
ਨਾ ਪੰਜਾਬ ਝੁਕੇਗਾ ਤੇ ਨਾ ਹੀ ਕਿਸਾਨ - ਨਵਜੋਤ ਸਿੱਧੂ
ਅੰਮ੍ਰਿਤਸਰ - ਖੇਤੀ ਕਾਨੂੰਨਾਂ ਖ਼ਿਲਾਫ਼ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਅੰਮ੍ਰਿਤਸਰ ਦੀ ਸਬਜ਼ੀ ਮੰਡੀ 'ਚ ਖੇਤੀ ਕਾਨੂੰਨਾਂ ਖ਼ਿਲਾਫ ਰੈਲੀ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਨਵਜੋਤ ਸਿੱਧੂ ਨੇ ਕੇਂਦਰ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਕੇਂਦਰ ਵਲੋਂ ਲਿਆਂਦੇ ਗਏ ਕਾਲੇ ਕਾਨੂੰਨ ਕਿਸਾਨ ਮਾਰੂ ਤੇ ਕਿਸਾਨ ਵਿਰੋਧੀ ਹਨ। ਉਨ੍ਹਾਂ ਕਿਹਾ ਕਿ ਕੇਂਦਰ ਨੇ ਬਦਲੇ ਦੀ ਭਾਵਨਾ ਨਾਲ ਟਰੇਨਾਂ ਬੰਦ ਕੀਤੀਆਂ ਹਨ। ਇਸ ਤੋਂ ਸਾਬਤ ਹੁੰਦਾ ਹੈ ਕਿ ਕੇਂਦਰ ਸਰਕਾਰ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ ਤੇ ਪੰਜਾਬੀਆਂ ਨੂੰ ਝੁਕਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਨਾ ਪੰਜਾਬ ਝੁਕੇਗਾ ਤੇ ਨਾ ਹੀ ਕਿਸਾਨ ਝੁਕੇਗਾ।
Navjot Sidhu Speak Against Narendra Modi
ਉਨ੍ਹਾਂ ਕਿਹਾ ਕਿ ਪੰਜਾਬ ਨੇ ਕਰੋੜਾਂ ਰੁਪਏ ਕੇਂਦਰ ਤੋਂ ਲੈਣੇ ਹਨ ਪਰ ਕੇਂਦਰ ਸਾਡਾ ਹੀ ਪੈਸਾ ਸਾਨੂੰ ਵਾਪਸ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਆਪਣੇ ਕਾਲੇ ਕਾਨੂੰਨ ਵਾਪਸ ਲੈਣੇ ਹੀ ਪੈਣਗੇ। ਇਸ ਦੇ ਨਾਲ ਹੀ ਸਿੱਧੂ ਨੇ ਕਿਹਾ ਕਿ ਕਿਸਾਨ ਪੰਜਾਬ ਦੀ ਰੀੜ੍ਹ ਦੀ ਹੱਡੀ ਹਨ। ਕੋਰੋਨਾ ਕਾਲ 'ਚ ਪੰਜਾਬ ਦੇ ਕਿਸਾਨਾਂ ਨੇ ਦੇਸ਼ ਦਾ ਢਿੱਡ ਭਰਿਆ ਹੈ। ਕੋਰੋਨਾ ਕਾਲ 'ਚ ਪੰਜਾਬੀਆਂ ਨੇ ਕਿਸੇ ਨੂੰ ਭੁੱਖੇ ਨਹੀਂ ਰਹਿਣ ਦਿੱਤਾ।
Farmer protest
ਪਰਾਲੀ ਦੇ ਮੁੱਦੇ ਤੇ ਸਿੱਧੂ ਨੇ ਬੋਲਦਿਆਂ ਕਿਹਾ ਕਿ ਪਰਾਲੀ ਦਾ ਮੁੱਦਾ ਸਿਰਫ਼ ਦੁਸਹਿਰੇ ਤੇ ਹੀ ਕਿਉਂ ਚੁੱਕਿਆ ਜਾਂਦਾ ਹੈ ਉਸ ਤੋਂ ਅੱਗੇ ਪਿੱਛੇ ਦਾ ਪ੍ਰਦੂਸ਼ਣ ਕਿਉਂ ਨਹੀਂ ਦੇਖਿਆ ਜਾਂਦਾ ਤੇ ਪ੍ਰਦੂਸ਼ਣ ਫੈਲਾਉਣ ਦੇ ਜ਼ਿੰਮੇਵਾਰ ਕਿਸਾਨਾਂ ਨੂੰ ਠਹਿਰਾਇਆ ਜਾਂਦਾ ਹੈ ਤੇ ਉਹਨਾਂ 'ਤੇ ਪਰਚੇ ਵੀ ਦਰਜ ਹੁੰਦੇ ਨੇ ਤੇ ਜੁਰਮਾਨੇ ਵੀ ਲੱਗ ਜਾਂਦੇ ਹਨ। ਸਿੱਧੂ ਨੇ ਕਿਹਾ ਕਿ ਅਸਲ ਵਿਚ ਸਰਕਾਰ ਪੰਜਾਬੀਆਂ ਨਾਲ ਵਿਤਕਰਾ ਕਰ ਰਹੀ ਹੈ ਤੇ ਉਹਨਾਂ ਨੂੰ ਝੁਕਾਉਣਾ ਚਾਹੁੰਦੀ ਹੈ।