ਘਟਨਾ ਸੀਸੀਟੀਵੀ 'ਚ ਹੋਈ ਕੈਦ, ਪੁਲਿਸ ਵੱਲੋਂ ਜਾਂਚ ਸ਼ੁਰੂ
ਫਰੀਦਕੋਟ : ਆਪਣੇ ਛੋਟੇ ਬੱਚੇ ਨਾਲ ਟਿੱਲਾ ਬਾਬਾ ਫਰੀਦ ਵਿਖੇ ਮੱਥਾ ਟੇਕਣ ਆਈ ਔਰਤ ਦੇ ਪਰਸ 'ਚੋ ਦੋ ਸ਼ਾਤਰ ਮਹਿਲਾਵਾਂ ਵੱਲੋਂ ਕੁਝ ਹੀ ਸੈਕਿੰਡ 'ਚ ਪਰਸ 'ਚ ਰੱਖੇ 40 ਹਜ਼ਾਰ ਰੁਪਏ ਗਾਇਬ ਕਰ ਦਿੱਤੇ।
ਇਸ ਪੂਰੀ ਘਟਨਾ ਦੀਆਂ ਤਸਵੀਰਾਂ ਗੁਰੂਦੁਆਰਾ ਸਾਹਿਬ ਅੰਦਰ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈਆਂ। ਜਿਸ ਵਿਚ ਸਾਫ਼ ਸਾਫ਼ ਦਿਖਾਈ ਦੇ ਰਿਹਾ ਹੈ ਕੇ ਜਦ ਮਹਿਲਾ ਜਿਸ ਨੇ ਆਪਣਾ ਛੋਟਾ ਬੱਚਾ ਗੋਦੀ ਚੁੱਕਿਆ ਹੋਇਆ ਸੀ, ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਬਾਹਰ ਪ੍ਰਸਾਦ ਲੈਣ ਲਈ ਲਾਈਨ ਵਿਚ ਲੱਗੀ ਤਾਂ ਦੋ ਮਹਿਲਾਵਾਂ ਨੇ ਪ੍ਰਸਾਦ ਲੈਣ ਦੇ ਬਹਾਨੇ ਲਾਈਨ ਵਿਚ ਲੱਗ ਕੇ ਔਰਤ ਦੇ ਪਰਸ ਵਿਚੋਂ ਸਾਰੇ ਪੈਸੇ ਗਾਇਬ ਕਰ ਦਿਤੇ।
ਫਿਲਹਾਲ ਪੁਲਿਸ ਵੱਲੋਂ ਪੀੜਤ ਮਹਿਲਾ ਦੇ ਬਿਆਨ 'ਤੇ ਮਾਮਲਾ ਦਰਜ ਕਰ ਲਿਆ ਹੈ ਜਿਸ ਸਬੰਧੀ ਥਾਣਾ ਮੁਖੀ ਸੰਦੀਪ ਸਿੰਘ ਨੇ ਦੱਸਿਆ ਕਿ ਲਕਸ਼ਮੀ ਨਾਮ ਦੀ ਮਹਿਲਾ ਨੇ ਆਪਣੇ ATM 'ਚੋਂ 40 ਹਜ਼ਾਰ ਰੁਪਏ ਕਢਵਾ ਕੇ ਪਰਸ 'ਚ ਰੱਖੇ ਸਨ ਅਤੇ ਜਦ ਉਹ ਟਿੱਲਾ ਬਾਬਾ ਫਰੀਦ ਮੱਥਾ ਟੇਕਣ ਗਈ ਤਾਂ ਦੋ ਮਹਿਲਾਵਾਂ ਵੱਲੋਂ ਉਸ ਦੇ ਪਰਸ 'ਚੋ 40 ਹਜ਼ਾਰ ਰੁਪਏ ਖਿਸਕਾ ਲਏ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਫੁਟੇਜ ਨੂੰ ਕਬਜ਼ੇ ਵਿਚ ਲੈ ਕੇ ਉਕਤ ਮੁਲਜ਼ਮ ਮਹਿਲਾਵਾਂ ਦੀ ਭਾਲ ਕੀਤੀ ਜਾ ਰਹੀ ਹੈ।