ਬਹੁਤੇ ਨੌਜਵਾਨਾਂ ਨੂੰ ਪਤਾ ਹੀ ਨਹੀਂ ਸੀ ਲੱਗਣਾ ਕਿ ਉਹ ਭਵਿੱਖ ’ਚ ਕੀ ਕਰਦੇ ਅਤੇ ਬੇਰੁਜ਼ਗਾਰ ਘੁੰਮਦੇ।
ਬਠਿੰਡਾ ਤੋਂ ਕਮਲ ਸੇਹਰ (Kamal Mehar) ਨੇ ਵੀ ਪੇਸਕੋ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਤੋਂ ਅਨਆਰਮਡ ਸੁਰੱਖਿਆ ਕਰਮੀ ਦੀ ਟ੍ਰੇਨਿੰਗ ਲਈ ਅਤੇ ਹੁਣ ਉਹ ਸੁਰੱਖਿਆ ਕਰਮੀ ਵਜੋਂ ਕੰਮ ਕਰਕੇ ਕਮਾਈ ਕਰ ਰਿਹਾ ਹੈ। ਉਸ ਮੁਤਾਬਕ ਇਹ ਨੌਕਰੀ ਹਾਸਲ ਕਰਨ ਨਾਲ ਉਸਨੂੰ ਬਹੁਤ ਸਹਾਇਤਾ ਮਿਲੀ ਹੈ ਕਿਉਂਕਿ ਉਸਨੇ ਮੁਫਤ ਕੋਰਸ ਕੀਤਾ ਅਤੇ ਉਸ ਤੋਂ ਬਾਅਦ ਨੌਕਰੀ ਹਾਸਲ ਕਰਨ ’ਚ ਵੀ ਦਿੱਕਤ ਨਹੀਂ ਆਈ।
ਰੋਪੜ ਤੋਂ ਅਰਸ਼ਦੀਪ ਸਿੰਘ ( Arshdeep singh) ਨੂੰ ਵੀ ਸ਼ਹੀਦ ਭਗਤ ਸਿੰਘ ਹੁਨਰ ਵਿਕਾਸ ਕੇਂਦਰ ਬੇਲਾ ਤੋਂ ਮੁਫਤ ਟ੍ਰੇਨਿੰਗ ਹਾਸਲ ਕਰਕੇ ਨੌਕਰੀ ਹਾਸਲ ਕਰਨ ’ਚ ਸਫਲਤਾ ਹਾਸਲ ਹੋਈ ਅਤੇ ਹੁਣ ਉਹ ਇਜ਼ੀ ਡੇ ’ਚ ਕੰਮ ਕਰਕੇ ਪਰਿਵਾਰ ਨੂੰ ਸਹਾਰਾ ਦੇ ਰਿਹਾ ਹੈ।
ਜਾਣਕਾਰੀ ਮੁਤਾਬਕ ਮਾਈਗ੍ਰੇਸ਼ਨ ਸਪੋਰਟ ਸੈਂਟਰ, ਕੈਪੇਸਟੀ ਬਿਲਡਿੰਗ ਵਰਕਸ਼ਾਪ, ਸਕਿਲ ਆਨ ਵੀਲ, ਟ੍ਰੇਨਿੰਗ ਟੂ ਵਿਕਟਿਮ ਆਫ ਡਰੱਗ ਅਬਿਊਜ਼, ਕਾਲ ਸੈਂਟਰ, ਸੈਂਟਰ ਮਾਨੀਟਿਰਿੰਗ ਸੈਂਟਰ ਅਤੇ ਸਪੈਸ਼ਲ ਪ੍ਰੋਜੈਕਟ ਫਾਰ ਪੀ.ਡਬਲਯੂ.ਡੀ. ਅਤੇ ਡਰੱਗ ਅਡਿਕਟਸ ਸਬੰਧੀ ਵੀ ਸਰਕਾਰ ਵੱਲੋਂ ਉਪਰਾਲੇ ਕਰਨ ਦਾ ਦਾਅਵਾ ਹੈ। ਦੇਖਿਆ ਜਾਵੇ ਤਾਂ ਪਿਛਲੇ 3 ਸਾਲਾਂ ’ਚ ਸਰਕਾਰ ਵੱਲੋਂ ਨੌਜਵਾਨਾਂ ਨੂੰ ਆਤਮ-ਨਿਰਭਰ ਕਰਨ ਵੱਲ ਕੋਸ਼ਿਸ਼ਾਂ ਤਾਂ ਕੀਤੀਆਂ ਜਾ ਰਹੀਆਂ ਹਨ। ਇਹ ਕੋਸ਼ਿਸ਼ਾਂ ਕਦੋਂ ਤਕ ਪੰਜਾਬ ’ਚੋਂ ਬੇਰੁਜ਼ਗਾਰੀ ਦੂਰ ਕਰ ਪਾਉਂਦੀਆਂ ਹਨ ਉਸ ਬਾਬਤ ਕੁਝ ਵੀ ਕਹਿਣਾ ਮੁਸ਼ਕਲ ਹੈ ਪਰ ਇੱਕ ਗੱਲ ਸਾਫ ਨਜ਼ਰ ਆ ਰਹੀ ਹੈ ਕਿ ਪਿਛਲੇ 3 ਸਾਲਾਂ ਦੌਰਾਨ ਹੁਨਰ ਵਿਕਾਸ ਮਿਸ਼ਨ ਤਹਿਤ ਕੋਸ਼ਿਸ਼ਾਂ ਹੋ ਰਹੀਆਂ ਹਨ ਅਤੇ ਸਾਰਥਕ ਨਤੀਜੇ ਵੀ ਦੇਖਣ ਨੂੰ ਮਿਲ ਰਹੇ ਹਨ।
ਨੌਜਵਾਨ ਲੜਕੀਆਂ ਲਈ ਮਿਸਾਲ ਫਿਰੋਜ਼ਪੁਰ ਦੀ ਗੁਰਪ੍ਰੀਤ ਕੌਰ
ਸੀਵਿੰਗ ਮਸ਼ੀਨ ਅਪ੍ਰੇਟਰ ਤੋਂ ਪਲੇਸਮੈਂਟ ਐਗਜ਼ੀਕਿਊਟਿਵ ਦਾ ਸਫ਼ਰ
ਪੰਜਾਬ ਦੇ ਹੁਨਰ ਵਿਕਾਸ ਕੇਂਦਰ ਨੌਜਵਾਨ ਲੜਕੇ-ਲੜਕੀਆਂ ਲਈ ਵੱਡੀ ਰਾਹਤ ਵਜੋਂ ਕੰਮ ਕਰ ਰਹੇ ਹਨ। ਇਹਨਾਂ ਕੇਂਦਰਾਂ ਤੋਂ ਲੜਕੀਆਂ ਨੂੰ ਵੀ ਆਤਮ ਨਿਰਭਰ ਹੋਣ ਦਾ ਪੂਰਾ ਮੌਕਾ ਮਿਲ ਰਿਹਾ ਹੈ। ਫਿਰੋਜ਼ਪੁਰ ਦੇ ਆਰੀਫਕੇ ਤੋਂ ਗੁਰਪ੍ਰੀਤ ਕੌਰ ਨੇ ਕਰੀਬ 25 ਹੋਰ ਲੜਕੀਆਂ ਨਾਲ ਸੀਵਿੰਗ ਮਸ਼ੀਨ ਅਪ੍ਰੇਟਰ ਦੀ ਟ੍ਰੇਨਿੰਗ ਸਥਾਨਕ ਹੁਨਰ ਵਿਕਾਸ ਕੇਂਦਰ ਤੋਂ ਹਾਸਲ ਕੀਤੀ। ਜਿਸ ਪਿੱਛੋਂ ਗੁਰਪ੍ਰੀਤ ਨੂੰ ਸ਼ਾਹੀ ਐਕਸਪੋਰਟਸ ਪ੍ਰਾਈਵੇਟ ਲਿਮਿਟਿਡ ਕੰਪਨੀ ’ਚ ਸੀਵਿੰਗ ਮਸ਼ੀਨ ਅਪ੍ਰੇਟਰ ਵਜੋਂ ਨੌਕਰੀ ਮਿਲੀ। ਗੁਰਪ੍ਰੀਤ ਮੁਤਾਬਕ ਇਹ ਨੌਕਰੀ ਮਿਲਣ ਤੋਂ ਬਾਅਦ ਉਸਦੀ ਜ਼ਿੰਦਗੀ ’ਚ ਵੱਡੀ ਤਬਦੀਲੀ ਆਈ ਹੈ ਅਤੇ ਹੁਣ ਉਹ ਖੁਦ ਨੂੰ ਆਤਮ-ਨਿਰਭਰ ਮਹਿਸੂਸ ਕਰ ਰਹੀ ਹੈ ਅਤੇ ਆਪਣੇ ਪਰਿਵਾਰ ਦਾ ਵੀ ਸਹਾਰਾ ਬਣਨ ਦਾ ਮੌਕਾ ਮਿਲਿਆ ਹੈ। ਗੁਰਪ੍ਰੀਤ ਕੌਰ ਦੇ ਵਧੀਆ ਕੰਮ ਅਤੇ ਹਾਜ਼ਰ-ਜਵਾਬੀ ਨੂੰ ਦੇਖਦੇ ਹੋਏ ਕੰਪਨੀ ਵੱਲੋਂ ਉਸਨੂੰ ਜਲਦ ਹੀ ਪਲੇਸਮੈਂਟ ਅੇੈਗਜ਼ੀਕਿਊਟਿਵ ਵਜੋਂ ਤਰੱਕੀ ਦੇ ਦਿੱਤੀ ਹੈ। ਕਰੀਬ ਡੇਢ ਮਹੀਨਾ ਟ੍ਰੇਨਿੰਗ ਪਿੱਛੋਂ ਕੰਮ ਕਰਦੇ ਹੋਏ ਗੁਰਪ੍ਰੀਤ ਕੌਰ ਨੂੰ ਕੰਮ ਕਰਦੇ ਕਰੀਬ 8 ਮਹੀਨੇ ਹੋ ਗਏ ਹਨ ਅਤੇ ਉਸਦਾ ਕਹਿਣਾ ਹੈ ਕਿ ਹੁਨਰ ਵਿਕਾਸ ਕੇਂਦਰ ਉਹਨਾਂ ਦੇ ਇਲਾਕੇ ਦੀਆਂ ਲੜਕੀਆਂ ਲਈ ਵਰਦਾਨ ਸਿੱਧ ਹੋ ਰਿਹਾ ਹੈ। ਗੁਰਪ੍ਰੀਤ ਕੌਰ ਨੇ ਇਹ ਵੀ ਦੱਸਿਆ ਕਿ ਟ੍ਰੇਨਿੰਗ ਦੌਰਾਨ ਉਸਦੇ ਬੈਚ ’ਚ ਸ਼ਾਮਿਲ 25 ਲੜਕੀਆਂ ਨੂੰ ਵੀ ਵਧੀਆ ਕੰਮ ਮਿਲ ਗਿਆ ਹੈ ਅਤੇ ਉਹ ਲੜਕੀਆਂ ਵੀ ਉਸਦੇ ਸੰਪਰਕ ’ਚ ਹਨ ਅਤੇ ਆਪਣੀ ਖੁਸ਼ੀ ਉਸ ਨਾਲ ਸਾਂਝੀ ਕਰਦੀਆਂ ਰਹਿੰਦੀਆਂ ਹਨ। ਗੁਰਪ੍ਰੀਤ ਕੌਰ ਮੁਤਾਬਕ ਫਿਰੋਜ਼ਪੁਰ ’ਚ ਅਜਿਹੇ ਹੁਨਰ ਵਿਕਾਸ ਕੇਂਦਰ ਹੋਰ ਸਥਾਪਿਤ ਕੀਤੇ ਜਾਣ ਚਾਹੀਦੇ ਹਨ ਕਿਉਂਕਿ ਕੇਂਦਰ ਦਾ ਸਮਾਂ ਸ਼ਾਮ ਸਾਡੇ ਪੰਜ ਵਜੇ ਤਕ ਹੁੰਦਾ ਹੈ ਜਿਸ ਕਰਕੇ ਕਈ ਲੜਕੀਆਂ ਨੂੰ ਆਪਣੇ ਘਰਾਂ ਤਕ ਜਾਣ ਲਈ ਦੇਰ ਹੋ ਜਾਂਦੀ ਹੈ ਅਤੇ ਇਸੇ ਕਾਰਨ ਕੁਝ ਲੜਕੀਆਂ ਦੇ ਮਾਪੇ ਚਿੰਤਤ ਰਹਿੰਦੇ ਹਨ। ਉਸ ਮੁਤਾਬਕ ਜੇਕਰ ਉਚੇਚੇ ਉਪਰਾਲੇ ਕਰਕੇ ਅਜਿਹੇ ਕੇਂਦਰ ਹੋਰਾਂ ਪਿੰਡਾਂ ਜਾਂ ਕਸਬਿਆਂ ’ਚ ਵੀ ਬਣਾ ਦਿੱਤੇ ਜਾਣ ਤਾਂ ਫਿਰੋਜ਼ਪੁਰ ਅਧੀਨ ਆਉਂਦੇ ਹੋਰਨਾ ਪਿੰਡਾਂ ਨੂੰ ਵੀ ਇਸਦਾ ਵੱਡਾ ਲਾਹਾ ਮਿਲ ਸਕੇਗਾ।
ਦੇਖੋ ਵੀਡੀਓ
https://www.facebook.com/RozanaSpokesmanOfficial/videos/3329457803731662/?v=3329457803731662