
ਪੰਜਾਬ ਸਰਕਾਰ ਦੇ ਹੁਨਰ ਕੇਂਦਰ ਨੇ ਖੋਲ੍ਹੀ ਕਿਸਮਤ
ਸੋਨੀਆ - ਮਾਂਗੀ ਕੇ ਪਿੰਡ ਦੀ ਰਹਿਣ ਵਾਲੀ ਸੋਨੀਆ ਦੋ ਬੱਚਿਆਂ ਦੀ ਮਾਂ ਇਕ ਡਾਕਟਰ ਦੀ ਪਤਨੀ ਇਕ ਸੁਖੀ ਗ੍ਰਹਿਣੀ ਦਾ ਜੀਵਨ ਬਤੀਤ ਕਰ ਰਹੀ ਸੀ। ਕਦੇ ਬੱਚਿਆਂ ਨਾਲ ਕਦੀ ਘਰਵਾਲਿਆਂ ਨਾਲ ਬੜੀ ਚੰਗੀ ਜ਼ਿੰਦਗੀ ਬਤੀਤ ਹੋ ਰਹੀ ਸੀ। ਬਚਪਨ ਵਿਚ ਪੋਲੀਓ ਕਾਰਨ ਚੱਲਣ ਵਿਚ ਮੁਸ਼ਕਲ ਜਰੂਰ ਸੀ। ਪਰ ਇਸ ਔਕੜ ਨੇ ਉਸ ਦੀ ਜ਼ਿੰਦਗੀ ਤੇ ਜ਼ਰਾ ਵੀ ਅਸਰ ਨਹੀਂ ਕੀਤਾ। ਉਸ ਦਾ ਵਿਹੜਾ ਖੁਸ਼ੀਆਂ ਨਾਲ ਭਰਪੂਰ ਸੀ। ਪਰ ਤਿੰਨ ਸਾਲ ਪਹਿਲਾਂ ਅਚਾਨਕ ਸੋਨੀਆ ਵਿਧਵਾ ਹੋ ਗਈ ਤੇ ਸਭ ਕੁਝ ਪਲਾਂ ਵਿਚ ਬਦਲ ਗਿਆ।
ਸੋਨੀਆ ਦੇ ਬੱਚੇ ਛੋਟੇ ਸਨ ਤੇ ਪਤੀ ਦੀ ਕਮਾਈ ਤੋਂ ਸਿਵਾਏ ਉਹਨਾਂ ਦੀ ਹੋਰ ਕੋਈ ਜਮਾਂ ਪੂੰਜੀ ਨਹੀਂ ਸੀ ਤੇ ਨਾ ਹੀ ਕੋਈ ਕਮਾਈ ਦਾ ਸਾਧਨ ਸੀ। ਕੁਝ ਮਹੀਨੇ ਤਾਂ ਰਿਸ਼ਤੇਦਾਰਾਂ ਦੀ ਦਰਿਆਦਿਲੀ ਕਾਰਨ ਚੁੱਲ੍ਹਾ ਚੱਲਦਾ ਰਿਹਾ ਪਰ ਸੋਨੀਆ ਜਾਣਦੀ ਸੀ ਕਿ ਇਹ ਹਮੇਸ਼ਾਂ ਲਈ ਨਹੀਂ ਸੀ। ਉਸ ਨੇ ਬੜੇ ਹੱਥ ਪੈਰ ਮਾਰੇ ਪਰ ਕਮਾਈ ਦਾ ਕੋਈ ਰਸਤਾ ਨਹੀਂ ਮਿਲਿਆ।
ਉਸ ਦੇ ਪਤੀ ਦੇ ਇਕ ਪੁਰਾਣੇ ਮਰੀਜ਼ ਨੇ ਸਪਨਾ ਨੂੰ ਜਲੰਧਰ ਵਿਚ ਇਕ ਨਵੇਂ ਖੁੱਲ੍ਹੇ ਪੰਜਾਬ ਸਰਕਾਰ ਦੇ ਹੁਨਰ ਕੇਂਦਰ ਬਾਰੇ ਦੱਸਿਆ। ਸੋਨੀਆ ਕੋਲ ਨਾ ਕਿਸੇ ਕੋਰਸ ਵਾਸਤੇ ਪੈਸੇ ਸਨ ਤੇ ਨਾ ਉਹ 10ਵੀਂ ਤੋਂ ਬਾਅਦ ਪੜੀ ਸੀ। ਉਹ ਸੋਚਦੀ ਸੀ ਕਿ ਉਸ ਕੋਲ ਕੋਈ ਕਾਬੀਲੀਅਤ ਨਹੀਂ, ਉਹ ਅਪਣੀ ਕਾਬੀਲੀਅਤ ਤੇ ਯਕੀਨ ਨਹੀਂ ਕਰਦੀ ਸੀ। ਪਰ ਮੁਫਤ ਸਰਕਾਰੀ ਕੋਰਸ ਦੀ ਗੱਲ ਸੁਣ ਕੇ ਉਹ ਜਲੰਧਰ ਦੇ ਇਸ ਸਰਕਾਰੀ ਸਕਿਲ ਸੈਂਟਰ ਪਹੁੰਚੀ। ਉਸ ਦੀ ਸਥਿਤੀ ਸਮਝ ਕੇ ਹੁਨਰ ਕੇਂਦਰ ਵੱਲੋਂ ਸੋਨੀਆ ਨੂੰ ਐਮਐਸਟੀਸੀ ਕੋਰਸ ਵਾਸਤੇ ਪ੍ਰੇਰਿਤ ਕੀਤਾ ਗਿਆ। ਜੋ ਕਿ ਦਸਵੀਂ ਦੀ ਪੜ੍ਹਾਈ ਤੋਂ ਬਾਅਦ ਕੀਤਾ ਜਾ ਸਕਦਾ ਹੈ।
ਉਸ ਦੇ ਪਤੀ ਵੀ ਆਰਐਮਪੀ ਡਾਕਟਰ ਸਨ, ਉਸ ਨੇ ਕਦੀ ਸੋਚਿਆ ਨਹੀਂ ਸੀ ਕਿ ਉਹ ਵੀ ਉਹਨਾਂ ਵਾਂਗ ਇਹ ਕੰਮ ਕਰ ਸਕਦੀ ਹੈ, ਉਹ ਵੀ ਸਿਰਫ਼ ਤਿੰਨ ਮਹੀਨਿਆਂ ਦੇ ਕੋਰਸ ਤੋਂ ਬਾਅਦ। ਇਹਨਾਂ ਤਿੰਨ ਮਹੀਨੇ ਦੌਰਾਨ ਸੋਨੀਆ ਵਾਸਤੇ ਪਿੰਡ ਤੋਂ ਜਲੰਧਰ ਜਾਣਾ ਸੌਖਾ ਨਹੀਂ ਸੀ ਪਰ ਉਸ ਨੇ ਹਾਰ ਨਾ ਮੰਨੀ। ਦੋ ਦਿਨ ਤਾਂ ਬੱਸ ਤੇ ਗਈ ਪਰ ਫਿਰ ਉਸ ਨੇ ਅਪਣੇ ਪਤੀ ਦੇ ਕਾਇਨੈਟਿਕ ਹੋਂਡਾ ਨੂੰ ਚਲਾਉਣਾ ਸਿਖ ਲਿਆ। ਰੋਜ਼ ਸਵੇਰੇ ਤੜਕੇ ਉਠ ਕੇ ਘਰ ਦਾ ਕੰਮ ਕਰਦੀ, ਖਾਣਾ ਬਣਾਉਂਦੀ, ਬੱਚਿਆਂ ਨੂੰ ਸਕੂਲ ਲਈ ਤਿਆਰ ਕਰਦੀ ਤੇ ਫਿਰ ਪਿੰਡ ਤੋਂ ਹੁਨਰ ਕੇਂਦਰ ਲਈ 45 ਮਿੰਟ ਦੇ ਸਫਰ ਲਈ ਕਾਇਨੈਟਿਕ ਹੋਂਡਾ ਤੇ ਨਿਕਲ ਪੈਂਦੀ। ਸੋਨੀਆ ਦਾ ਉਤਸ਼ਾਹ ਐਨਾ ਸੀ ਕਿ ਉਹ ਇਕ ਦਿਨ ਵੀ ਅਪਣੇ ਕੋਰਸ ਲਈ ਕਿਸੇ ਬਹਾਨੇ ਲਈ ਦੇਰੀ ਨਾਲ ਨਾ ਪਹੁੰਚੀ।
ਸੋਨੀਆ ਮੁਤਾਬਕ ਇਸ ਤਿੰਨ ਮਹੀਨਿਆਂ ਦੇ ਕੋਰਸ ਨੇ ਉਸ ਨੂੰ ਐਨੀ ਸਿੱਖਿਆ ਦਿੱਤੀ ਕਿ ਉਹ ਹੁਣ ਕਿਸੇ ਵੀ ਐਮਬੀਬੀਐਸ ਡਾਕਟਰ ਦੇ ਹੇਠ ਕੰਮ ਕਰਨ ਤੋਂ ਘਬਰਾਉਂਦੀ ਨਹੀਂ ਹੈ। ਕੋਰਸ ਖਤਮ ਕਰਨ ਤੋਂ ਬਾਅਦ ਉਸ ਨੇ ਇਕ ਹਸਪਤਾਲ ਵਿਚ ਦੋ ਮਹੀਨੇ ਕੰਮ ਵੀ ਕੀਤਾ। ਜਿਸ ਤੋਂ ਬਾਅਦ ਉਸ ਵਿਚ ਐਨਾ ਆਤਮ ਵਿਸ਼ਵਾਸ ਸੀ ਕਿ ਉਸ ਨੇ ਅਪਣਾ ਛੋਟਾ ਜਿਹਾ ਕਲੀਨਿਕ ਖੋਲਣ ਦਾ ਫੈਸਲਾ ਕੀਤਾ।
ਅੱਜ ਦੋ ਸਾਲਾਂ ਬਾਅਦ ਸੋਨੀਆ ਦੇ ਕਲੀਨਿਕ ਵਿਚ ਪਿੰਡ ਦੇ ਸਾਰੇ ਲੋਕ ਅਪਣੀਆਂ ਬਿਮਾਰੀਆਂ ਲੈ ਕੇ ਆਉਂਦੇ ਹਨ ਤੇ ਉਸ ਤੋਂ ਦਵਾਈ ਲੈਂਦੇ ਹਨ। ਉਹ ਬੜੀ ਅਸਾਨੀ ਨਾਲ ਬੀਪੀ ਚੈੱਕ ਕਰਦੀ ਹੈ, ਜਾਂਚ ਕਰਦੀ ਹੈ, ਬਿਮਾਰਾਂ ਦੇ ਘਰ ਜਾਂਦੀ ਤੇ ਅੱਜ ਤਕਰੀਬਨ ਮਹੀਨੇ ਦਾ 30-40 ਹਜ਼ਾਰ ਕਮਾ ਰਹੀ ਹੈ ਤੇ ਅਪਣੇ ਬੱਚਿਆਂ ਨੂੰ ਪੜਾ ਰਹੀ ਹੈ। ਉਸ ਦਾ ਬੇਟਾ ਹੁਣ ਫਾਰਮੇਸੀ ਕਰ ਰਿਹਾ ਹੈ। ਸਰਕਾਰੀ ਹੁਨਰ ਵਿਕਾਸ ਦੇ ਤਿੰਨ ਮਹੀਨੇ ਦੇ ਸਿਖਲਾਈ ਨੂੰ ਅਸੀਸਾਂ ਦਿੰਦੀ ਹੈ ਜਿਸ ਨੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਸੜਕ ਤੇ ਨਹੀਂ ਆਉਣ ਦਿੱਤਾ।