
ਪਿਛਲੇ ਲਗਭਗ 9 ਮਹੀਨੇ ਤੋਂ 'ਆਪ' ਦੇ ਰੋਪੜ ਵਾਲੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਅਤੇ ਆਈ.ਏ.ਐਸ. ਅਧਿਕਾਰੀ ਬੀਬੀ ਗੁਰਨੀਤ ਤੇਜ ਵਿਚਾਲੇ ਚਲ ਰਹੇ ਮਾਨਹਾਨੀ.........
ਚੰਡੀਗੜ੍ਹ : ਪਿਛਲੇ ਲਗਭਗ 9 ਮਹੀਨੇ ਤੋਂ 'ਆਪ' ਦੇ ਰੋਪੜ ਵਾਲੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਅਤੇ ਆਈ.ਏ.ਐਸ. ਅਧਿਕਾਰੀ ਬੀਬੀ ਗੁਰਨੀਤ ਤੇਜ ਵਿਚਾਲੇ ਚਲ ਰਹੇ ਮਾਨਹਾਨੀ ਦੇ ਮਾਮਲੇ ਨੂੰ ਵਿਧਾਨ ਸਭਾ ਦੀ ਵਿਸ਼ੇਸ਼ਾਧਿਕਾਰ ਕਮੇਟੀ ਨੇ ਡਰੌਪ ਕਰ ਦਿਤਾ ਹੈ ਯਾਨੀ ਮਾਮਲਾ ਰਫ਼ਾ ਦਫ਼ਾ ਕਰ ਦਿਤਾ ਹੈ। ਇਸੇ ਸਾਲ ਫ਼ਰਵਰੀ-ਮਾਰਚ ਵਿਚ ਅਮਰਜੀਤ ਸੰਦੋਆ ਨੇ ਲੋਕਾਂ ਵਲੋਂ ਚੁਣੇ ਗਏ ਨੁਮਾਇੰਦੇ ਦੇ ਅਧਿਕਾਰਾਂ ਅਤੇ ਬਣਦੇ ਮਾਣ ਸਤਿਕਾਰ ਦਾ ਕੇਸ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਸਿੰਘ ਕੋਲ ਉਠਾਇਆ ਸੀ ਅਤੇ ਬਾਅਦ ਵਿਚ ਇਸ ਨੂੰ ਪਰਿਵੇਲਜ ਕਮੇਟੀ ਕੋਲ ਸੌਂਪ ਦਿਤਾ ਸੀ।
ਇਸ ਮਾਮਲੇ 'ਤੇ ਲਗਭਗ 2 ਦਰਜਨ ਬੈਠਕਾਂ ਹੋ ਚੁਕੀਆਂ ਅਤੇ ਪਹਿਲਾਂ ਵਿਧਾਇਕ ਸੰਦੋਆ ਨੂੰ ਕਮੇਟੀ ਨੇ ਬੁਲਾ ਕੇ ਪੂਰਾ ਵੇਰਵਾ ਲਿਆ, ਉਨ੍ਹਾਂ ਦਾ ਪੱਖ ਸੁਣਿਆ ਅਤੇ ਮਗਰੋਂ ਉਸ ਵੇਲੇ ਦੀ ਡਿਪਟੀ ਕਮਿਸ਼ਨਰ ਬੀਬੀ ਗੁਰਨੀਤ ਤੇਜ ਕੌਰ ਕੋਲੋਂ ਇਸ ਤੌਹੀਨ ਵਾਲੀ ਘਟਨਾ ਦੀ ਵਿਥਿਆ ਸੁਣੀ ਗਈ। ਜ਼ਿਕਰਯੋਗ ਹੈ ਕਿ ਸੰਦੋਆ ਨੇ ਲਿਖਤੀ ਸ਼ਿਕਾਇਤ ਕੀਤੀ ਸੀ ਕਿ ਬੀਬੀ ਤੇਜ ਅਪਣੇ ਦਫ਼ਤਰ ਵਿਚ ਚੁਣੇ ਹੋਏ ਨੁਮਾਇੰਦੇ ਨੂੰ ਬਣਦਾ ਮਾਣ ਸਤਿਕਾਰ ਨਹੀਂ ਦਿੰਦੇ, ਦਫ਼ਤਰ ਦੇ ਬਾਹਰ ਘੰਟਾ-ਘੰਟਾ ਬਿਠਾਈ ਰਖਦੇ ਹਨ,
ਦਿਤੀਆਂ ਲਿਖਤੀ ਸ਼ਿਕਾਇਤਾਂ ਜਾਂ ਪ੍ਰਸਤਾਵਾਂ ਦਾ ਕੋਈ ਨਿਪਟਾਰਾ ਨਹੀਂ ਕਰਦੇ ਅਤੇ ਵਿਧਾਇਕ ਦੇ ਨਾਲ ਆਏ ਆਮ ਲੋਕਾਂ ਤੇ ਪੀੜਤ ਪਰਵਾਰਾਂ ਨਾਲ ਹਮਦਰਦੀ ਨਾਲ ਪੇਸ਼ ਨਹੀਂ ਆਉਂਦੇ ਅਤੇ ਅਫ਼ਸਰਾਂ ਵਾਲਾ ਵਤੀਰਾ ਦਿਖਾਉਂਦੇ ਹਨ। ਅਮਰਜੀਤ ਸੰਦੋਆ ਦੀ ਸ਼ਿਕਾਇਤ 'ਤੇ ਪਰਿਵੇਲੇਜ ਕਮੇਟੀ ਦੇ ਪ੍ਰਧਾਨ ਕੁਸ਼ਲਦੀਪ ਢਿੱਲੋਂ ਅਤੇ ਉਸ ਦੇ ਸਾਥੀ ਮੈਂਬਰਾਂ ਨੇ ਆਈ.ਏ.ਐਸ. ਅਫ਼ਸਰ ਨੂੰ ਬੁਲਾ ਕੇ ਸੁਣਿਆ ਅਤੇ ਕਿਹਾ ਜਾਂਦਾ ਹੈ ਕਿ ਉਸ ਨੇ ਹਲੀਮੀ ਨਾਲ ਸਾਰਾ ਕੁੱਝ ਸਪਸ਼ਟ ਕਰ ਦਿਤਾ ਕਿ ਡਿਪਟੀ ਕਮਿਸ਼ਨਰ 'ਤੇ ਕਈ ਨਿਯਮਾਂ ਅਤੇ ਦਬਾਅ ਕਾਰਨ ਔਖਾ ਅਤੇ ਮੁਸ਼ਕਲ ਸਮਾਂ ਕੱਟਣਾ ਪੈਂਦਾ ਹੈ।
Amarjeet Singh Sandoa
ਇਥੇ ਇਹ ਵੀ ਦਸਣਾ ਬਣਦਾ ਹੈ ਬੀਬੀ ਤੇਜ ਨੂੰ 3 ਮਹੀਨੇ ਪਹਿਲਾਂ ਸਰਕਾਰ ਨੇ ਰੋਪੜ ਡੀ.ਸੀ. ਤੋਂ ਬਦਲੀ ਕਰ ਕੇ ਪੁੱਡਾ-ਮੋਹਾਲੀ ਲਗਾ ਦਿਤਾ ਸੀ। ਇਸ ਕੇਸ ਦੇ ਡਰੌਪ ਕਰਨ ਬਾਰੇ ਵਿਸ਼ੇਸ਼ ਅਧਿਕਾਰ ਕਮੇਟੀ ਦੇ ਚੇਅਰਮੈਨ ਕੁਸ਼ਲਦੀਪ ਸਿੰਘ ਢਿੱਲੋਂ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਇਸ ਆਈ.ਏ.ਐਸ. ਅਧਿਕਾਰੀ ਨੇ ਕਮੇਟੀ ਮੈਂਬਰਾਂ ਸਾਹਮਣੇ ਜ਼ੁਬਾਨੀ ਮਾਫ਼ੀ ਮੰਗ ਲਈ ਸੀ ਜਿਸ ਕਾਰਨ ਕੋਈ ਸਜ਼ਾ ਨਹੀਂ ਦਿਤੀ ਗਈ। ਰੋਜ਼ਾਨਾ ਸਪੋਕਸਮੈਨ ਵਲੋਂ ਸੰਪਰਕ ਕਰਨ 'ਤੇ ਰੋਪੜ ਦੇ ਵਿਧਾਇਕ ਅਮਰਜੀਤ ਸੰਦੋਆ ਨੇ ਬੜਾ ਦੁੱਖ ਤੇ ਰੋਸ ਪ੍ਰਗਟ ਕੀਤਾ
ਕਿ ਉਸ ਦੇ ਹਲਕੇ ਦੇ ਲੋਕਾਂ ਦੇ ਸਾਹਮਣੇ ਇਕ ਵਾਰ ਨਹੀਂ ਦੋ ਤਿੰਨ ਦਫ਼ਾ ਇਸ ਡੀ.ਸੀ. ਨੇ ਉਨ੍ਹਾਂ ਨੂੰ ਨਜ਼ਰ ਅੰਦਾਜ਼ ਕੀਤਾ, ਮਿਲਣ ਤੋਂ ਇਨਕਾਰ ਕੀਤਾ ਅਤੇ ਹੁਣ ਸੱਤਾਧਾਰੀ ਕਾਂਗਰਸ ਦੇ ਕੰਟਰੋਲ ਵਾਲੀ ਇਸ ਕਮੇਟੀ ਨੇ ਮਾਮਲਾ ਹੀ ਬੰਦ ਕਰ ਦਿਤਾ ਹੈ। ਸੰਦੋਆ ਨੇ ਕਿਹਾ ਕਿ ਉਹ ਦੁਬਾਰਾ ਸਪੀਕਰ ਰਾਣਾ ਕੇ.ਪੀ. ਨੂੰ ਮਿਲਣਗੇ ਅਤੇ ਕੇਸ ਨੂੰ ਮੁੱਢ ਤੋਂ ਖੋਲ੍ਹਣ ਦੀ ਕੋਸ਼ਿਸ਼ ਕਰਨਗੇ।
ਇਸ 11 ਮੈਂਬਰੀ ਵਿਸ਼ੇਸ਼ ਅਧਿਕਾਰ ਕਮੇਟੀ ਵਿਚ ਚੇਅਰਮੈਨ ਕੁਸ਼ਲਦੀਪ ਢਿੱਲੋਂ ਤੋਂ ਇਲਾਵਾ ਵਿਧਾਇਕ ਪਰਗਟ ਸਿੰਘ, ਫ਼ਤਹਿਜੰਗ ਬਾਜਵਾ, ਕੁਲਦੀਪ ਵੈਦ, ਤਰਸੇਮ ਡੀ.ਸੀ. ਡਾ. ਅਗਨੀਹੋਤਰੀ (ਕਾਂਗਰਸ) ਅਤੇ 2 ਵਿਧਾਇਕ ਜਗਦੇਵ ਕਮਾਲੂ ਤੇ ਬੀਬੀ ਰੁਪਿੰਦਰ ਰੂਬੀ 'ਆਪ' ਦੇ ਅਤੇ ਦੋ ਸ਼੍ਰੋਮਣੀ ਅਕਾਲੀ ਦਲ ਦੇ ਪਵਨ ਟੀਨੂੰ ਤੇ ਡਾ. ਸੁੱਖੀ ਹਨ ਜਦੋਂ ਕਿ ਸੋਮ ਪ੍ਰਕਾਸ਼ ਬੀਜੇਪੀ ਦੇ ਹਨ।