
ਕਰਤਾਰਪੁਰ ਲਾਂਘਾ ਖੋਲ੍ਹਣ ਲਈ ਸੁਖਜਿੰਦਰ ਸਿੰਘ ਰੰਧਾਵਾ ਦਾ ਵੱਡਾ ਯੋਗਦਾਨ: ਤਰਲੋਚਨ ਸਿੰਘ
ਅੰਮ੍ਰਿਤਸਰ (ਚਰਨਜੀਤ ਸਿੰਘ, ਬਹੋੜੂ): ਚੀਫ਼ ਖ਼ਾਲਸਾ ਦੀਵਾਨ ਵਲੋਂ ਸਹਿਤਕਾਰ, ਆਧੁਨਿਕ ਕਵਿਤਾ ਦੇ ਪਿਤਾਮਾ ਕਵੀ ਅਤੇ ਚਿੰਤਕ ਭਾਈ ਵੀਰ ਸਿੰਘ ਦੇ ਜਨਮ ਦਿਨ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਬਤੌਰ ਮੁੱਖ ਸ਼ਾਮਲ ਹੋਏ ਸਹਿਕਾਰਤਾ ਅਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਵਲੋਂ ਭਾਈ ਵੀਰ ਸਿੰਘ ਦਾ ਨਾਮ ਭਾਰਤ ਰਤਨ ਲਈ ਭੇਜਣ ਵਾਸਤੇ ਕੀਤੀ ਮੰਗ ਉਤੇ ਬੋਲਦਿਆਂ ਭਰੋਸਾ ਦਿਤਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਉਨ੍ਹਾਂ ਦਾ ਨਾਮ ਉਕਤ ਵੱਕਾਰੀ ਐਵਾਰਡ ਲਈ ਭੇਜੇਗੀ।
Captain Amarinder Singh
ਉਨ੍ਹਾਂ ਕਿਹਾ ਕਿ ਮੈਂ ਖ਼ੁਦ ਇਹ ਮਾਮਲਾ ਮੁੱਖ ਮੰਤਰੀ ਕੈਪਟਨ ਅਮਿਰੰਦਰ ਸਿੰਘ ਨਾਲ ਵਿਚਾਰਾਂਗਾ। ਉਨਾਂ ਕਿਹਾ ਕਿ ਅਫਸੋਸ ਵਾਲੀ ਗੱਲ ਹੈ ਕਿ ਭਾਈ ਵੀਰ ਸਿੰਘ ਨੂੰ ਉਹ ਮਾਣ-ਸਤਿਕਾਰ ਕੌਮ ਅਤੇ ਸਰਕਾਰਾਂ ਵਲੋਂ ਨਹੀਂ ਦਿਤਾ ਗਿਆ ਜਿਸ ਦੇ ਉਹ ਹੱਕਦਾਰ ਸਨ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਪੰਜਾਬੀਅਤ ਦੇ ਝੰਡਾ ਬਰਦਾਰ ਰਹੇ ਭਾਈ ਵੀਰ ਸਿੰਘ ਦਾ ਅਸਲ ਸਨਮਾਨ ਇਹੀ ਹੈ
Bhai Veer Singh ji
ਕਿ ਆਪਾਂ ਸਾਰੇ ਉਨ੍ਹਾਂ ਦੁਆਰਾ ਰਚੇ ਸਾਹਿਤ ਨੂੰ ਪੜ੍ਹੀਏ ਅਤੇ ਜਿਨ੍ਹਾਂ ਹਲਾਤਾਂ ਵਿਚ ਉਨ੍ਹਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਉਚਾ ਚੁੱਕਣ ਲਈ ਯਤਨ ਕੀਤਾ, ਉਸ ਲੋੜ ਨੂੰ ਅੱਜ ਸਮਝਦੇ ਹੋਈਏ ਦੇਸ਼ ਤੇ ਕੌਮ ਲਈ ਅਪਣਾ ਯੋਗਦਾਨ ਪਾਈਏ। ਉਨਾਂ ਸਮਾਗਮ ਵਿਚ ਬੈਠੇ ਸਕੂਲ ਮੁਖੀਆਂ, ਵਿਦਵਾਨਾਂ ਤੇ ਅਧਿਆਪਕਾਂ ਨੂੰ ਮੁਖਾਤਬ ਹੁੰਦੇ ਕਿਹਾ ਕਿ ਪੰਜਾਬ ਦਾ ਭਵਿੱਖ ਬਨਾਉਣ ਲਈ ਤਹਾਨੂੰ ਸਾਰਿਆਂ ਨੂੰ ਅੱਗੇ ਆਉਣਾ ਪਵੇਗਾ ਅਤੇ ਤੁਸੀਂ ਹੀ ਮੁੜ ਭਾਈ ਵੀਰ ਸਿੰਘ ਜਿਹੇ ਵਿਦਵਾਨ ਤੇ ਭਗਤ ਸਿੰਘ ਵਰਗੇ ਸੂਰਮੇ ਪੈਦਾ ਕਰ ਸਕਦੇ ਹੋ।
Bharat Ratna
ਉਨਾਂ ਕਿਹਾ ਕਿ ਅਸੀਂ ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਹੈ, ਖ਼ੁਸ਼ੀ ਹੈ ਕਿ ਉਨ੍ਹਾਂ ਦਾ ਸੰਦੇਸ਼ ਘਰ-ਘਰ ਪੁੱਜਾ ਹੈ ਪਰ ਲੋੜ ਹੈ ਕਿ ਅਸੀਂ ਉਨ੍ਹਾਂ ਦੇ ਸੰਦੇਸ਼ ਕਿਰਤ ਕਰੋ ਅਤੇ ਵੰਡ ਛਕੋ ਦੇ ਸਿਧਾਂਤ ਨੂੰ ਨਿਜੀ ਜ਼ਿੰਦਗੀ ਵਿਚ ਲਾਗੂ ਕਰੀਏ। ਉਨ੍ਹਾਂ ਚੀਫ਼ ਖ਼ਾਲਸਾ ਦੀਵਾਨ ਵਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਅਪਣੇ ਅਖਿਤਆਰੀ ਕੋਟੇ ਵਿਚੋਂ ਦੀਵਾਨ ਨੂੰ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
Sukhjinder Singh Randhawa
ਇਸ ਮੌਕੇ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਨੇ ਭਾਈ ਵੀਰ ਸਿੰਘ ਨੂੰ ਯਾਦ ਕਰਦੇ ਕਿਹਾ ਕਿ ਸਿੱਖ ਕੌਮ ਦੇ ਜਿਹੋ-ਜਿਹੇ ਹਾਲਾਤ ਉਸ ਵਕਤ ਸਨ, ਵੈਸੇ ਹੀ ਹੁਣ ਹਨ ਅਤੇ ਲੋੜ ਹੈ ਕਿ ਸਿੰਘ ਸਭਾ ਲਹਿਰ ਨੂੰ ਦੁਬਾਰਾ ਸਰਗਰਮ ਕੀਤਾ ਜਾਵੇ। ਉਨ੍ਹਾਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲ੍ਹਵਾਉਣ ਲਈ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਸੱਚ ਉਤੇ ਪਹਿਰਾ ਦੇਣ ਲਈ ਸ. ਰੰਧਾਵਾ ਦਾ ਧਨਵਾਦ ਵੀ ਕੀਤਾ।
Kartarpur Sahib
ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਐਸ ਪੀ ਸਿੰਘ ਨੇ ਵੀ ਭਾਈ ਵੀਰ ਸਿੰਘ ਦੀ ਸਾਹਿਤਕ ਦੇਣ ਨੂੰ ਚੇਤੇ ਕੀਤਾ। ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਨੇ ਸਾਰਿਆਂ ਦਾ ਧਨਵਾਦ ਕਰਦਿਆਂ ਡੇਰਾ ਬਾਬਾ ਨਾਨਕ ਵਿਚ ਚੀਫ਼ ਖ਼ਾਲਸਾ ਦੀਵਾਨ ਵਲੋਂ ਅਤਿ ਆਧੁਨਿਕ ਸਕੂਲ ਖੋਲ੍ਹਣ ਦਾ ਐਲਾਨ ਵੀ ਜੈਕਾਰਿਆਂ ਦੀ ਗੂੰਜ ਵਿਚ ਕੀਤਾ। ਇਸ ਮੌਕੇ ਸਾਬਕਾ ਮਤੰਰੀ ਸ਼ਵਿੰਦਰ ਸਿੰਘ ਕੱਥੂਨੰਗਲ, ਦਿਹਾਤੀ ਕਾਂਗਰਸ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ, ਵੇਰਕਾ ਦੇ ਜੀ ਐਮ ਹਰਜਿੰਦਰ ਸਿੰਘ ਮਰਹਾਣਾ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।