BMW ਕਾਰ ਦੇ ਕਲਪੁਰਜ਼ੇ ਬਣਨਗੇ ਮੰਡੀ ਗੋਬਿੰਦਗੜ੍ਹ ’ਚ, 25 ਲੱਖ ਇਕਾਈਆਂ ਦਾ ਮਿਲਿਆ ਆਰਡਰ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੁਚੱਜੀ ਅਗਵਾਈ ਹੇਠ ਪੰਜਾਬ ’ਚ ਨਿਰਮਾਣ ਕਾਰਵਾਈਆਂ ਤੇਜ਼ੀ ਫੜ ਰਹੀਆਂ ਹਨ। ਪਿਛਲੇ ਕੁੱਝ ਮਹੀਨਿਆਂ ’ਚ ਕਈ ਕੌਮਾਂਤਰੀ ਅਤੇ ਕੌਮੀ ਪੱਧਰ ਦੀਆਂ ਕੰਪਨੀਆਂ ਵਲੋਂ ਪੰਜਾਬ ’ਚ ਨਿਰਮਾਣ ਕੇਂਦਰ ਖੋਲ੍ਹਲੇ ਗਏ ਹਨ ਜਾਂ ਛੇਤੀ ਹੀ ਖੋਲ੍ਹੇ ਜਾ ਰਹੇ ਹਨ। ਪਿਛਲੇ ਦਿਨੀਂ ਮੁੱਖ ਮੰਤਰੀ ਨੇ ਮਾਡਰਨ ਆਟੋਮੋਟਿਵਸ ਨੂੰ ਸੂਬੇ ’ਚ ਆਪਣੇ ਪਲਾਂਟ ਦਾ ਵਿਸਤਾਰ ਕਰਨ ਦੀ ਮਨਜ਼ੂਰੀ ਪ੍ਰਦਾਨ ਕੀਤੀ।
ਕੰਪਨੀ ਦੇ ਇੱਕ ਵਫ਼ਦ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਦਸਿਆ ਕਿ ਮਾਡਰਨ ਆਟੋਮੋਟਿਵਸ ਭਾਰਤ ਦੀ ਪਹਿਲੀ ਕੰਪਨੀ ਬਣ ਗਈ ਹੈ ਜਿਸ ਨੇ BMW ਕਾਰ ਦੇ ਕਲਪੁਰਜ਼ੇ ਬਣਾਉਣ ਲਈ ਮਨਜ਼ੂਰ ਪ੍ਰਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਆਰਡਰ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਉਨ੍ਹਾਂ ਨੂੰ BMW ਤੋਂ 150 ਕਰੋੜ ਰੁਪਏ ਮੁੱਲ ਦੀਆਂ ਡਿਫ਼ਰੈਂਸ਼ੀਅਲ ਪਿਨੀਅਨ ਸ਼ਾਫ਼ਟ ਦੀਆਂ 25 ਲੱਖ ਇਕਾਈਆਂ ਦਾ ਆਰਡਰ ਮਿਲਿਆ ਹੈ। ਮੁੱਖ ਮੰਤਰੀ ਕੰਪਨੀ ਦੇ ਪਲਾਂਟ ਦਾ ਉਦਘਾਟਨ ਅਗਲੇ ਮਹੀਨੇ ਮੰਡੀ ਗੋਬਿੰਦਗੜ੍ਹ ’ਚ ਕਰਨਗੇ। ਉਨ੍ਹਾਂ ਕਿਹਾ ਕਿ ਇਹ ਸੂਬੇ ਲਈ ਮਾਣ ਅਤੇ ਸੰਤੁਸ਼ਟੀ ਦੀ ਗੱਲ ਹੈ ਕਿ ਇੱਥੇ BMW ਦੇ ਕਲਪੁਰਜ਼ਿਆਂ ਦਾ ਨਿਰਮਾਣ ਹੋਵੇਗਾ।
ਵਫ਼ਦ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਾਅਵਾ ਕੀਤਾ ਕਿ ਕੰਪਨੀ ਦਾ ਪਲਾਂਟ ਲੱਗਣ ਨਾਲ ਸੂਬੇ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਰਾਹ ਖੁੱਲ੍ਹਣਗੇ। ਮੁੱਖ ਮੰਤਰੀ ਨੇ ਕਿਹਾ ਕਿ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਉਨ੍ਹਾਂ ਕਿਹਾ ਪੰਜਾਬ ਸਰਕਾਰ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਵਚਨਬੱਧ ਹੈ।
ਇਸ ਤੋਂ ਪਹਿਲਾਂ ਪ੍ਰਮੁੱਖ ਟਰੈਕਟਰ ਨਿਰਮਾਤਾ ਸੋਨਾਲੀਕਾ ਟਰੈਕਟਰਜ਼ ਨੇ ਵੀ ਪੰਜਾਬ ਦੇ ਹੁਸ਼ਿਆਰਪੁਰ ਵਿੱਚ ਦੋ ਨਵੀਆਂ ਸਹੂਲਤਾਂ ਇੱਕ ਟਰੈਕਟਰ ਅਸੈਂਬਲੀ ਪਲਾਂਟ ਅਤੇ ਇੱਕ ਹਾਈ-ਪ੍ਰੈਸ਼ਰ ਫਾਊਂਡਰੀ ਪਲਾਂਟ ਸਥਾਪਤ ਕਰਨ ਲਈ 1,300 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ ਹੈ। ਇਹੀ ਨਹੀਂ ਟਾਟਾ ਸਟੀਲ ਵੱਲੋਂ ਲੁਧਿਆਣਾ ਵਿੱਚ 2600 ਕਰੋੜ ਰੁਪਏ ਦਾ ਨਿਵੇਸ਼ ਦਾ ਐਲਾਨ ਕੀਤਾ ਸੀ। ਇਸ ਸਟੀਲ ਪਲਾਂਟ ਲਈ ਸਾਰੀਆਂ ਪਰਮਿਸ਼ਨਾਂ ਜਾਰੀ ਹੋ ਚੁੱਕੀਆਂ ਹਨ ਅਤੇ ਹੁਣ ਸਿਰਫ਼ ਪਲਾਂਟ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਇਹ ਸਾਲ 2025 ਤੱਕ ਪੂਰਾ ਹੋਣਾ ਤੈਅ ਹੈ।
ਜ਼ਿਕਰਯੋਗ ਹੈ ਕਿ ਕੁੱਝ ਮਹੀਨੇ ਪਹਿਲਾਂ ਹੱਡੀਆਂ ਦੇ ਰੋਗੀਆਂ ਲਈ ਸਾਮਾਨ ਬਣਾਉਣ ਵਾਲੀ ਮੈਡੀਕਲ ਕੰਪਨੀ ਟਾਇਨੋਰ ਆਰਥੋਟਿਕਸ ਨੇ ਵੀ ਮੋਹਾਲੀ ਵਿੱਚ ਇੱਕ ਨਵੀਂ ਨਿਰਮਾਣ ਸਹੂਲਤ ਖੋਲ੍ਹੀ ਸੀ। ਨਵੀਂ ਸਹੂਲਤ 800 ਕਰੋੜ ਰੁਪਏ ਦੇ ਨਿਵੇਸ਼ ਫੰਡ ਨਾਲ ਆਈ ਹੈ। ਟਾਇਨੋਰ ਦੇ ਅਨੁਸਾਰ, ਇਹ ਉਸ ਦੀ ਹੁਣ ਤਕ ਦੀ ਸਭ ਤੋਂ ਵੱਡੀ ਸਹੂਲਤ ਹੈ ਅਤੇ ਇਸ ਵਿੱਚ ਵੱਖੋ-ਵੱਖ ਸਿਹਤ ਸੰਭਾਲ ਹੱਲਾਂ ਦੇ ਉਤਪਾਦਨ ਲਈ ਤਕਨਾਲੋਜੀ ਹੈ। ਇਸ ਸਹੂਲਤ ਜ਼ਰੀਏ, ਕੰਪਨੀ ਦਾ ਟੀਚਾ 3,000 ਨੌਕਰੀਆਂ ਪੈਦਾ ਕਰਨਾ ਹੈ, ਖਾਸ ਕਰਕੇ ਗਰੀਬ ਔਰਤਾਂ ਲਈ।