
ਲੁਧਿਆਣੇ ਜ਼ਿਲ੍ਹੇ ਵਿਚ ਸਿਰਫ਼ 53 ਆਈਲੈਟਸ ਸੈਂਟਰ ਚਲ ਰਹੇ ਹਨ
ਸੰਗਰੂਰ (ਬਲਵਿੰਦਰ ਸਿੰਘ ਭੁੱਲਰ) : ਪਿਛਲੇ ਇਕ ਦਹਾਕੇ ਤੋਂ ਪੰਜਾਬ ਅੰਦਰ ਨੌਜਵਾਨ ਮੁੰਡੇ-ਕੁੜੀਆਂ ਵਲੋਂ ਆਈਲੈਟਸ ਕਰ ਕੇ ਵਿਦੇਸ਼ ਜਾਣ ਦਾ ਰੁਝਾਨ ਇਸ ਕਦਰ ਵਧਿਆ ਹੈ ਕਿ ਰਾਜ ਦੇ ਛੋਟੇ-ਵੱਡੇ ਸ਼ਹਿਰਾਂ, ਕਸਬਿਆਂ, ਪਿੰਡਾਂ ਤੋਂ ਲੈ ਕੇ ਹਰ ਗਲੀ-ਮੁਹੱਲੇ ਦੇ ਮੋੜ ’ਤੇ ਆਈਲੈਟਸ ਸੈਟਰਾਂ ਖੁਲ੍ਹੇ ਹੋਣ ਦੇ ਬੋਰਡ ਲੱਗੇ ਵਿਖਾਈ ਦੇ ਰਹੇ ਹਨ, ਜਿਸ ਕਰ ਕੇ ਇਨ੍ਹਾਂ ਆਈਲੈਟਸ ਸੈਂਟਰਾਂ ਕਾਰਨ ਜਿਥੇ ਨੌਜਵਾਨ ਪੀੜੀ ਵਿਦੇਸ਼ਾਂ ਨੂੰ ਜਾ ਰਹੀ ਹੈ, ਉਥੇ ਹੀ ਕਰੋੜਾਂ ਰੁਪਏ ਲਗਾ ਕੇ ਚਲ ਰਹੀਆਂ ਸਿਖਿਆ ਸੰਸਥਾਵਾਂ ਨੂੰ ਦੁਕਾਨਨੁਮਾ ਇਨ੍ਹਾਂ ਸੈਂਟਰਾਂ ਨੇ ਖ਼ਤਮ ਹੋਣ ਕਿਨਾਰੇ ਖੜਾ ਕਰ ਦਿਤਾ ਹੈ।
ਪੰਜਾਬ ਦੇ 22 ਜ਼ਿਲ੍ਹਿਆਂ ਦੇ ਡਿਪਟੀ ਕਮਿਸਨਰਾਂ ਕੋਲੋਂ ਮਾਨਤਾ ਲੈ ਕੇ ਖੁਲ੍ਹਣ ਵਾਲੇ ਆਈਲੈਟਸ ਸੈਂਟਰਾਂ ਦੀ ਗਿਣਤੀ ਪੰਜਾਬ ਵਿਚ 1988 ਦੇ ਕਰੀਬ ਹੈ, ਜਿਹੜੇ ਪ੍ਰਸ਼ਾਸਨਿਕ ਤੌਰ ’ਤੇ ਮਾਨਤਾ ਲੈ ਕੇ ਚਲ ਰਹੇ ਹਨ। ਇਸ ਗਿਣਤੀ ਤੋਂ ਕਈ ਗੁਣਾ ਜ਼ਿਆਦਾ ਟਿਊਸ਼ਨ ਅਤੇ ਸਲਾਹਕਾਰ ਸੈਂਟਰ ਚਲਾਏ ਜਾ ਰਹੇ ਹਨ। ਜਿਨ੍ਹਾਂ ਕੋਲ ਮਾਨਤਾ ਵਜੋਂ ਲਾਈਸੈਂਸ ਕੋਈ ਹੋਰ ਹੈ ਪਰ ਕਾਰੋਬਾਰ ਆਈਲੈਟਸ ਦੇ ਨਾਮ ’ਤੇ ਕੀਤਾ ਜਾ ਰਿਹਾ ਹੈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਆਰ.ਟੀ.ਆਈ ਮਾਹਰ ਅਤੇ ਲੋਕ ਜਾਗ੍ਰਤਿ ਮੰਚ ਦੇ ਸੂਬਾ ਪ੍ਰਧਾਨ ਬ੍ਰਿਸ ਭਾਨ ਬੁਜਰਕ ਨੇ ਦਸਿਆ ਕਿ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਪੰਜਾਬ ਕੋਲੋਂ ਸੂਚਨਾ ਦੇ ਅਧਿਕਾਰ ਐਕਟ 2005 ਤਹਿਤ ਰਾਜ ਅੰਦਰ ਚਲ ਰਹੇ ਮਾਨਤਾ ਪ੍ਰਾਪਤ ਆਈਲੈਟਸ ਸੈਟਰਾਂ ਦੀ ਜ਼ਿਲ੍ਹੇ ਦੇ ਹਿਸਾਬ ਨਾਲ ਜਾਣਕਾਰੀ ਮੰਗੀ ਗਈ ਸੀ, ਜਿਸ ਦੇ ਜਵਾਬ ਵਿਚ ਵੱਖ-ਵੱਖ ਡਿਪਟੀ ਕਮਿਸ਼ਨਰਾਂ ਵਲੋਂ ਭੇਜੀ ਗਈ ਸੂਚੀ ਮੁਤਾਬਕ ਪੰਜਾਬ ਵਿਚ ਮਾਨਤਾ ਪ੍ਰਾਪਤ ਆਈਲੈਟਸ ਸੈਂਟਰਾਂ ਦੀ ਗਿਣਤੀ 1988 ਦੇ ਕਰੀਬ ਹੈ। ਇਸ ਗਿਣਤੀ ਵਿਚੋਂ ਅਜੀਤ ਸਿੰਘ ਨਗਰ ਅਤੇ ਨਾਲ ਲਗਦੇ ਇਲਾਕੇ ਵਿਚ ਕੋਈ ਵੀ ਮਾਨਤਾ ਪ੍ਰਾਪਤ ਆਈਲੈਟਸ ਸੈਂਟਰ ਨਹੀਂ ਹੈ।
ਜਦਕਿ ਲੁਧਿਆਣੇ ਜ਼ਿਲ੍ਹੇ ਵਿਚ ਸਿਰਫ਼ 53 ਆਈਲੈਟਸ ਸੈਂਟਰ ਚਲ ਰਹੇ ਹਨ ਅਤੇ ਬਾਕੀ ਦੀਆਂ ਸ਼ਾਖਾਵਾਂ ਨਾਲ ਸਬੰਧਤ ਜਿਨ੍ਹਾਂ ਵਿਚ ਟਿਊਸ਼ਨ ਸੈਂਟਰ, ਸਲਾਹਕਾਰ, ਟਿਕਟ ਅਤੇ ਟਰੈਵਲ ਏਜੰਟ ਆਦਿ ਸ਼ਾਮਲ ਹਨ, ਦੇ 1217 ਲਾਈਸੈਂਸ ਹਨ। ਜਲੰਧਰ ਜ਼ਿਲ੍ਹੇ ਵਿਚ ਆਈਲੈਟਸ ਅਤੇ ਕੋਚਿੰਗ ਸੈਂਟਰਾਂ ਦੀ ਗਿਣਤੀ 421 ਹੈ, ਕਿਉਂਕਿ ਇਥੇ ਦੋਵੇਂ ਹੀ ਕੈਟਾਗਰੀਆਂ ਦੇ ਲਾਈਸੈਂਸ ਹਨ। ਬ੍ਰਿਸ ਭਾਨ ਬੁਜਰਕ ਨੇ ਦਸਿਆ ਕਿ ਮੋਗਾ ’ਚ 189, ਨਵਾਂ ਸ਼ਹਿਰ ’ਚ 103, ਪਠਾਨਕੋਟ ’ਚ 16, ਸ੍ਰੀ ਮੁਕਤਸਰ ਸਾਹਿਬ ’ਚ 86, ਪਟਿਆਲਾ ’ਚ 211, ਫ਼ਰੀਦਕੋਟ ’ਚ 100, ਬਰਨਾਲਾ ’ਚ 73, ਸੰਗਰੂਰ ’ਚ 107, ਫ਼ਿਰੋਜ਼ਪੁਰ ’ਚ 58, ਰੂਪਨਗਰ ’ਚ 86, ਮਾਲੇਰਕੋਟਲਾ ’ਚ 10, ਤਰਨਤਾਰਨ ’ਚ 4, ਮਾਨਸਾ ’ਚ 38, ਕਪੂਰਥਲਾ 148, ਹੁਸ਼ਿਆਰਪੁਰ ’ਚ 93 ਅਤੇ 239 ਕੋਚਿੰਗ ਸੈਂਟਰ, ਫ਼ਤਹਿਗੜ੍ਹ ਸਾਹਿਬ ’ਚ 9, ਗੁਰਦਾਸਪੁਰ ’ਚ 7 ਅਤੇ 56 ਕੋਚਿੰਗ ਸੈਂਟਰ, ਬਠਿੰਡਾ ’ਚ 65 ਅਤੇ 194 ਕੋਚਿੰਗ ਸੈਂਟਰ, ਅੰਮ੍ਰਿਤਸਰ ’ਚ 111 ਅਤੇ 342 ਕੋਚਿੰਗ ਸੈਂਟਰ ਚਲ ਰਹੇ ਹਨ।
ਇਸ ਤੋਂ ਕਈ ਗੁਣਾਂ ਜ਼ਿਆਦਾ ਕਿਸੇ ਹੋਰ ਕੈਟਾਗਰੀ ਦੇ ਲਾਈਸੈਂਸਾਂ ’ਤੇ ਆਈਲੈਟਸ ਸੈਂਟਰ ਚਲਾਏ ਜਾ ਰਹੇ ਹਨ ਜਾਂ ਫਿਰ ਇਕ ਜ਼ਿਲ੍ਹੇ ਵਿਚੋਂ ਲਾਈਸੈਂਸ ਲੈ ਕੇ ਬਿਨਾਂ ਮਾਨਤਾ ਤੋਂ ਦੂਸਰੇ ਜ਼ਿਲ੍ਹੇ ਅੰਦਰ ਅਪਣੀਆਂ ਸ਼ਾਖਾਵਾਂ ਖੋਲ੍ਹੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਰਾਜ ਅੰਦਰ ਚਲ ਰਹੇ ਆਈਲੈਂਟਸ ਸੈਂਟਰਾਂ ’ਤੇ ਸਿਖਿਆ ਸੰਸਥਾਵਾਂ ਵਾਂਗ ਕੋਈ ਵੀ ਨਿਯਮ ਲਾਗੂ ਨਹੀਂ ਹੋ ਰਿਹਾ।
ਦੁਕਾਨਾਂ ਅਤੇ ਚੁਬਾਰਿਆਂ ਵਿਚ ਹੀ ਅਜਿਹੇ ਸੈਂਟਰ ਚਲਾਏ ਜਾ ਰਹੇ ਹਨ। ਜਿਥੇ ਕਿਸੇ ਵੀ ਗ਼ੈਰ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਕੋਈ ਵੀ ਪ੍ਰਬੰਧ ਨਹੀਂ ਹੈ ਅਤੇ ਪ੍ਰਸ਼ਾਸਨ ਵਲੋਂ ਗ਼ੈਰ ਮਾਨਤਾ ਪ੍ਰਾਪਤ ਸੈਟਰਾਂ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਦੂਸਰੇ ਪਾਸੇ ਕਰੋੜਾਂ ਰੁਪਏ ਖਰਚ ਕਰ ਕੇ ਚਲਾਈਆਂ ਜਾ ਰਹੀਆਂ ਸਿਖਿਆ ਸੰਸਥਾਵਾਂ ਦਾ ਭਵਿੱਖ ਵੀ ਹਨ੍ਹੇਰਾ ਨਜ਼ਰ ਆ ਰਿਹਾ ਹੈ ਕਿਉਂਕਿ ਬਾਰ੍ਹਵੀਂ ਜਮਾਤ ਤੋਂ ਬਾਅਦ ਜ਼ਿਆਦਾਤਰ ਨੌਜਵਾਨ ਆਈਲੈਟਸ ਕਰ ਕੇ ਵਿਦੇਸ਼ ਉਡਾਰੀ ਮਾਰਨ ਦੀ ਯੋਜਨਾ ਤਿਆਰ ਕਰਦੇ ਹਨ, ਜਿਸ ਕਰ ਕੇ ਪੰਜਾਬ ਸਰਕਾਰ ਨੂੰ ਇਸ ਗੰਭੀਰ ਮਾਮਲੇ ਵਲ ਉਚੇਚੇ ਤੌਰ ’ਤੇ ਧਿਆਨ ਦੇਣਾ ਚਾਹੀਦਾ ਹੈ।