
ਬਿਜਲੀ ਮੁਲਾਜ਼ਮ ਸਾਂਝਾ ਮੋਰਚਾ ਨੇ ਪ੍ਰਧਾਨ ਮੰਤਰੀ ਦੀ ਸਾੜੀ ਅਰਥੀ
ਮਾਲੇਰਕੋਟਲਾ, 5 ਦਸੰਬਰ (ਇਸਮਾਈਲ ਏਸੀਆ) : ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਦੇ ਸੱਦੇ 'ਤੇ ਅੱਜ ਮਿਤੀ 05 ਦਸੰਬਰ 2020 ਨੂੰ ਮੰਡਲ ਮਾਲੇਰਕੋਟਲਾ ਦੇ ਗੇਟ ਅੱਗੇ ਜੁਆਇੰਟ ਫੋਰਮ ਦੇ ਮੈਂਬਰਾਂ ਨੇ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਦੀ ਅਰਥੀ ਫ਼ੂਕ ਕੇ ਰੋਸ ਰੈਲੀ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਪੀ.ਐਸ.ਈ.ਬੀ. ਇੰਪਲਾਈਜ਼ ਫ਼ੈਡਰੇਸ਼ਨ ਦੇ ਡਿਪਟੀ ਜਨਰਲ ਸਕੱਤਰ ਸਾਥੀ ਗੋਬਿੰਦ ਕਾਂਤ ਝਾਅ, ਮੰਡਲ ਪ੍ਰਧਾਨ ਗੁਲਜ਼ਾਰ ਸਿੰਘ ਅਤੇ ਸਕੱਤਰ ਕੁਲਵਿੰਦਰ ਸਿੰਘ, ਇੰਪਲਾਈਜ਼ ਫ਼ੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਦੇ ਸਰਕਲ ਪ੍ਰਧਾਨ ਹਰਜੀਤ ਸਿੰਘ, ਬਲਜੀਤ ਸਿੰਘ, ਟੀ.ਐਸ.ਯੂ. ਦੇ ਸਰਕਲ ਪ੍ਰਧਾਨ ਰਤਨ ਸਿੰਘ, ਸੋਢੀ ਸਿੰਘ, ਕਰਤਾਰ ਚੰਦ ਅਤੇ ਨਰਿੰਦਰ ਕੁਮਾਰ ਨੇ ਕਿਸਾਨ ਜੱਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੀ ਬਿਨਾਂ ਸ਼ਰਤ ਹਿਮਾਇਤ ਕੀਤੀ ਅਤੇ ਅੱਗੇ ਨੂੰ ਮਦਦ ਕਰਨ ਦਾ ਭਰੋਸਾ ਦਿਵਾਇਆ। ਬੁਲਾਰਿਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨ/ਖੇਤੀ ਵਿਰੋਧੀ ਤਿੰਨੇ ਕਾਨੂੰਨ, ਬਿਜਲੀ ਸੋਧ ਬਿਲ 2020 ਅਤੇ ਕਿਰਤ ਕਾਨੂੰਨਾਂ ਵਿੱਚ ਕਾਰਪੋਰੇਟ ਘਰਾਨੇ ਪੱਖੀ ਕੀਤੀ ਜਾ ਰਹੀ ਸੋਧ ਬਿਨਾਂ ਸ਼ਰਤ ਵਾਪਸ ਲਈ ਜਾਵੇ। ਕਿਸਾਨਾਂ ਵੱਲੋਂ ਪੁਰ-ਅਮਨ ਅਤੇ ਪੂਰਨ ਅਨੁਸ਼ਾਸਿਤ ਤਰੀਕੇ ਨਾਲ ਕੀਤੇ ਜਾ ਰਹੇ ਸੰਘਰਸ਼ ਦੀ ਸ਼ਲਾਘਾ ਕਰਦਿਆਂ ਕਿਸਾਨਾਂ ਨੂੰ ਵਧਾਈ ਦਿੱਤੀ ਗਈ।