
ਨਵੀਂ ਦਿੱਲੀ, 30 ਅਗੱਸਤ (ਅਮਨਦੀਪ ਸਿੰਘ):
'ਗੁਰੂ ਗ੍ਰੰਥ ਸਾਹਿਬ ਵਿਚ ਇਤਿਹਾਸਕ ਸ੍ਰੋਤ' ਵਿਸ਼ੇ 'ਤੇ ਅਪਣੇ ਵਿਚਾਰ ਸਾਂਝੇ ਕਰਦਿਆਂ
ਭਾਈ ਵੀਰ ਸਿੰਘ ਸਾਹਿਤ ਸਦਨ ਦੇ ਡਾਇਰੈਕਟਰ ਡਾ.ਮਹਿੰਦਰ ਸਿੰਘ ਨੇ ਕਿਹਾ ਹੈ ਕਿ ਗੁਰੂ
ਗ੍ਰੰਥ ਸਾਹਿਬ ਜਾਂ ਗੁਰੂ ਨਾਨਕ ਪਾਤਸ਼ਾਹ ਨੂੰ ਸਿਰਫ਼ ਸਿੱਖਾਂ ਦਾ ਗੁਰੂ ਨਹੀਂ ਮੰਨਣਾ
ਚਾਹੀਦਾ, ਸਗੋਂ ਇਹ ਸਮੁੱਚੀ ਲੋਕਾਈ ਨੂੰ ਸੇਧ ਬਖਸ਼ਣ ਵਾਲੇ ਹਨ। ਉਨ੍ਹਾਂ ਗੁਰੂ ਗ੍ਰੰਥ
ਸਾਹਿਬ ਦੇ ਉਪਦੇਸ਼ਾਂ ਨੂੰ ਸਮੁੱਚੀ ਲੋਕਾਈ 'ਚ ਪ੍ਰਚਾਰਨ ਦੀ ਲੋੜ 'ਤੇ ਜ਼ੋਰ ਦਿਤਾ।
ਇਥੋਂ
ਦੇ ਭਾਈ ਵੀਰ ਸਿੰਘ ਸਾਹਿਤ ਸਦਨ ਵਿਖੇ ਗੁਰੂ ਗ੍ਰੰਥ ਸਾਹਿਬ ਰਿਸੋਰਸ ਸੈਂਟਰ ਦੀ ਹੋਈ
ਬੈਠਕ 'ਚ ਡਾ.ਹਰਬੰਸ ਕੌਰ ਸੱਗੂ ਨੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ 'ਬਾਬਰ ਬਾਣੀ' ਦੇ
ਹਵਾਲੇ ਨਾਲ ਦਸਿਆ ਕਿ 'ਬਾਬਰ ਬਾਣੀ' ਵਿਚ ਗੁਰੂ ਨਾਨਕ ਪਾਤਸ਼ਾਹ ਨੇ ਹਿੰਦੋਸਤਾਨ 'ਤੇ ਬਾਬਰ
ਦੇ ਹਮਲੇ ਦੇ ਹਾਲਾਤਾਂ ਨੂੰ ਕਲਮਬੰਦ ਕੀਤਾ ਹੈ। ਇਸੇ ਤਰ੍ਹਾਂ 'ਸਤੇ ਬਲਵੰਡ ਦੀ ਵਾਰ ਅਤੇ
ਗੁਰੂ ਅਰਜਨ ਸਾਹਿਬ ਦੇ ਸ਼ਬਦ 'ਮੇਰਾ ਮਨ ਮੋਚੈ ਗੁਰ ਦਰਸ਼ਨ ਤਾਈ' ਰਾਹੀਂ ਵੀ ਸਾਨੂੰ ਗੁਰੂ
ਕਾਲ ਦੇ ਹਾਲਾਤ ਬਾਰੇ ਜਾਣਕਾਰੀ ਮਿਲਦੀ ਹੈ। ਸ਼ੁਰੂਆਤ 'ਚ ਡਾ.ਵਨੀਤਾ ਨੇ ਵਿਦਵਾਨਾਂ ਦੀ
ਜਾਣ ਪਛਾਣ ਕਰਵਾਈ ਤੇ ਮੂਲ ਮੰਤਰ ਦਾ ਸੰਗਤੀ ਜਾਪ ਕੀਤਾ। ਬੈਠਕ ਦੀ ਪ੍ਰਧਾਨਗੀ ਕਰਦਿਆਂ
ਪ੍ਰੋ. ਸਤਯਪਾਲ ਗੌਤਮ ਨੇ ਕਿਹਾ ਕਿ ਗੁਰਬਾਣੀ ਵਿਚ ਦਰਸਾਏ ਗਏ ਇਤਿਹਾਸ ਤੋਂ ਸੇਧ ਲੈ ਕੇ
ਸਾਨੂੰ ਅੱਜ ਮੁਫਾਦਾਂ, ਲਾਲਚ ਤੇ ਸੁਆਦਾਂ ਵਿਚ ਨਾ ਪੈ ਕੇ, ਉੱਤਮ ਗੁਣਾਂ ਦਾ ਧਾਰਨੀ ਹੋਣ
ਦੀ ਲੋੜ ਹੈ। ਇਸ ਮੌਕੇ ਸਦਨ ਦੇ ਜਨਰਲ ਸਕੱਤਰ ਡਾ.ਰਘਬੀਰ ਸਿੰਘ, ਲੈਫ. ਜਨਰਲ ਗੁਰਮੀਤ
ਸਿੰਘ, ਬ੍ਰਿਗੇਡੀਅਰ ਨਰਿੰਦਰ ਕੁਮਾਰ, ਡਾ.ਗੁਰਦੀਪ ਕੌਰ ਦੱਤਾ, ਡਾ.ਯਾਦਵਿੰਦਰ ਸਿੰਘ ਸਣੇ
ਡਾ.ਗੁਰਦੀਪ ਕੌਰ ਸਣੇ ਪੰਜਾਬੀ ਖੋਜਾਰਥੀ ਸ਼ਾਮਲ ਹੋਏ ਤੇ ਸਵਾਲ ਜਵਾਬ ਵੀ ਹੋਏ।