
ਭਾਰਤੀ ਅੰਬੈਸੀ ਵਾਸ਼ਿੰਗਟਨ ਡੀ. ਸੀ. ਵਿਖੇ ਭਾਰਤੀਆਂ ਵਲੋਂ ਕਿਸਾਨਾਂ ਦੀ ਹਮਾਇਤ ਵਿਚ ਵੱਡਾ ਮੁਜ਼ਾਹਰਾ
ਵਾਸ਼ਿੰਗਟਨ ਡੀ. ਸੀ., 5 ਦਸੰਬਰ (ਗਿੱਲ): ਕਿਸਾਨਾਂ ਦੀ ਹਮਾਇਤ ਵਿਚ ਵਾਸ਼ਿੰਗਟਨ ਡੀ. ਸੀ. ਅੰਬੈਸੀ ਸਾਹਮਣੇ ਭਰਵਾਂ ਮੁਜ਼ਾਹਰਾ ਕੀਤਾ ਗਿਆ। ਕਿਸਾਨ ਹਮਾਇਤੀਆਂ ਵਲੋਂ ਬੈਨਰਾਂ, ਨਾਅਰਿਆਂ ਦੀ ਗੂੰਜ ਨਾਲ ਕਿਸਾਨਾਂ ਦੀ ਹਮਾਇਤ ਕੀਤੀ ਗਈ। ਸਟੇਜ ਤੋਂ ਸਿਰਫ਼ ਕਿਸਾਨਾਂ ਦੀ ਗੱਲ ਕੀਤੀ ਗਈ। ਕੋਈ ਵੀ ਧਾਰਮਕ ਅਤੇ ਰਾਜਨੀਤਿਕ ਸਪੀਚ ਨਹੀਂ ਕੀਤੀ ਗਈ। ਨੈਸ਼ਨਲ ਮੀਡੀਏ ਦੀ ਨਿੰਦਿਆ ਕੀਤੀ ਗਈ ਕਿ ਉਹ ਕੰਗਣਾ ਦੀ ਕੰਧ ਢਾਹੁਣ ਤੇ ਸੁਸ਼ਾਂਤ ਦੀ ਮੌਤ ਨੂੰ ਤਾਂ ਸੁਰਖੀਆਂ ਬਣਾਉਂਦੇ ਹਨ ਪਰ ਕਿਸਾਨਾਂ ਬਾਰੇ ਚੁੱਪ ਹੈ। ਇਤਿਹਾਸ ਗਵਾਹ ਹੈ ਕਿ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ, ਖੱਡਾਂ ਪੁੱਟੀਆਂ
ਗਈਆਂ, ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ, ਵੱਡੇ ਵੱਡੇ ਪੱਥਰਾਂ ਨਾਲ ਰਾਹ ਰੋਕੇ ਗਏ ਪਰ ਜੁਝਾਰੂ ਕਿਸਾਨਾਂ ਨੇ ਦਿੱਲੀ ਪਹੁੰਚ ਕੇ ਅਪਣੀ ਬਹਾਦਰੀ ਦਾ ਝੰਡਾ ਬੁਲੰਦ ਕੀਤਾ।
ਮੁਜ਼ਾਹਰੇ ਦੀ ਅਗਵਾਈ ਮਨਸਿਮਰਨ ਸਿੰਘ ਕਾਹਲੋਂ, ਅਮਰਜੀਤ ਸਿੰਘ ਸੰਧੂ, ਹਰਮੀਤ ਸਿੰਘ ਨੇ ਕਿਹਾ ਕਿ ਪੰਜਾਬੀ ਕਿਸਾਨਾਂ ਦੀ ਹਮਾਇਤ ਵਿੱਚ ਅੱਜ ਖੜ੍ਹੇ ਹਾਂ। ਕਿਸਾਨਾਂ ਦੀ ਪੀੜ ਸਾਨੂੰ ਮਹਿਸੂਸ ਹੁੰਦੀ ਹੈ। ਇਸੇ ਕਰ ਕੇ ਅੱਜ ਅਸੀਂ ਇਕੱਠੇ ਹੋ ਕੇ ਸਰਕਾਰ ਨੂੰ ਦਿਖਾ ਦਿਤਾ ਹੈ ਕਿ ਅਸੀਂ ਸਾਰੇ ਇਕ ਹਾਂ। ਕੇਂਦਰ ਸਰਕਾਰ ਤੁਰਤ ਕਿਸਾਨਾਂ ਦੇ ਮਸਲੇ ਹੱਲ ਕਰੇ। ਇਸ ਕਿਸਾਨ ਹਮਾਇਤ ਸੰਘਰਸ਼ ਵਿੱਚ ਬੀਬੀਆਂ, ਬੱਚੇ, ਬੁੱਢੇ, ਰਾਜਨੀਤਿਕ ਅਤੇ ਧਾਰਮਕ ਆਗੂਆਂ ਨੇ ਵਧ ਚੜ੍ਹਕੇ ਹਿੱਸਾ ਲਿਆ, ਤਾਂ ਜੋ ਬੋਲੀ ਸਰਕਾਰ ਨੂੰ ਜਗਾਇਆ ਜਾ ਸਕੇ ਤੇ ਉਹ ਕਿਸਾਨਾਂ ਦੇ ਬਿੱਲਾਂ ਨੂੰ ਰੱਦ ਕਰੇ। ਮੁੱਖ ਬੁਲਾਰਿਆਂ ਵਿੱਚ ਅਮਰਜੀਤ ਸਿੰਘ ਸੰਧੂ, ਦਵਿੰਦਰ ਸਿੰਘ, ਮਨਸਿਮਰਨ ਕਾਹਲੋਂ, ਮਹਿਤਾਬ ਸਿੰਘ, ਨਰਿੰਦਰ ਸਿੰਘ, ਆਗਿਆਪਾਲ ਸਿੰਘ, ਮਨਮੀਤ ਸਿੰਘ ਆਦਿ ਹਾਜ਼ਰ ਸਨ।
ਫ਼ੋਟੋ : ਅਮਰੀਕਾ-1
image
ਕਿਸਾਨਾਂ ਨੇ ਹੱਕ ਵਿਚ ਭਾਰਤੀ ਅੰਬੈਸੀ ਦੇ ਬਾਹਰ ਰੋਸ ਪ੍ਰਦਰਸ਼ਨ ਕਰਦੇ ਹੋਏ ਲੋਕ।