
1.70 ਕਰੋੜ ਰੁਪਏ ਦੀ ਦੱਸੀ ਜਾ ਰਹੀ ਹੈ ਹੈਰੋਇਨ ਦੀ ਕੀਮਤ
Punjab's Amritsar Drone News in Punjabi: ਅੰਮ੍ਰਿਤਸਰ -ਪਾਕਿਸਤਾਨੀ ਡਰੋਨ ਨੇ ਇੱਕ ਵਾਰ ਫਿਰ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਹੈ। ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਜਵਾਨਾਂ ਨੇ ਤਲਾਸ਼ੀ ਦੌਰਾਨ ਡਰੋਨ ਨੂੰ ਜ਼ਬਤ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਬੀਐਸਐਫ ਅਤੇ ਪੰਜਾਬ ਪੁਲਿਸ ਨੇ ਤਲਾਸ਼ੀ ਦੌਰਾਨ ਡਰੋਨ ਨਾਲ ਬੰਨ੍ਹੀ 1.70 ਕਰੋੜ ਰੁਪਏ ਦੀ ਹੈਰੋਇਨ ਦੀ ਖੇਪ ਵੀ ਬਰਾਮਦ ਕੀਤੀ ਹੈ। ਡਰੋਨ ਖੇਪ ਦੀ ਡਿਲਵਰੀ ਕਰਨ ਲਈ ਆਇਆ ਸੀ।
ਬੀਐਸਐਫ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਰੋਡੇਵਾਲੀ ਖ਼ੁਰਦ ਵਿਚ ਡਰੋਨ ਦੀ ਆਵਾਜਾਈ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਬੀਐਸਐਫ ਅਤੇ ਪੰਜਾਬ ਪੁਲਿਸ ਨੇ ਸਾਂਝਾ ਆਪ੍ਰੇਸ਼ਨ ਸ਼ੁਰੂ ਕੀਤਾ। ਤਲਾਸ਼ੀ ਦੌਰਾਨ ਖੇਤਾਂ ਵਿਚੋਂ ਇੱਕ ਡਰੋਨ ਬਰਾਮਦ ਹੋਇਆ।
ਇਹ ਇੱਕ ਕਵਾਡ ਹੈਲੀਕਾਪਟਰ DJI Mavic 3 ਕਲਾਸਿਕ ਡਰੋਨ ਸੀ, ਜਿਸ ਦੀ ਵਰਤੋਂ ਪਾਕਿ ਤਸਕਰ ਭਾਰਤੀ ਸਰਹੱਦ 'ਤੇ ਛੋਟੀਆਂ ਖੇਪਾਂ ਭੇਜਣ ਲਈ ਕਰਦੇ ਹਨ।
ਡਰੋਨ ਦੇ ਨਾਲ ਇੱਕ ਪੀਲੇ ਰੰਗ ਦੇ ਪੈਕਟ ਵਿਚ ਹੈਰੋਇਨ ਦੀ ਖੇਪ ਵੀ ਬੰਨ੍ਹੀ ਹੋਈ ਸੀ। ਜਿਸ ਨੂੰ ਬੀਐਸਐਫ ਨੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਦੋਂ ਖੇਪ ਦਾ ਵਜ਼ਨ ਕੀਤਾ ਗਿਆ ਤਾਂ ਇਸ ਦਾ ਕੁੱਲ ਵਜ਼ਨ 250 ਗ੍ਰਾਮ ਸੀ। ਬੀਐਸਐਫ ਨੇ ਡਰੋਨ ਅਤੇ ਖੇਪ ਨੂੰ ਜ਼ਬਤ ਕਰ ਕੇ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਹੈ ਤਾਂ ਜੋ ਡਰੋਨ ਦੀ ਪਿਛਲੀ ਹਰਕਤ ਦਾ ਪਤਾ ਲੱਗ ਸਕੇ।
ਜਦੋਂ ਕਿ ਜੇਕਰ ਪਿਛਲੇ ਮਹੀਨੇ ਦੀ ਗੱਲ ਕਰੀਏ ਤਾਂ ਬੀਐਸਐਫ ਪੂਰੇ ਅਕਤੂਬਰ ਮਹੀਨੇ ਵਿਚ 30 ਡਰੋਨ ਜ਼ਬਤ ਕਰਨ ਵਿਚ ਕਾਮਯਾਬ ਰਹੀ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਡਰੋਨ ਅੰਮ੍ਰਿਤਸਰ ਅਤੇ ਤਰਨਤਾਰਨ ਤੋਂ ਬਰਾਮਦ ਹੋਏ ਹਨ। ਇੰਨਾ ਹੀ ਨਹੀਂ ਪੂਰੇ ਮਹੀਨੇ 'ਚ ਡਰੋਨ ਨਾਲ ਬੰਨ੍ਹ ਕੇ ਵੱਖ-ਵੱਖ ਤਰ੍ਹਾਂ ਨਾਲ ਸੁੱਟੀ ਗਈ 31 ਕਿਲੋ ਹੈਰੋਇਨ ਵੀ ਜ਼ਬਤ ਕੀਤੀ ਗਈ ਹੈ। ਜਿਸ ਦੀ ਅੰਤਰਰਾਸ਼ਟਰੀ ਕੀਮਤ ਲਗਭਗ 217 ਕਰੋੜ ਰੁਪਏ ਦੱਸੀ ਜਾ ਰਹੀ ਹੈ।